ਕਾਂਗਰਸੀ ਸਰਪੰਚ ਦਾ ਪੁੱਤ ਅਫ਼ੀਮ ਸਣੇ ਗ੍ਰਿਫ਼ਤਾਰ

ਮੋਗਾ ਸੀਆਈਏ ਸਟਾਫ਼ ਵੱਲੋ ਅਫ਼ੀਮ ਸਣੇ ਗ੍ਰਿਫ਼ਤਾਰ ਤਸਕਰ।

ਮਹਿੰਦਰ ਸਿੰਘ ਰੱਤੀਆਂ
ਮੋਗਾ, 12 ਅਗਸਤ
ਇਥੇ ਸੀਆਈਏ ਸਟਾਫ਼ ਨੇ ਗਸ਼ਤ ਦੌਰਾਨ ਕਾਂਗਰਸੀ ਸਰਪੰਚ ਦੇ ਪੁੱਤਰ ਹਰਵਿੰਦਰ ਸਿੰਘ ਪਿੰਡ ਨੱਥੋਕੇ ਨੂੰ ਕਾਬੂ ਕਰਕੇ ਇੱਕ ਕਿਲੋ ਅਫ਼ੀਮ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਥਾਣਾ ਬਾਘਾਪੁਰਾਣਾ ’ਚ ਅਫ਼ੀਮ ਤਸਕਰੀ ਦੇ ਦੋਸ਼ ਹੇਠ ਕੇਸ ਦਰਜ਼ ਕੀਤਾ ਗਿਆ ਹੈ। ਡੀਐੱਸਪੀ (ਮੇਜਰ ਕਰਾਇਮ) ਜਸਪਾਲ ਸਿੰਘ ਢਿੱਲੋਂ ਤੇ ਸੀਆਈਏ ਸਟਾਫ਼ ਮੁਖੀ ਇੰਸਪੈਕਟਰ ਤਿਰਲੋਚਨ ਸਿੰਘ ਨੇ ਦੱਸਿਆ ਕਿ ਏਐੱਸਆਈ ਮਲਕੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਥਾਣਾ ਬਾਘਾਪੁਰਾਣਾ ਖੇਤਰ ’ਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਨਹਿਰ ਪੁੱਲ ਉੱਤੇ ਇੱਕ ਮੋਟਰਸਾਈਕਲ ਸਵਾਰ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇੱਕ ਕਿਲੋ ਅਫ਼ੀਮ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਟਰਾਂਸਪੋਰਟ ਦਾ ਕੰਮ ਕਰਦਾ ਹੈ। ਥਾਣਾ ਧਰਮਕੋਟ ਪੁਲੀਸ ਨੇ ਬਲਵਿੰਦਰ ਸਿੰਘ ਉਰਫ਼ ਮੰਤਰੀ ਪਿੰਡ ਗੱਟੀ ਜੱਟਾਂ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 25 ਬੋਤਲਾਂ ਨਾਜਾਇਜ਼ ਬਰਾਮਦ ਕੀਤੀ ਹੈ। ਮੁਲਜ਼ਮ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਤਨਾਮ ਸਿੰਘ ਉਰਫ਼ ਸੱਤਾ ਪੁੱਤਰ ਲੀਹਭੰਨ ਤੇ ਇੱਕ ਮਹਿਲਾ ਰਾਣੀ ਦੋਵੇਂ ਪਿੰਡ ਭਿੰਡਰ ਕਲਾਂ ਨੂੰ 1100 ਨਸ਼ੀਲੀਆਂ ਗੋਲੀਆਂ ਮਾਰਕਾ ਕਲੋਵੀਡੋਲ 100-ਐੱਸਆਰ ਬਰਾਮਦ ਕੀਤੀਆਂ ਗਈਆਂ ਹਨ। ਦੋਵਾਂ ਮੁਲਜਮਾਂ ਖ਼ਿਲਾਫ਼ ਥਾਣਾ ਧਰਮਕੋਟ ’ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।

ਹੈਰੋਇਨ ਸਣੇ ਇਕ ਕਾਬੂ

ਸਿਰਸਾ (ਨਿੱਜੀ ਪੱਤਰ ਪ੍ਰੇਰਕ) ਇਥੋਂ ਦੀ ਸੀਆਈਏ ਥਾਣਾ ਪੁਲੀਸ ਨੇ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਹੈਰੋਇਨ ਦੀ ਕੀਮਤ ਕਰੀਬ 14 ਲੱਖ ਰੁਪਏ ਦੱਸੀ ਗਈ ਹੈ। ਫੜੇ ਗਏ ਨੌਜਵਾਨ ਦੀ ਪਛਾਣ ਬ੍ਰਿਜੇਸ਼ ਵਾਸੀ ਸੁਪਰਸ਼ਾਈਨ ਚੌਕ ਦਿੱਲੀ ਇਸਟ ਵਜੋੋਂ ਕੀਤੀ ਗਈ ਹੈ। ਸੀਆਈਏ ਇੰਚਾਰਜ ਰਵਿੰਦਰ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਦੀ ਇਕ ਟੀਮ ਪਰਸ਼ੁਰਾਮ ਚੌਕ ਨੇੜੇ ਗਸ਼ਤ ਕਰ ਰਹੀ ਸੀ ਤਾਂ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਤੋਂ ਹੈਰੋਇਨ ਬਰਾਮਦ ਹੋਈ ਜਿਹੜੀ 144 ਗਰਾਮ ਹੈ ਜਿਸ ਦੀ ਅੰਤਰਰਾਸ਼ਟੀ ਮਾਰਕੀਟ ਵਿੱਚ ਕੀਮਤ ਕਰੀਬ 14 ਲੱਖ ਰੁਪਏ ਬਣਦੀ ਹੈ। ਪੁਲੀਸ ਨੇ ਬ੍ਰਿਜੇਸ਼ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

10 ਗ੍ਰਾਮ ਸਮੈਕ ਸਣੇ ਕਾਬੂ

ਹੰਡਿਆਇਆ (ਪੱਤਰ ਪ੍ਰੇਰਕ)ਪਿੰਡ ਧਨੌਲਾ ਖ਼ੁਰਦ ਕੋਲੋਂ ਇੱਕ ਮੋਟਰਸਾਈਕਲ ਸਵਾਰ ਨੂੰ 10 ਗ੍ਰਾਮ ਸਮੈਕ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਅਧਿਕਾਰੀ ਇੰਸ. ਬਲਜੀਤ ਸਿੰਘ ਮੁੱਖ ਅਫ਼ਸਰ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਧਰਮਪਾਲ ਨੇ ਗਸ਼ਤ ਦੌਰਾਨ ਬੱਸ ਅੱਡਾ ਧਨੌਲਾ ਖ਼ੁਰਦ ਕੋਲ ਮੋਟਰਸਾਈਕਲ (ਐਚ.ਆਰ.-23ਐਫ.-5892) ਪਲਸਰ ਸਵਾਰ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 10ਗ੍ਰਾਮ ਸਮੈਕ ਬਰਾਮਦ ਹੋਈ। ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਦੀ ਸ਼ਿਨਾਖ਼ਤ ਦਲਜੀਤ ਸਿੰਘ ਉਰਫ਼ ਜੀਤ ਵਾਸੀ ਸਕਰਪੁਰ ਜ਼ਿਲ੍ਹਾ ਫਤਿਹਾਬਾਦ ਹਰਿਆਣਾ ਵਜੋਂ ਹੋਈ ਹੈ।