For the best experience, open
https://m.punjabitribuneonline.com
on your mobile browser.
Advertisement

ਕਵਿਤਾਵਾਂ

04:03 AM Jun 05, 2025 IST
ਕਵਿਤਾਵਾਂ
Advertisement

ਰੁੱਖਾਂ ਦਾ ਡਾਕੀਆ

ਲਵਲਦੀਪ
ਕਦੇ ਕਿਸੇ ਦੇ ਪੀਲ਼ੇ ਪੱਤਰ
ਕਦੇ ਕਿਸੇ ਦੇ ਸਾਵੇ
ਰੋਜ਼ ਡਾਕੀਆ ਲੱਭਦਾ ਰਹਿੰਦੈ
ਰੁੱਖਾਂ ਦੇ ਸਿਰਨਾਵੇਂ।

Advertisement

ਕੱਲ੍ਹ ਖੜ੍ਹਾ ਸੀ ਡੇਕ ਦੀ ਛਾਵੇਂ
ਪੁੱਛਦਾ ਸੀ ਕੁਝ ਨਾਂ
ਕਿੱਥੇ ਮਿਲੇਗਾ ਨਿੰਮ ਨਿਮਾਣਾ
ਸੰਘਣੀ ਜੀਹਦੀ ਛਾਂ।

Advertisement
Advertisement

ਕੁਝ ਖ਼ਤ ਬਾਬੇ ਬੋਹੜਾਂ ਦੇ ਨਾਂ
ਸੁੰਨੀਆਂ ਹੋਈਆਂ ਸੱਥਾਂ
ਪੂਰੇ ਪਿੰਡ ਵਿੱਚ ਇੱਕ ਬਰੋਟਾ
ਬਾਕੀ ਕਿਸ ਨੂੰ ਪੁੱਛਾਂ।

ਕੁਝ ਖ਼ਤ ਆਏ ਪਿੱਪਲ ਦੇ ਨਾਂ
ਪੁੱਛਿਆ ਉਹਦਾ ਹਾਲ
ਕੱਲ੍ਹ ਕਿਸੇ ਨੇ ਰਾਤੀਂ ਜੀਹਦੇ
ਟਾਹਣੇ ਕਰੇ ਹਲਾਲ।

ਅਮਲਤਾਸ ਦੇ ਬਾਰੇ ਪੁੱਛਿਆ
ਕਿੱਥੇ ਉਹਦਾ ਟਿਕਾਣਾ
ਸਾਰੇ ਖੇਤਾਂ ਦੇ ਵਿੱਚ ਟੋਲਿਆ
ਮਿਲਿਆ ਨਹੀਂ ਮਰਜਾਣਾ।

ਇੱਕ ਖ਼ਤ ਬੋਲੇ ਟਾਹਲੀ ਦੇ ਨਾਂ
ਆਇਆ ਪੱਤਰ ਪੀਲਾ
ਲੱਭੇ ਨਾ ਕਿਤੋਂ ਟਾਹਲੀ ਚੰਦਰੀ
ਕੀਤਾ ਹਰ ਵਸੀਲਾ।

ਅਗਲੇ ਖ਼ਤ ਵਿੱਚ ਪੁੱਛਿਆ ਉਹਨੇਂ
ਬਰਨੇ ਦਾ ਸਿਰਨਾਵਾਂ
ਇੱਕ ਦੂਜੇ ਨੂੰ ਪੁੱਛਣ ਲੋਕੀਂ
ਇਹ ਕਿਸ ਰੁੱਖ ਦਾ ਨਾਂਵਾਂ।

ਆਖ਼ਰੀ ਖ਼ਤ ਗੁਲਮੋਹਰਾਂ ਦੇ ਨਾਂ
ਕਿੱਥੇ ਉਹ ਤੁਰ ਗਈਆਂ
ਜੀਹਦੀਆਂ ਠੰਢੀਆਂ ਛਾਵਾਂ ਨੂੰ
ਰੂਹਾਂ ਤਰਸੀਆਂ ਪਈਆਂ।

ਰੋ ਪਈ ਚੰਦਰੀ ਡੇਕ ਨਿਮਾਣੀ
ਸੁਣ ਕੇ ਇਹ ਵਰਤਾਰਾ
ਡਕੀਏ ਦੀ ਅੱਖ ਵਹਿੰਦਾ ਵੇਖਿਆ
ਉਸ ਨੇ ਹੰਝੂ ਖ਼ਾਰਾ

