ਕਾਂਗਰਸ ਦੇ ਕੌਂਸਲਰਾਂ ਵੱਲੋਂ ‘ਆਪ’ ਨੂੰ ਬਹੁਮਤ ਸਾਬਤ ਕਰਨ ਦੀ ਚੁਣੌਤੀ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 31 ਜਨਵਰੀ
ਅੰਮ੍ਰਿਤਸਰ ਵਿੱਚ ਨਗਰ ਨਿਗਮ ਨਾਲ ਸਬੰਧਤ ਕਾਂਗਰਸ ਦੇ ਕੌਂਸਲਰਾਂ ਨੇ ‘ਆਪ’ ਸਰਕਾਰ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਕਿਸੇ ਵੀ ਥਾਂ ’ਤੇ ਆਪਣੇ ਕੌਂਸਲਰ ਅਤੇ ਕਾਂਗਰਸ ਦੇ ਕੌਂਸਲਰਾਂ ਦਾ ਬਹੁਮਤ ਸਾਬਤ ਕਰਨ ਲਈ ਮੀਟਿੰਗ ਸੱਦ ਸਕਦੇ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਵੱਲੋਂ ਬਣਾਏ ਗਏ ਨਗਰ ਨਿਗਮ ਦੇ ਮੇਅਰ ਨੂੰ ਨਗਰ ਨਿਗਮ ਦਾ ਮੇਅਰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਕਾਂਗਰਸ ਦੇ ਜਿੱਤੇ ਹੋਏ 41 ਕੌਂਸਲਰ ਅੱਜ ਨਗਰ ਨਿਗਮ ਦੇ ਦਫਤਰ ਵਿੱਚ ਪੁੱਜੇ ਹੋਏ ਸਨ। ਉਨ੍ਹਾਂ ਮੀਟਿੰਗ ਹਾਲ ਵਿੱਚ ਕਾਂਗਰਸ ਦੇ ਕੌਂਸਲਰਾਂ ਦੀ ਮੀਟਿੰਗ ਕੀਤੀ। ਇਸ ਸੰਬੰਧੀ ਗੱਲ ਕਰਦਿਆਂ ਕੌਂਸਲਰ ਵਿਕਾਸ ਸੋਨੀ ਨੇ ਆਖਿਆ ਕਿ ਅੱਜ ਜਦੋਂ ਉਹ ਕਾਂਗਰਸ ਦੇ ਕੌਂਸਲਰ ਇਕੱਠੇ ਹੋ ਕੇ ਨਗਰ ਨਿਗਮ ਦੇ ਦਫ਼ਤਰ ਪੁੱਜੇ ਹਨ ਤਾਂ ਇੱਥੇ ਵਧੇਰੇ ਦਫਤਰਾਂ ਨੂੰ ਤਾਲੇ ਲੱਗੇ ਹੋਏ ਹਨ। ਕੌਂਸਲਰਾਂ ਦੇ ਬੈਠਣ ਵਾਲੇ ਦਫ਼ਤਰ ਨੂੰ ਵੀ ਤਾਲਾ ਲਾਇਆ ਹੋਇਆ ਪਰ ਉਨ੍ਹਾਂ ਨੇ ਮੀਟਿੰਗ ਹਾਲ ਵਿੱਚ ਬੈਠ ਕੇ ਮੀਟਿੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੇਅਰ ਦੀ ਚੋਣ ਵੇਲੇ ਧੱਕੇਸ਼ਾਹੀ ਕੀਤੀ ਗਈ ਹੈ ਅਤੇ ਕਾਂਗਰਸ ਵੱਲੋਂ ਇਹ ਮਾਮਲਾ ਹਾਈ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ , ਜਿੱਥੇ ਕਿ ਇਹ ਮਾਮਲਾ ਹੁਣ ਵੀ ਵਿਚਾਰ ਅਧੀਨ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਆਪਣੇ ਕੌਂਸਲਰਾਂ ਦਾ ਬਹੁਮਤ ਸਾਬਤ ਕਰਨ ਲਈ ਕਿਸੇ ਵੀ ਥਾਂ ’ਤੇ ਮੀਟਿੰਗ ਕਰ ਸਕਦੇ ਹਨ ਅਤੇ ਬਹਿਸ ਵੀ ਕਰ ਸਕਦੇ ਹਨ। ਕਾਂਗਰਸੀ ਕੌਂਸਲਰ ਆਗੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਜਿੱਤੇ ਹੋਏ 41 ਕੌਂਸਲਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਚਾਰ ਕੌਂਸਲਰਾਂ ਦਾ ਸਮਰਥਨ ਹਾਸਿਲ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਿਸ ਦਿਨ ਚੋਣ ਕਰਾਈ ਗਈ ਸੀ ਉਸ ਦਿਨ ਭਾਜਪਾ ਦੇ ਸੱਤ ਕੌਂਸਲਰਾਂ ਨੇ ਬਾਈਕਾਟ ਕੀਤਾ ਸੀ ਅਤੇ ਚਲੇ ਗਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਚੋਣ ਕਰਵਾਈ ਹੀ ਨਹੀਂ ਗਈ ਅਤੇ ਧੱਕੇ ਨਾਲ ਆਪਣਾ ਮੇਅਰ ਬਣਾ ਦਿੱਤਾ ਗਿਆ ਹੈ।