ਕਸ਼ਮੀਰ ’ਚ ਪੋਸਟ ਪੇਡ ਮੋਬਾਈਲ ਫੋਨ ਸੇਵਾ ਬਹਾਲ

ਸ੍ਰੀਨਗਰ ਵਿੱਚ ਪੋਸਟ-ਪੇਡ ਮੋਬਾਈਲ ਫੋਨ ਸੇਵਾਵਾਂ ਬਹਾਲ ਹੋਣ ਮਗਰੋਂ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰਦਾ ਹੋਇਆ ਇੱਕ ਵਿਅਕਤੀ। -ਫੋਟੋ: ਪੀਟੀਆਈ

ਸ੍ਰੀਨਗਰ, 14 ਅਕਤੂਬਰ
ਕਸ਼ਮੀਰ ’ਚ ਪੋਸਟ ਪੇਡ ਮੋਬਾਈਲ ਫੋਨ ਸੇਵਾ ਬਹਾਲ ਹੋਣ ’ਤੇ ਵਾਦੀ ਦੇ ਲੋਕਾਂ ਨੂੰ ਵੱਡੀ ਰਾਹਤ ਨਸੀਬ ਹੋਈ ਹੈ। ਉਂਜ ਮੋਬਾਈਲ ਫੋਨ ’ਤੇ ਇੰਟਰਨੈੱਟ ਦੀ ਸਹੂਲਤ ਅਜੇ ਸ਼ੁਰੂ ਨਹੀਂ ਕੀਤੀ ਗਈ ਹੈ। ਇਸ ਸੇਵਾ ਦੇ ਆਰੰਭ ਹੋਣ ਨਾਲ 40 ਲੱਖ ਖਪਤਕਾਰਾਂ ਨੂੰ ਮੁਲਕ ’ਚ ਆਪਣੇ ਪਰਿਵਾਰਾਂ, ਦੋਸਤਾਂ ਅਤੇ ਗੁਆਂਢੀਆਂ ਨਾਲ 72 ਦਿਨਾਂ ਮਗਰੋਂ ਰਾਬਤਾ ਕਾਇਮ ਕਰਨ ਦਾ ਮੌਕਾ ਮਿਲਿਆ ਹੈ। ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਸੋਮਵਾਰ ਤੋਂ ਵਾਦੀ ’ਚ ਪੋਸਟ ਪੇਡ ਮੋਬਾਈਲ ਸੇਵਾ ਬਹਾਲ ਕਰਨ ਦਾ ਵਾਅਦਾ ਕੀਤਾ ਸੀ। ਪਿਛਲੇ ਹਫ਼ਤੇ ਪ੍ਰਸ਼ਾਸਨ ਨੇ ਸੈਲਾਨੀਆਂ ਦੀ ਆਮਦ ’ਤੇ ਰੋਕ ਨੂੰ ਹਟਾ ਲਿਆ ਸੀ। ਇਸ ਦੇ ਲਾਲ ਵਿਦਿਅਕ ਅਦਾਰੇ ਵੀ ਖੁੱਲ੍ਹ ਗਏ ਹਨ ਪਰ ਉਨ੍ਹਾਂ ’ਚ ਹਾਜ਼ਰੀ ਨਾਮਾਤਰ ਹੈ। ਜਿਵੇਂ ਹੀ ਦੁਪਹਿਰ ਵੇਲੇ ਲੋਕਾਂ ਦੇ ਮੋਬਾਈਲ ਚਲਣੇ ਸ਼ੁਰੂ ਹੋਏ ਤਾਂ ਉਨ੍ਹਾਂ ਸਭ ਤੋਂ ਪਹਿਲਾਂ ਆਪਣੇ ਨੇੜਲਿਆਂ ਦੀ ਖ਼ਬਰਸਾਰ ਲਈ ਜਿਨ੍ਹਾਂ ਨਾਲ ਉਹ 5 ਅਗਸਤ ਤੋਂ ਗੱਲਬਾਤ ਕਰਨ ਲਈ ਤਰਸ ਗਏ ਸਨ ਜਦੋਂ ਕੇਂਦਰ ਨੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਦਿਆਂ ਸੂਬੇ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ’ਚ ਵੰਡ ਦਿੱਤਾ ਸੀ। ਅਧਿਕਾਰੀਆਂ ਨੇ ਕਿਹਾ ਕਿ ਪੋਸਟ ਪੇਡ ਕੁਨੈਕਸ਼ਨਾਂ ’ਤੇ ਇਹ ਸੇਵਾ ਸਿਰਫ਼ ਵੁਆਇਸ ਕਾਲ ਅਤੇ ਐੱਸਐੱਮਐੱਸ ਲਈ ਹੈ। ਉਨ੍ਹਾਂ ਕਿਹਾ ਕਿ 25 ਲੱਖ ਪ੍ਰੀਪੇਡ ਮੋਬਾਈਲ ਫੋਨ ਅਤੇ ਵੱਟਸਐਪ ਸਮੇਤ ਹੋਰ ਇੰਟਰਨੈੱਟ ਸੇਵਾਵਾਂ ਅਜੇ ਬੰਦ ਰਹਿਣਗੀਆਂ।
ਪ੍ਰਸ਼ਾਸਨ ਵੱਲੋਂ ਮੋਬਾਈਲ ਸੇਵਾ ਬਹਾਲ ਕੀਤੇ ਜਾਣ ਨਾਲ ਲੋਕਾਂ ਦੇ ਚਿਹਰੇ ਖਿੜ ਗਏ ਹਨ। ਨਿਗਤ ਸ਼ਾਹ ਨੇ ਕਿਹਾ,‘‘ਅੱਜ ਦਾ ਦਿਨ ਸਾਡੇ ਲਈ ਈਦ ਤੋਂ ਘੱਟ ਨਹੀਂ ਹੈ। ਅੱਜ ਦੇ ਆਧੁਨਿਕ ਯੁੱਗ ’ਚ ਜਦੋਂ ਦੁਨੀਆਂ ਨੇੜੇ ਹੋ ਗਈ ਹੈ ਤਾਂ ਅਸੀਂ ਦੋ ਮਹੀਨਿਆਂ ਤੋਂ ਵੱਧ ਸਮੇਂ ਤਕ ਬਾਕੀ ਦੁਨੀਆਂ ਤੋਂ ਕੱਟੇ ਰਹੇ।’’ ਪੁਰਾਣੇ ਸ਼ਹਿਰ ਦੇ ਵਸਨੀਕ ਬਸ਼ਾਰਤ ਅਹਿਮਦ ਨੇ ਸਭ ਤੋਂ ਪਹਿਲਾਂ ਕਸ਼ਮੀਰ ’ਚ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਫੋਨ ਕੀਤੇ। ਇਕ ਘੰਟੇ ਦੇ ਅੰਦਰ ਉਸ ਨੇ 30 ਫੋਨ ਕਰਕੇ ਆਪਣਿਆਂ ਦੀ ਸਾਰ ਲਈ।