ਰੋਂਦੀ ਡੇਕ ਨੂੰ ਬੁੱਕਲ ਲੈ ਕੇ
ਦੇਵੇ ਦਿਲੋਂ ਦਿਲਾਸਾ
ਇੱਕ ਨਾ ਇੱਕ ਦਿਨ ਮਿਲ ਜਾਣਗੇ
ਰੱਖੀਂ ਦਿਲ ਵਿੱਚ ਆਸਾ।

ਕਦੇ ਕਿਸੇ ਦੇ ਪੀਲ਼ੇ ਪੱਤਰ
ਕਦੇ ਕਿਸੇ ਦੇ ਸਾਵੇ
ਰੋਜ਼ ਡਾਕੀਆ ਲੱਭਦਾ ਰਹਿੰਦੈ
ਰੁੱਖਾਂ ਦੇ ਸਿਰਨਾਵੇਂ।
ਸੰਪਰਕ: 92564-09885
* * *

ਰੁੱਖ ਦੀ ਕਹਾਣੀ

ਚਰਨੀ ਬੇਦਿਲ
ਅੱਖਾਂ ਵਿੱਚ ਮੱਲੋ-ਮੱਲੀ ਭਰ ਆਉਣਾ ਪਾਣੀ
ਜਦ ਸੁਣੇਂਗਾ ਤੂੰ ਬੁੱਢੇ ਰੁੱਖ ਦੀ ਕਹਾਣੀ

ਜਦ ਇੱਥੇ ਸੜਕਾਂ ਨੇ ਕਰੇ ਨੇ ਵਿਕਾਸ ਉਏ
ਤਦ ਸਾਡੇ ਨੂਰੀ ਮੁੱਖ ਹੋਏ ਨੇ ਉਦਾਸ ਉਏ
ਪੁੱਤ-ਪੋਤੇ ਕੱਟ ਦਿੱਤੇ ਧੀ ਜਵਾਂ ਪੱਟ ਦਿੱਤੀ
ਬੇਬੇ ਵੀ ਤਾਂ ਤੇਰੀ ਮੈਥੋਂ ਗਈ ਨਾ ਪਛਾਣੀ
ਅੱਖਾਂ ਵਿੱਚ ਮੱਲੋ-ਮੱਲੀ ਭਰ ਆਉਣਾ ਪਾਣੀ
ਜਦ ਸੁਣੇਂਗਾ ਤੂੰ ਬੁੱਢੇ ਰੁੱਖ ਦੀ ਕਹਾਣੀ

ਸਾਡੀਆਂ ਹੀ ਡਾਲੀਆਂ ’ਤੇ ਪੰਛੀਆਂ ਨੇ ਚੋਲ੍ਹ ਕੀਤੀ
ਸਾਡੀਆਂ ਹੀ ਛਾਵਾਂ ਹੇਠ ਰਾਹੀਆਂ ਪੜਚੋਲ ਕੀਤੀ
ਸਾਡੀਆਂ ਹੀ ਛਾਵਾਂ ਹੇਠ ਰਚੇ ਗਏ ਸੀ ਵੇਦ
ਸਾਡੀਆਂ ਹੀ ਛਾਵਾਂ ਹੇਠ ਰਚੀ ਗਈ ਸੀ ਬਾਣੀ
ਅੱਖਾਂ ਵਿੱਚ ਮੱਲੋ-ਮੱਲੀ ਭਰ ਆਉਣਾ ਪਾਣੀ
ਜਦ ਸੁਣੇਂਗਾ ਤੂੰ ਬੁੱਢੇ ਰੁੱਖ ਦੀ ਕਹਾਣੀ

ਕੁਝ ਕੁ ਦਿਨਾਂ ਦਾ ਪੁੱਤ ਮੈਂ ਵੀ ਮਹਿਮਾਨ
ਕੱਲ੍ਹ ਇਸ ਥਾਂ ’ਤੇ ਲੱਗੇ ਚੌਕ ਦੇ ਨਿਸ਼ਾਨ
ਦੋ ਚਾਰ ਦਿਨ ਗੱਲਾਂ ਕਰਨਗੇ ਲੋਕ ਬਸ
ਹੌਲੀ-ਹੌਲੀ ਤੇਰੇ ਪਿੰਡੋਂ ਯਾਦ ਮੁੱਕ ਜਾਣੀ
ਅੱਖਾਂ ਵਿੱਚ ਮੱਲੋ-ਮੱਲੀ ਭਰ ਆਉਣਾ ਪਾਣੀ
ਜਦ ਸੁਣੇਂਗਾ ਤੂੰ ਬੁੱਢੇ ਰੁੱਖ ਦੀ ਕਹਾਣੀ

