ਕਾਂਗਰਸ ਤੇ ਭਾਜਪਾ ਨੇ ਅੰਬੇਡਕਰ ਜੈਯੰਤੀ ਮਨਾਈ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਅਪਰੈਲ
ਚੰਡੀਗੜ੍ਹ ਕਾਂਗਰਸ ਨੇ ਅੱਜ ਸੈਕਟਰ-35 ਵਿੱਚ ਸਥਿਤ ਪਾਰਟੀ ਦਫ਼ਤਰ ਵਿੱਚ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ। ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਨੇ ਤੇ ਹੋਰਨਾਂ ਕਾਂਗਰਸੀਆਂ ਨੇ ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸ੍ਰੀ ਲੱਕੀ ਨੇ ਡਾ. ਅੰਬੇਡਕਰ ਦੀ ਜ਼ਿੰਦਗੀ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਭਾਜਪਾ ਸਰਕਾਰ ਨੇ ਡਾ. ਭੀਮ ਰਾਓ ਅੰਬੇਡਕਰ ਵੱਲੋਂ ਤਿਆਰ ਕੀਤੇ ਸੰਵਿਧਾਨ ਦੇ ਉਲਟ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਦੇਸ਼ ਵਿਰੋਧੀ ਸੋਚ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਤੇ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਦੀ ਜ਼ਰੂਰਤ ਹੈ। ਸ੍ਰੀ ਲੱਕੀ ਨੇ ਕਾਂਗਰਸੀ ਵਰਕਰਾਂ ਨੂੰ ਆਪਣਾ ਜੀਵਨ ਸਮਾਜਿਕ ਭੇਦ-ਭਾਵ ਖ਼ਤਮ ਕਰਨ ਅਤੇ ਕਮਜ਼ੋਰ ਤੇ ਪਛੜੇ ਵਰਗ ਦੀ ਮਦਦ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਭਾਜਪਾ ਦੀਆਂ ਸੰਵਿਧਾਨ ਵਿਰੋਧੀ ਤਾਕਤਾਂ ਦਾ ਲਗਾਤਾਰ ਵਿਰੋਧ ਕੀਤਾ ਜਾਵੇਗਾ।
ਇਸੇ ਤਰ੍ਹਾਂ ਚੰਡੀਗੜ੍ਹ ਭਾਜਪਾ ਨੇ ਅੱਜ ਸ਼ਹਿਰ ਵਿੱਚ ਬੂਥ ਪੱਧਰ ’ਤੇ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਨਾਇਆ ਗਿਆ। ਇਸ ਮੌਕੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਸਣੇ ਵੱਡੀ ਗਿਣਤੀ ਵਿੱਚ ਭਾਜਪਾ ਵਰਕਰਾਂ ਨੇ ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕੀਤੀ। ਭਾਜਪਾ ਆਗੂਆਂ ਨੇ ਸੰਵਿਧਾਨ ਦੀ ਪਾਲਣਾ ਕਰਨ ਅਤੇ ਡਾ. ਅੰਬੇਡਕਰ ਦੇ ਦਿਖਾਏ ਰਾਹ ’ਤੇ ਚੱਲਣ ਦਾ ਅਹਿਦ ਲਿਆ। ਸ੍ਰੀ ਮਲਹੋਤਰਾ ਨੇ ਕਿਹਾ ਕਿ ਡਾ. ਅੰਬੇਡਕਰ ਸਿਰਫ਼ ਸੰਵਿਧਾਨ ਦੇ ਨਿਰਮਾਤਾ ਨਹੀਂ ਸਨ, ਉਹ ਦਲਿਤ ਸਮਾਜ ਦੀ ਆਵਾਜ਼ ਸਨ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਕੀਤਾ ਗਿਆ ਇਹ ਸਮਾਗਮ ਸਿਰਫ਼ ਸ਼ਰਧਾਂਜਲੀ ਸਮਾਗਮ ਨਹੀਂ, ਸਗੋਂ ਇਹ ਸੰਕਲਪ ਹੈ ਕਿ ਅਸੀਂ ਬਾਬਾ ਸਾਹਿਬ ਦੇ ਰਸਤੇ ’ਤੇ ਚੱਲਾਂਗੇ।
