ਕਸ਼ਮੀਰ ਬਾਰੇ ਪਾਕਿ-ਚੀਨ ਦੇ ਬਿਆਨ ’ਤੇ ਭਾਰਤ ਨੂੰ ਇਤਰਾਜ਼

ਨਵੀਂ ਦਿੱਲੀ, 10 ਸਤੰਬਰ
ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੀ ਇਸਲਾਮਾਬਾਦ ਫੇਰੀ ਤੋਂ ਬਾਅਦ ਚੀਨ ਅਤੇ ਪਾਕਿਸਤਾਨ ਵਲੋਂ ਜਾਰੀ ਸਾਂਝੇ ਬਿਆਨ ਵਿੱਚ ਜੰਮੂ ਕਸ਼ਮੀਰ ਦਾ ਜ਼ਿਕਰ ਕੀਤੇ ਜਾਣ ’ਤੇ ਭਾਰਤ ਨੇ ਅੱਜ ਇਤਰਾਜ਼ ਪ੍ਰਗਟਾਇਆ ਹੈ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਸਾਂਝੇ ਬਿਆਨ ਵਿੱਚ ਮਕਬੂਜ਼ਾ ਕਸ਼ਮੀਰ ਵਿੱਚ ਚੀਨ-ਪਾਕਿਸਤਾਨ ਆਰਥਿਕ ਕੌਰੀਡੋਰ ਦੇ ਜ਼ਿਕਰ ਬਾਰੇ ਗੱਲਬਾਤ ਕਰਦਿਆਂ ਜ਼ੋਰ ਦੇ ਕੇ ਕਿਹਾ ਕਿ ਖ਼ੇਤਰ ਦੀ ਮੌਜੂਦਾ ਸਥਿਤੀ ਵਿੱਚ ਤਬਦੀਲੀ ਕਰਨ ਦੀ ਕਿਸੇ ਹੋਰ ਮੁਲਕ ਦੀ ਕਾਰਵਾਈ ਦਾ ਭਾਰਤ ਡਟ ਕੇ ਵਿਰੋਧ ਕਰਦਾ ਹੈ। ਇਸ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, ‘‘ਚੀਨ ਦੇ ਵਿਦੇਸ਼ ਮੰਤਰੀ ਦੇ ਦੌਰੇ ਤੋਂ ਬਾਅਦ ਚੀਨ ਅਤੇ ਪਾਕਿਸਤਾਨ ਵਲੋਂ ਸਾਂਝੇ ਤੌਰ ’ਤੇ ਜਾਰੀ ਕੀਤੇ ਗਏ ਬਿਆਨ ਵਿੱਚ ਕਸ਼ਮੀਰ ਦੇ ਜ਼ਿਕਰ ਨੂੰ ਅਸੀਂ ਰੱਦ ਕਰਦੇ ਹਾਂ। ਜੰਮੂ- ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ।’’ ਉਨ੍ਹਾਂ ਕਿਹਾ, ‘‘ਭਾਰਤ ਨੇ ਲਗਾਤਾਰ ਚੀਨ ਤੇ ਪਾਕਿਸਤਾਨ ਦੀ ‘ਚੀਨ-ਪਾਕਿਸਤਾਨ ਆਰਥਿਕ ਕੌਰੀਡੋਰ’ ਯੋਜਨਾ ’ਤੇ ਚਿੰਤਾ ਜਤਾਈ ਹੈ ਕਿਉਂਕਿ ਇਹ ਖੇਤਰ ਭਾਰਤ ਵਿੱਚ ਪੈਂਦਾ ਹੈ ਅਤੇ ਇਸ ਉੱਪਰ 1947 ਤੋਂ ਬਾਅਦ ਪਾਕਿਸਤਾਨ ਦਾ ਨਾਜਾਇਜ਼ ਕਬਜ਼ਾ ਹੈ। ਕੁਮਾਰ ਨੇ ਕਿਹਾ ਕਿ ਇਸ ਨਾਲ ਜੁੜੀਆਂ ਧਿਰਾਂ ਨੂੰ ਅਜਿਹੀ ਕਾਰਵਾਈ ਤੋਂ ਪਿੱਛੇ ਹਟਣਾ ਚਾਹੀਦਾ ਹੈ। -ਪੀਟੀਆਈ