ਆਖਦੇ ਸਿਆਣੇ ਰੁੱਖ ਘਰ ਨੇ ਫ਼ਕੀਰਾਂ ਦੇ
ਦੁੱਖ-ਸੁੱਖ ‘ਚਰਨੀ’ ਨੇ ਸੌਦੇ ਤਕਦੀਰਾਂ ਦੇ
ਝਿੜੀਆਂ ਵੀ ਗੁੰਮ ਨੇ ਤੇ ਚਿੜੀਆਂ ਵੀ ਗੁੰਮ ਨੇ
ਪਾਗਲਾਂ ਦੇ ਟੋਲੇ ਵਿੱਚ ਰੁਲੀ ਗੱਲ ਸਿਆਣੀ
ਅੱਖਾਂ ਵਿੱਚ ਮੱਲੋ-ਮੱਲੀ ਭਰ ਆਉਣਾ ਪਾਣੀ
ਜਦ ਸੁਣੇਂਗਾ ਤੂੰ ਬੁੱਢੇ ਰੁੱਖ ਦੀ ਕਹਾਣੀ
ਸੰਪਰਕ: 98724-46509
* * *

ਵਾਤਾਵਰਨ

ਰਜਵੰਤ ਕੌਰ ਚਨਾਰਥਲ
ਆਓ ਰਲ਼-ਮਿਲ਼ ਸਹੁੰਆਂ ਖਾਈਏ।
ਵਾਤਾਵਰਨ ਨੂੰ ਅਸੀਂ ਬਚਾਈਏ।

ਜੇ ਧਰਤੀ ’ਤੇ ਮੁੱਕ ਗਿਆ ਪਾਣੀ,
ਖ਼ਤਮ ਹੋਊ ਫਿਰ ਜੀਵਨ ਕਹਾਣੀ।
ਇਕੱਠੇ ਹੋ ਕੇ ਪ੍ਰਣ ਇਹ ਕਰੀਏ,
ਪਾਣੀ ਨੂੰ ਨਾ ਅਜਾਈਂ ਗਵਾਈਏ।
ਵਾਤਾਵਰਨ ਨੂੰ ਅਸੀਂ ਬਚਾਈਏ।

ਜੇ ਧਰਤੀ ’ਤੇ ਜੰਗਲ ਮੁੱਕ ਗਏ,
ਸਮਝੋ ਸਾਡੇ ਸਾਹ ਵੀ ਰੁਕ ਗਏ।
ਵੱਧ ਤੋਂ ਵੱਧ ਅਸੀਂ ਬੂਟੇ ਲਗਾ ਕੇ,
ਧਰਤੀ ਨੂੰ ਹਰਾ-ਭਰਾ ਬਣਾਈਏ।
ਵਾਤਾਵਰਨ ਨੂੰ ਅਸੀਂ ਬਚਾਈਏ।

ਜੇ ਪਲਾਸਟਿਕ ਨਾ ਕੀਤਾ ਬੰਦ,
ਧਰਤੀ ’ਤੇ ਫਿਰ ਪੈ ਜਾਊ ਗੰਦ।
ਇਸ ਪ੍ਰਦੂਸ਼ਣ ਨੂੰ ਸਾਫ਼ ਕਰਨ ਲਈ,
ਪਲਾਸਟਿਕ ਦੀ ਵਰਤੋਂ ਹਟਾਈਏ।
ਵਾਤਾਵਰਨ ਨੂੰ ਅਸੀਂ ਬਚਾਈਏ।

ਕੁਦਰਤ ਸਾਨੂੰ ਜ਼ਿੰਦਗੀ ਦੇਵਣਹਾਰ,
ਉਸ ਨੂੰ ਹੀ ਕਰੀਏ ਅਸੀਂ ਪਿਆਰ।
‘ਰਜਵੰਤ’ ਕੁਦਰਤ ਦੇ ਨਾਲ ਸਾਂਝਾਂ,
ਮਰਦੇ ਦਮ ਤੱਕ ਅਸੀਂ ਨਿਭਾਈਏ।
ਵਾਤਾਵਰਨ ਨੂੰ ਅਸੀਂ ਬਚਾਈਏ।
ਆਓ ਰਲ਼-ਮਿਲ਼ ਸਹੁੰਆਂ ਖਾਈਏ।
ਸੰਪਰਕ: 81465-51328
* * *