ਚੰਡੀਗੜ੍ਹ (ਪੱਤਰ ਪ੍ਰੇਰਕ): ਚੰਡੀਗੜ੍ਹ, ਹਰਿਆਣਾ ਤੇ ਪੰਜਾਬ ਦੀਆਂ ਐੱਸਸੀ/ ਐੱਸਟੀ ਐਸੋਸੀਏਸ਼ਨਾਂ, ਵੱਖ-ਵੱਖ ਗੁਰੂ ਰਵਿਦਾਸ ਸਭਾਵਾਂ ਸਣੇ ਮਹਾਰਿਸ਼ੀ ਵਾਲਮੀਕਿ ਸਭਾਵਾਂ ਤੇ ਡਾ. ਅੰਬੇਡਕਰ ਸਟੱਡੀ ਸਰਕਲ ਵੱਲੋਂ ਧਾਨਕ ਭਾਈਚਾਰੇ ਦੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਸੈਕਟਰ-37 ਵਿੱਚ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ।
ਅੰਬੇਡਕਰ ਨੇ ਗ਼ਰੀਬਾਂ ਨੂੰ ਬਰਾਬਰੀ ਦੇ ਹੱਕ ਦਿਵਾਏ: ਕੁਲਵੰਤ ਸਿੰਘ
ਐੱਸਏਐੱਸ ਨਗਰ (ਮੁਹਾਲੀ) (ਪੱਤਰ ਪ੍ਰੇਰਕ): ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦਾ 134ਵਾਂ ਜਨਮ ਦਿਨ ਮਨਾਇਆ ਗਿਆ। ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਫੇਜ਼-7 ਵਿੱਚ ਪੁੱਜੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਦਲਿਤ ਸਮਾਜ ਨੂੰ ਡਾ. ਅੰਬੇਡਕਰ ਦੀ ਬਹੁਤ ਵੱਡੀ ਦੇਣ ਹੈ। ਬਾਬਾ ਸਾਹਿਬ ਦੀ ਬਦੌਲਤ ਹੀ ਗਰੀਬ ਵਰਗ ਦੇ ਲੋਕਾਂ ਖਾਸ ਕਰਕੇ ਦੱਬੇ ਕੁਚਲੇ ਲੋਕਾਂ ਨੂੰ ਸਮਾਜ ਵਿੱਚ ਬਰਾਬਰੀ ਦੇ ਹੱਕ ਮਿਲੇ ਹਨ। ਇਸੇ ਦੌਰਾਨ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਦਲਿਤ ਆਗੂ ਸ਼ਮਸ਼ੇਰ ਸਿੰਘ ਪੁਰਖਾਲਵੀ, ਤਰਸੇਮ ਸਿੰਘ ਗੰਦੋਂ, ਕੌਂਸਲਰ ਪਰਮਜੀਤ ਸਿੰਘ ਹੈਪੀ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਡਾ. ਅੰਬੇਡਕਰ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ। ਮਹਾਰਾਸ਼ਟਰ ਦੇ ਸਾਬਕਾ ਏਡੀਜੀਪੀ ਕੁਲਵੰਤ ਸਾਰੰਗਲ ਮੁੱਖ ਮਹਿਮਾਨ ਸਨ ਜਦੋਂਕਿ ਪ੍ਰਧਾਨਗੀ ਲਾਅ ਯੂਨੀਵਰਸਿਟੀ ਕੁਰਕਸ਼ੇਤਰਾ ਦੇ ਪ੍ਰੋਫੈਸਰ ਡਾ. ਅਜੀਤ ਸਿੰਘ ਨੇ ਕੀਤੀ।