-ਪੀਟੀਆਈ

ਕਸ਼ਮੀਰੀਆਂ ਦੀ ਜ਼ਿੰਦਗੀ ਮੋਬਾਈਲ ਸੇਵਾਵਾਂ ਤੋਂ ਵੱਧ ਅਹਿਮ: ਰਾਜਪਾਲ

ਕਠੂਆ: ਜੰਮੂ ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਵਾਦੀ ’ਚ ਸੰਚਾਰ ਸੇਵਾਵਾਂ ’ਤੇ ਪਾਬੰਦੀ ਦਾ ਇਹ ਆਖਦਿਆਂ ਬਚਾਅ ਕੀਤਾ ਹੈ ਕਿ ਕਸ਼ਮੀਰੀਆਂ ਦੀ ਸੁਰੱਖਿਆ ਮੋਬਾਈਲ ਸੇਵਾਵਾਂ ਤੋਂ ਵੱਧ ਅਹਿਮ ਹੈ। ਉਨ੍ਹਾਂ ਕਿਹਾ ਕਿ ਅਤਿਵਾਦੀ ਆਪਣੀਆਂ ਸਰਗਰਮੀਆਂ ਚਲਾਉਣ ਅਤੇ ਕੱਟੜਤਾ ਫੈਲਾਉਣ ਲਈ ਮੋਬਾਈਲ ਸੇਵਾਵਾਂ ਦੀ ਵਰਤੋਂ ਕਰਦੇ ਹਨ। ਸ੍ਰੀ ਮਲਿਕ ਨੇ ਇਥੇ ਪ੍ਰੋਗਰਾਮ ਦੌਰਾਨ ਕਿਹਾ ਕਿ ਮੋਬਾਈਲ ਸੇਵਾਵਾਂ ਹੁਣ ਬਹਾਲ ਹੋ ਗਈਆਂ ਹਨ ਅਤੇ ਇੰਟਰਨੈੱਟ ਸੇਵਾਵਾਂ ਵੀ ਛੇਤੀ ਬਹਾਲ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਪਿਛਲੇ ਦੋ ਮਹੀਨਿਆਂ ’ਚ ਵਾਦੀ ’ਚ ਇਕ ਵੀ ਗੋਲੀ ਨਹੀਂ ਚੱਲੀ ਹੈ ਅਤੇ ਕੋਈ ਪ੍ਰਦਰਸ਼ਨ ਵੀ ਨਹੀਂ ਹੋਇਆ ਹੈ ਜਿਸ ਦਾ ਸਿਹਰਾ ਸੁਰੱਖਿਆ ਬਲਾਂ ਨੂੰ ਜਾਂਦਾ ਹੈ।

-ਪੀਟੀਆਈ

Tags :