ਬੇਬੇ ਐਵੇਂ ਚਾਦਰਾਂ ’ਤੇ

ਕੁਲਵੰਤ ਕੁਠਾਲਾ
ਵਸਿਓ ਨਾ ਪਿੰਡੋਂ ਬਾਹਰ ਜ਼ੋਰ ਪਾਉਂਦੀ ਰਹਿ ਗਈ
ਬੇਬੇ ਐਵੇਂ ਚਾਦਰਾਂ ’ਤੇ ਮੋਰ ਪਾਉਂਦੀ ਰਹਿ ਗਈ

ਵਤਨਾਂ ਦੇ ਵਿੱਚ ਤੁਸੀਂ ਮਿੱਟੀ ਨੂੰ ਸੰਭਾਲਿਓ
ਰੁਲੀ ਜਾਂਦੀ ਵੇਖ ਕੇ ਹਾਏ ਗੌਰ ਫਰਮਾ ਲਿਓ
ਪਰਦੇਸੀਆਂ ਦੇ ਕੋਲ ਐਵੇਂ ਸ਼ੋਰ ਪਾਉਂਦੀ ਰਹਿ ਗਈ
ਓ ਬੇਬੇ ਐਵੇਂ ਚਾਦਰਾਂ ’ਤੇ ਮੋਰ ਪਾਉਂਦੀ ਰਹਿ ਗਈ

ਪੰਜਾਬੀ ਤੋਂ ਦੂਰ ਹੋ ਕੇ ਰੁਲ ਕਿਤੇ ਜਾਇਓ ਨਾ
ਮਾਂ ਬੋਲੀ ਦੇ ਅਹਿਸਾਨ ਨੂੰ ਭੁੱਲ ਕਿਤੇ ਜਾਇਓ ਨਾ
ਵਾਰ ਵਾਰ ਬੋਲ ਕੇ ਉਹ ਗੌਰ ਪਾਉਂਦੀ ਰਹਿ ਗਈ
ਬੇਬੇ ਐਵੇਂ ਚਾਦਰਾਂ ’ਤੇ ਮੋਰ ਪਾਉਂਦੀ ਰਹਿ ਗਈ

ਭੁੱਲ ਨਾ ਜਾਇਓ ਕਿਤੇ ਸੁਨਹਿਰੀ ਇਤਿਹਾਸ ਨੂੰ,
ਹਿੱਕ ਵਿੱਚ ਰੱਖੋ ਸ਼ਹੀਦਾਂ ਦੇ ਅਹਿਸਾਸ ਨੂੰ
ਸੁਣ ਸੁਣ ਵਾਰਾਂ ਉਹ ਲੋਰ ਪਾਉਂਦੀ ਰਹਿ ਗਈ
ਬੇਬੇ ਐਵੇਂ ਚਾਦਰਾਂ ’ਤੇ ਮੋਰ ਪਾਉਂਦੀ ਰਹਿ ਗਈ

ਮਾੜੀ ਹੁੰਦੀ ਜਾਂਦੀ ਤੁਸੀਂ ਹਵਾ ਨੂੰ ਬਚਾ ਲਿਓ
ਘਰਾਂ ਕੋਲ ਆਪਣੇ ਹਾਏ ਰੁੱਖ ਲਗਾ ਲਿਓ
ਲਾ ਲਾ ਕੇ ਉਹ ਰੁੱਖ ਹੋਰ ਹੋਰ ਲਾਉਂਦੀ ਰਹਿ ਗਈ
ਬੇਬੇ ਐਵੇਂ ਚਾਦਰਾਂ ’ਤੇ ਮੋਰ ਪਾਉਂਦੀ ਰਹਿ ਗਈ

ਵੱਸਿਓ ਨਾ ਪਿੰਡੋਂ ਬਾਹਰ ਜ਼ੋਰ ਪਾਉਂਦੀ ਰਹਿ ਗਈ
ਬੇਬੇ ਐਵੇਂ ਚਾਦਰਾਂ ’ਤੇ ਮੋਰ ਪਾਉਂਦੀ ਰਹਿ ਗਈ
ਸੰਪਰਕ: 88723-91936
* * *

ਪਿੰਡ

ਹਰਦੀਪ ਅਹਿਮਦਪੁਰ
ਵੱਡ ਵਡੇਰਿਆਂ ਦੀ ਮਿੱਟੀ
ਕੱਢਣ ਗਿਆ ਤਾਂ
ਮਟੀ ’ਤੇ ਟੱਕਰੇ ਚਾਚੇ ਨੂੰ
ਨਗਰ ਦੀ ਸੁੱਖ ਸਾਂਦ ਪੁੱਛੀ।

ਅੱਗੋਂ ਜਵਾਬ ਆਇਆ
ਤੂੰ ਹੋ ਗਿਆ ਹੁਣ ਸ਼ਹਿਰੀ,
ਤੈਨੂੰ ਹੁਣ ਨਗਰ ਨਾਲ ਕੀ...?

