ਕਾਂਗਰਸ ਦੇ ਤਿੰਨ ਵਿਧਾਇਕਾਂ ਨੇ ਤਿਲੰਗਾਨਾ ਸਰਕਾਰ ’ਚ ਮੰਤਰੀ ਵਜੋਂ ਹਲਫ਼ ਲਿਆ
ਹੈਦਰਾਬਾਦ, 8 ਜੂਨ
ਤਿਲੰਗਾਨਾ ’ਚ ਸੱਤਾਧਾਰੀ ਕਾਂਗਰਸ ਦੇ ਵਿਧਾਇਕਾਂ ਜੀ. ਵਿਵੇਕ ਵੈਂਕਟ ਸਵਾਮੀ, ਏ. ਲਕਸ਼ਮਣ ਕੁਮਾਰ ਅਤੇ ਵੀ. ਸ੍ਰੀਹਰੀ ਨੇ ਅੱਜ ਤਿਲੰਗਾਨਾ ਸਰਕਾਰ ਵਿੱਚ ਮੰਤਰੀ ਵਜੋਂ ਹਲਫ਼ ਲਿਆ ਹੈ ਜਿਸ ਨਾਲ ਕੈਬਨਿਟ ’ਚ ਮੰਤਰੀਆਂ ਦੀ ਗਿਣਤੀ 15 ਹੋ ਗਈ ਹੈ। ਇਹ ਮੁੱਖ ਮੰਤਰੀ ਏ. ਰੇਵੰਤ ਰੈੱਡੀ ਦੀ ਅਗਵਾਈ ਹੇਠਲੇ ਮੰਤਰੀ ਮੰਡਲ ਦਾ ਪਹਿਲਾ ਵਿਸਥਾਰ ਹੈ। ਰਾਜਪਾਲ ਜਿਸ਼ਨੂ ਦੇਵ ਵਰਮਾ ਨੇ ਰਾਜ ਭਵਨ ਵਿੱਚ ਸਮਾਰੋਹ ਦੌਰਾਨ ਉਨ੍ਹਾਂ ਨੂੰ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਇਸ ਮੌਕੇ ਮੁੱਖ ਮੰਤਰੀ ਏ. ਰੇਵੰਤ ਰੈੱਡੀ, ਉਨ੍ਹਾਂ ਦੇ ਕੈਬਨਿਟ ਸਹਿਯੋਗੀ, ਵਿਧਾਇਕ ਅਤੇ ਹੋਰ ਆਗੂ ਮੌਜੂਦ ਸਨ।
ਤਿੰਨ ਨਵੇਂ ਮੰਤਰੀਆਂ ਦੇ ਸ਼ਾਮਲ ਹੋਣ ਨਾਲ ਰੇਵੰਤ ਰੈੱਡੀ ਦੀ ਅਗਵਾਈ ਹੇਠਲੀ ਕੈਬਨਿਟ ਦੇ ਵਿਸਥਾਰ ਬਾਰੇ ਹਫ਼ਤਿਆਂ ਤੋਂ ਚੱਲ ਰਹੀਆਂ ਅਟਕਲਾਂ ਦਾ ਅੰਤ ਹੋ ਗਿਆ ਹੈ। ਕੈਬਨਿਟ ਦਾ ਇਹ ਵਿਸਥਾਰ ਕੈਬਨਿਟ ਨਿਯੁਕਤੀਆਂ ਅਤੇ ਪਾਰਟੀ ਅਹੁਦਿਆਂ ਬਾਰੇ ਮੁੱਖ ਮੰਤਰੀ ਰੇਵੰਤ ਰੈੱਡੀ, ਕਾਂਗਰਸ ਦੀ ਸੂਬਾ ਇਕਾਈ ਦੇ ਪ੍ਰਧਾਨ ਬੀ. ਮਹੇਸ਼ ਕੁਮਾਰ ਗੌੜ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਲੀਡਰਸ਼ਿਪ ਵਿਚਾਲੇ ਹੋਈ ਹਾਲੀਆ ਚਰਚਾ ਤੋਂ ਬਾਅਦ ਹੋਇਆ ਹੈ। ਮੁੱਖ ਮੰਤਰੀ ਸਮੇਤ ਤਿਲੰਗਾਨਾ ਕੈਬਨਿਟ ’ਚ ਮੰਤਰੀਆਂ ਦੀ ਕੁੱਲ ਗਿਣਤੀ 18 ਹੈ। ਮੌਜੂਦਾ ਮੰਤਰੀ ਮੰਡਲ ਵਿੱਚ ਤਿੰਨ ਨਵੇਂ ਵਿਧਾਇਕਾਂ ਦੇ ਸ਼ਾਮਲ ਹੋਣ ਨਾਲ, ਮੰਤਰੀਆਂ ਦੀ ਗਿਣਤੀ 15 ਹੋ ਗਈ ਹੈ ਅਤੇ ਕੈਬਨਿਟ ਵਿੱਚ ਤਿੰਨ ਅਹੁਦੇ ਹਾਲੇ ਵੀ ਖਾਲੀ ਹਨ। -ਪੀਟੀਆਈ