ਕਾਂਗਰਸ ਦੇ ਐੱਸਸੀ ਵਿੰਗ ਦੇ ਕੌਮੀ ਪ੍ਰਧਾਨ ਦਾ ਸਨਮਾਨ
ਮਿਹਰ ਸਿੰਘ
ਕੁਰਾਲੀ, 4 ਜੁਲਾਈ
ਕਾਂਗਰਸ ਦੇ ਐੱਸਸੀ ਵਿੰਗ ਦੇ ਪੰਜਾਬ ਦੇ ਵਾਈਸ ਚੇਅਰਮੈਨ ਰਾਜਪਾਲ ਬੇਗੜਾ ਦੀ ਅਗਵਾਈ ਵਿੱਚ ਆਗੂਆਂ ਨੇ ਆਲ ਇੰਡੀਆਂ ਕਾਂਗਰਸ ਕਮੇਟੀ ਵੱਲੋਂ ਨਿਯੁਕਤ ਕੀਤੇ ਪਾਰਟੀ ਦੇ ਐੱਸਸੀ ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ਮੰਤਰੀ ਰਾਜਿੰਦਰ ਪਾਲ ਗੌਤਮ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸੂਬਾਈ ਆਗੂਆਂ ਨੇ ਸ੍ਰੀ ਗੌਤਮ ਦਾ ਸਨਮਾਨ ਵੀ ਕੀਤਾ।
ਸੂਬਾਈ ਵਾਈਸ ਚੇਅਰਮੈਨ ਰਾਜਪਾਲ ਬੇਗੜਾ ਅਤੇ ਪੰਜਾਬ ਮਹਿਲਾ ਵਿੰਗ ਦੀ ਚੇਅਰਪਰਸਨ ਨੈਨਾ ਪਾਲ ਕੌਰ ਨੇ ਇਸ ਮੁਲਾਕਾਤ ਦੌਰਾਨ ਕੌਮੀ ਪ੍ਰਧਾਨ ਸ੍ਰੀ ਗੌਤਮ ਨੂੰ ਸਮਾਜ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੌਜੂਦਾ ਰਾਜ ਸਰਕਾਰ ਵੱਲੋਂ ਐੱਸਸੀ ਸਮਾਜ ਦੀਆਂ ਸਮੱਸਿਆਵਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਐੱਸਸੀ ਵਿੰਗ ਕਾਂਗਰਸ ਪਾਰਟੀ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਸ੍ਰੀ ਬੇਗੜਾ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗਾ।
ਇਸੇ ਦੌਰਾਨ ਰਜਿੰਦਰ ਪਾਲ ਗੌਤਮ ਨੇ ਕਿਹਾ ਕਿ ਪਾਰਟੀ ਨੇ ਐੱਸਸੀ ਵਰਗ ਨੂੰ ਹਮੇਸ਼ਾ ਮਾਣ ਸਤਿਕਾਰ ਦਿੱਤਾ ਹੈ ਅਤੇ ਇਸ ਵਰਗ ਲਈ ਅਨੇਕਾਂ ਸਕੀਮਾਂ ਲਿਆਂਦੀਆਂ ਹਨ। ਉਨ੍ਹਾਂ ਕਿਹਾ ਕਿ ਪਾਰਟੀ ਹੁਣ ਵੀ ਵਰਗ ਨਾਲ ਡਟ ਕੇ ਖੜ੍ਹੀ ਹੈ ਅਤੇ ਦੇਸ਼ ਭਰ ਵਿੱਚ ਕਿਸੇ ਨਾਲ ਵੀ ਧੱਕਾ ਨਹੀਂ ਹੋਣ ਦੇਵੇਗੀ। ਇਸ ਮੌਕੇ ਸਾਬਕਾ ਵਿਧਾਇਕ ਸਰਦਾਰ ਕੁਲਦੀਪ ਸਿੰਘ ਵੈਦ ਐੱਸਸੀ ਵਿਭਾਗ ਜ਼ਿਲ੍ਹਾ ਮੁਹਾਲੀ ਦੇ ਉਪ-ਚੇਅਰਮੈਨ ਹੰਸਰਾਜ ਬੂਥਗੜ੍ਹ, ਸਵਰਨ ਸਿੰਘ ਅਤੇ ਕਈ ਪਤਵੰਤੇ ਮੌਜੂਦ ਸਨ।