ਚਾਚਾ, ਬੇਸ਼ੱਕ ਮੈਂ ਸ਼ਹਿਰ ਦੇ ਚੱਕ ’ਤੇ ਚੜ੍ਹਿਆ
ਪਰ ਮਿੱਟੀ ਤਾਂ ਮੈਂ ਪਿੰਡ ਦੀ ਹੀ ਰਹੂੰ।
ਮੇਰੇ ਕਣ-ਕਣ ’ਚ
ਪਿੰਡ ਰਚਿਆ ਹੋਇਆ
ਰਗ-ਰਗ ’ਚ ਵਸਦੈ ਪਿੰਡ
ਲੋੜਾਂ ਥੁੜਾਂ ਨਾ ਹੁੰਦੀਆਂ ਤਾਂ
ਇਹੀ ਵਿਸ਼ਵ ਹੋਣਾ ਸੀ।
ਸੰਪਰਕ: 81958-70014
* * *

ਤਬਾਹੀਆਂ

ਮਨਜੀਤ ਸਿੰਘ ਬੱਧਣ
ਇਹ ਜੰਗ ਤੇ ਅਤਿਵਾਦ ਕਿਸੇ ਦੇ ਮਿੱਤ ਨਹੀਂ
ਜੇ ਇਨਸਾਨੀਅਤ ਹਰਾਈ ਕੋਈ ਜਿੱਤ ਨਹੀਂ
ਜੋ ਘਰੋਂ ਆਏ ਸੀ ਗੋਲੀਆਂ ਨੇ ਮਾਰ ਮੁਕਾਏ
ਜੋ ਘਰਾਂ ਵਿੱਚ ਸੀ ਗੋਲਿਆਂ ਨੇ ਮਾਰ ਮੁਕਾਏ

ਜੰਗਾਂ ਤਾਂ ਹੁੰਦੀਆਂ ਹੀ ਆਈਆਂ ਨੇ ਮੈਂ ਮੰਨਾਂ
ਫ਼ੌਜਾਂ ਤੇ ਫ਼ੌਜਾਂ ਚੜ੍ਹ ਹੀ ਆਈਆਂ ਨੇ ਮੈਂ ਮੰਨਾਂ
ਨਗਾਰੇ ਵੱਜੇ ਤੇ ਭੇਰੀਆਂ ਵਜਾਈਆਂ ਮੈਂ ਮੰਨਾਂ
ਤੀਰ ਵਗਾਏ ਤੇ ਤੇਗਾਂ ਚਲਾਈਆਂ ਮੈਂ ਮੰਨਾਂ

ਕਮਾਨ ਤੇ ਤੀਰਾਂ ਬਿਨਾਂ ਪ੍ਰਭੂ ਰਾਮ ਨੇ ਅਧੂਰੇ
ਸੁਦਰਸ਼ਨ ਚੱਕਰ ਬਿਨ ਪ੍ਰਭੂ ਸ਼ਾਮ ਨੇ ਅਧੂਰੇ
ਵੇਖੋ ਰੋਹ ਵਿੱਚ ਆ ਗਈ ਸ਼ੇਰਾਂ ਵਾਲੀ ਮਾਤਾ
ਪਾਰ ਬੁਲਾ ਦਿੱਤੇ ਨੇ ਸੁੰਭ ਤੇ ਨਿਸੁੰਭ ਭਰਾਤਾ

ਇਸ ਤੇਗ ਨੇ (ਗੁਰੂ) ਪਿਤਾ ਤੋਂ ਵਿਛੋੜੇ ਗੋਬਿੰਦ ਰਾਏ
ਤੇਗ ਲਹਿਰਾ ਆਪ ਸੰਗਤ ਵਿੱਚ ਉਹ ਆਏ
ਕੈਸੇ ਗੁਰ ਗੋਬਿੰਦ ਰਾਏ ਨੇ ਚੋਜ ਸੀ ਰਚਾਏ
ਇੱਕ-ਇੱਕ ਕਰ ਪੰਜ ਸੀਸ ਅੱਗੇ ਸੀ ਆਏ

