ਕਾਂਗਰਸ ਨੇ ਬਾਪ ਨੂੰ ਦਿੱਤੀ ਟਿਕਟ, ਧੀ ਬਾਗ਼ੀ ਹੋ ਕੇ ਬਣੀ ਆਜ਼ਾਦ ਉਮੀਦਵਾਰ
ਰਤਨ ਸਿੰਘ ਢਿੱਲੋਂ
ਅੰਬਾਲਾ, 12 ਸਤੰਬਰ
ਕਾਂਗਰਸ ਹਾਈ ਕਮਾਨ ਵੱਲੋਂ ਲੰਘੀ ਰਾਤ ਐਲਾਨੇ ਉਮੀਦਵਾਰਾਂ ਦੀ ਸੂਚੀ ਵਿੱਚ ਅੰਬਾਲਾ ਸ਼ਹਿਰੀ ਹਲਕੇ ਤੋਂ ਸਾਬਕਾ ਮੰਤਰੀ ਚੌਧਰੀ ਨਿਰਮਲ ਸਿੰਘ ਦਾ ਨਾਂ ਸ਼ਾਮਲ ਕਰ ਲਿਆ ਗਿਆ ਪਰ ਅੰਬਾਲਾ ਕੈਂਟ ਹਲਕੇ ਤੋਂ ਉਨ੍ਹਾਂਂ ਦੀ ਧੀ ਚਿਤਰਾ ਸਰਵਾਰਾ ਦੀ ਥਾਂ ਟਿਕਟ ਸ਼ੈਲਜਾ ਗੁੱਟ ਦੇ ਪਰਮਿੰਦਰ ਪਰੀ ਨੂੰ ਦੇ ਦਿੱਤੀ ਗਈ। ਸੂਤਰਾਂ ਅਨੁਸਾਰ ਜਦੋਂ ਪਿਓ-ਧੀ ‘ਆਪ’ ਛੱਡ ਕੇ ਕਾਂਗਰਸ ਵਿੱਚ ਵਾਪਸ ਆਏ ਸਨ ਤਾਂ ਹਾਈ ਕਮਾਨ ਨੇ ਦੋਵਾਂ ਨੂੰ ਟਿਕਟ ਦੇਣ ਦਾ ਵਾਅਦਾ ਕੀਤਾ ਸੀ।
ਅੱਜ ਨਾਮਜ਼ਦਗੀਆਂ ਦੇ ਆਖ਼ਰੀ ਦਿਨ ਨਿਰਮਲ ਸਿੰਘ ਨੇ ਅੰਬਾਲਾ ਸ਼ਹਿਰ ਤੋਂ ਕਾਂਗਰਸ ਦੀ ਟਿਕਟ ’ਤੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕੀਤੇ ਜਦੋਂਕਿ ਉਨ੍ਹਾਂ ਦੀ ਧੀ ਚਿਤਰਾ ਸਰਵਾਰਾ ਨੇ ਅੰਬਾਲਾ ਕੈਂਟ ਤੋਂ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖ਼ਲ ਕੀਤੇ। ਨਿਰਮਲ ਸਿੰਘ ਨੇ ਕਿਹਾ ਕਿ ਅਸੀਂ ਵਿਕਾਸ ਅਤੇ ਲੋਕ ਹਿਤ ਦੇ ਮੁੱਦਿਆਂ ‘ਤੇ ਚੋਣ ਲੜਾਂਗੇ। ਚਿਤਰਾ ਸਰਵਾਰਾ ਬਾਰੇ ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਚਿੱਤਰਾ ਦਾ ਆਪਣਾ ਹੈ।
ਇਸੇ ਦੌਰਾਨ ਬਰਾੜਾ ਐੱਸਡੀਐੱਮ ਤੇ ਮੁਲਾਣਾ ਵਿਧਾਨ ਸਭਾ ਹਲਕੇ ਦੇ ਰਿਟਰਨਿੰਗ ਅਧਿਕਾਰੀ ਅਸ਼ਵਨੀ ਮਲਿਕ ਸਾਹਮਣੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਪੂਜਾ ਨੇ ਸੈਕਟਰ-7 ਅੰਬਾਲਾ ਸ਼ਹਿਰ ਤੋਂ, ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਤੇਜ ਸਿੰਘ, ਜਨਨਾਇਕ ਜਨਤਾ ਪਾਰਟੀ ਦੇ ਉਮੀਦਵਾਰ ਡਾ. ਰਵਿੰਦਰ ਕੁਮਾਰ, ਰਾਸ਼ਟਰਵਾਦੀ ਜਨ ਲੋਕ ਪਾਰਟੀ ਦੇ ਉਮੀਦਵਾਰ ਪ੍ਰੀਤਮ ਸਿੰਘ ਨੇ ਕਾਗ਼ਜ਼ ਦਾਖਲ ਕੀਤੇ। ਆਜ਼ਾਦ ਉਮੀਦਵਾਰਾਂ ਵਜੋਂ ਕਾਗਜ਼ ਦਾਖ਼ਲ ਕਰਨ ਵਾਲਿਆਂ ਵਿੱਚ ਅਜੈਬ ਸਿੰਘ, ਦਲੀਪ ਸਿੰਘ, ਵਰਸ਼ਾ ਅਤੇ ਹਵੇਲੀ ਰਾਮ ਸ਼ਾਮਲ ਹਨ।
ਵਿਜ ਵੱਲੋਂ ਕਾਂਗਰਸ ਦੀ ਸੂਚੀ ’ਤੇ ਤਿੱਖੀ ਟਿੱਪਣੀ
ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਅੰਬਾਲਾ ਛਾਉਣੀ ਤੋਂ ਭਾਜਪਾ ਦੇ ਉਮੀਦਵਾਰ ਅਨਿਲ ਵਿੱਜ ਨੇ ਲੰਬੀ ਉਡੀਕ ਤੋਂ ਬਾਅਦ ਦੇਰ ਰਾਤ ਕਾਂਗਰਸ ਦੀ ਸੂਚੀ ਜਾਰੀ ਹੋਣ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਦੁਨੀਆਂ ਦੇ ‘ਸਾਰੇ ਕਾਲੇ ਕੰਮ’ ਰਾਤ ਨੂੰ ਹੀ ਹੁੰਦੇ ਹਨ। ਸ੍ਰੀ ਵਿੱਜ ਨੇ ਕਿਹਾ ਕਿ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਉਨ੍ਹਾਂ ਦੇ ਸਾਹਮਣੇ ਭਾਵੇਂ ਭੁਪਿੰਦਰ ਸਿੰਘ ਹੁੱਡਾ ਆ ਜਾਵੇ ਜਾਂ ਰਾਹੁਲ ਗਾਂਧੀ ਖ਼ੁਦ ਆ ਜਾਣ। ਸ੍ਰੀ ਵਿੱਜ ਅੱਜ ਸਵੇਰੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਜਿੱਥੇ ਪਹਿਲਾਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਸੀ ਉੱਥੇ ਕਾਂਗਰਸ ਨੇ ਨਾਮਜ਼ਦਗੀਆਂ ਦੇ ਆਖ਼ਰੀ ਦਿਨ ਹੀ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।
ਕਾਂਗਰਸੀ ਉਮੀਦਵਾਰ ਚੰਦਰਮੋਹਨ ਨੇ ਨਾਮਜ਼ਦਗੀ ਦਾਖ਼ਲ ਕੀਤੀ
ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ਦੇ ਸਾਬਕਾ ਵਿਧਾਇਕ ਅਤੇ ਸਾਬਕਾ ਉਪ ਮੁੱਖ ਮੰਤਰੀ ਚੰਦਰਮੋਹਨ ਨੇ ਅੱਜ ਪੰਚਕੂਲਾ ਹਲਕੇ ਤੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਇਸ ਮੌਕੇ ਉਨ੍ਹਾਂ ਰੋਡਸ਼ੋਅ ਵੀ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਅਤੇ ਪੰਚਕੂਲਾ ਦੇ ਲੋਕ ਭਾਜਪਾ ਤੋਂ ਤੰਗ ਆ ਚੁੱਕੇ ਹਨ ਅਤੇ ਇਸ ਸਮੇਂ ਪੰਚਕੂਲਾ ਵਿੱਚ ਬਦਲਾਅ ਦੀ ਲਹਿਰ ਹੈ। ਉਹਨਾਂ ਕਿਹਾ ਕਿ ਪੰਚਕੂਲਾ ਤੋਂ ਭਾਜਪਾ ਦੇ ਉਮੀਦਵਾਰ ਗਿਆਨਚੰਦ ਗੁਪਤਾ ਨੇ ਵਿਧਾਇਕ ਹੁੰਦਿਆਂ ਪਿਛਲੇ 10 ਸਾਲਾਂ ‘ਚ ਵਿਕਾਸ ਕਾਰਜਾਂ ਦੇ ਨਾਂ ‘ਤੇ ਸਿਰਫ਼ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਚੌਧਰੀ ਚੰਦਰਮੋਹਨ ਆਪਣੀ ਜਿੱਤ ਨੂੰ ਲੈ ਕੇ ਆਸਵੰਦ ਦਿਖਾਈ ਦਿੱਤੇ। ਨਾਮਜ਼ਦਗੀ ਭਰਨ ਤੋਂ ਪਹਿਲਾਂ ਚੌਧਰੀ ਚੰਦਰਮੋਹਨ ਨੇ ਆਪਣੇ ਪਰਿਵਾਰ, ਸਮਰਥਕਾਂ ਅਤੇ ਵਰਕਰਾਂ ਨਾਲ ਪੰਚਕੂਲਾ ਦੇ ਵੱਖ-ਵੱਖ ਸੈਕਟਰਾਂ ਵਿੱਚ ਸ਼ਾਨਦਾਰ ਰੋਡ ਸ਼ੋਅ ਕੱਢਿਆ।