ਬਾਟੇ ਵਿੱਚ ਫਿਰੇ ਖੰਡਾ, ਦੋ ਧਾਰੀ ਤਲਵਾਰ ਹੈ
ਕੀਤਾ ਗੁਰਾਂ ਨੇ ਤਦ ਹੱਥੀਂ ਅੰਮ੍ਰਿਤ ਤਿਆਰ ਹੈ
ਸਿੱਖ ਤੋਂ ਸਿੰਘ ਹੋਣ ਦੀ ਕਿਰਪਾ ਮਹਾਨ ਹੋਈ
ਖੜਗ, ਤੇਗ, ਤਲਵਾਰਾਂ ਤੋਂ ਕਿਰਪਾਨ ਹੋਈ

ਕਿਰਪਾਨ ਜੋ ਮਜ਼ਲੂਮਾਂ ਦੀ ਰਾਖੀ ਲਈ ਉੱਠੇ
ਕਿਰਪਾਨ ਜੋ ਆਨ ਦੀ ਸੱਚੀ ਸਾਖੀ ਲਈ ਉੱਠੇ
ਸ਼ਸਤਰਧਾਰੀ ਸੈਨਿਕ ਰਾਜ ਦਾ ਰਖਵਾਲਾ ਹੈ
ਸ਼ਹੀਦੀ ਤੋਂ ਬੇ-ਖ਼ੌਫ਼ੀ ਵਾਲਾ ਉਹ ਮਤਵਾਲਾ ਹੈ

ਕਿਸੇ ਦੁਸ਼ਟ, ਦੁਸ਼ਮਣ ’ਤੇ ਜਦ ਉਹ ਵਾਰ ਕਰੇ
ਵੱਜ ਲੋਹੇ ਨਾਲ ਲੋਹਾ ਰੋਹ ਭਰੀ ਟਣਕਾਰ ਕਰੇ
ਜ਼ਖ਼ਮ ਦੇਣ ਲਈ ਜੰਗ ਵਿੱਚ ਯੋਧੇ ਤਿਆਰ ਨੇ
ਜ਼ਖ਼ਮੀ ਹੋਣ ਲਈ ਜੰਗ ਵਿੱਚ ਯੋਧੇ ਤਿਆਰ ਨੇ

ਇੱਕ ਦਾ ਕੀਤਾ ਵਾਰ ਦੂਜਾ ਸਿਪਾਹੀ ਸਹਿੰਦਾ ਹੈ
ਕਿਸੇ ਦਾ ਸੂਰਜ ਚੜ੍ਹੇ ਕਿਸੇ ਦਾ ਸੀਸ ਲਹਿੰਦਾ ਹੈ
ਲੜਾਈ ਵਿੱਚ ਮੋਇਆ ਸਿਪਾਹੀ ਕਦ ਘਰ ਆਵੇ
ਜੰਗਨਾਮਿਆਂ ਤੇ ਵਾਰਾਂ ਵਿੱਚ ਸ਼ਹੀਦ ਅਖਵਾਵੇ

ਕੈਸੇ ਫਿਰ ਵਿਗਿਆਨ ਦੇ ਇਹ ਹੜ੍ਹ ਨੇ ਆਏ
ਇੱਕ ਤੋਂ ਵੱਧ ਇੱਕ ਹਥਿਆਰ ਚੜ੍ਹ ਨੇ ਆਏ
ਪਿੰਡਾਂ-ਸ਼ਹਿਰਾਂ ਵਿੱਚ ਤਬਾਹੀ ਮਚਾਉਣ ਲੱਗੇ
ਯੋਧਿਆਂ ਨਾਲ ਪਰਜਾ ਨੂੰ ਵੀ ਸੁਲਾਉਣ ਲੱਗੇ

ਹੌਸਲਾ-ਬਾਹੂਬਲ ਮੂੰਹ ਇੱਕ ਦੂਜੇ ਦਾ ਤੱਕਣ
ਪੈਸਾ-ਮਾਰੂ ਗਿਆਨ ਵਾਲੇ ਲਾਸ਼ਾਂ ’ਤੇ ਨੱਚਣ
ਮੇਰੇ ਨਾਲ ਤਬਾਹੀਆਂ ਪਰ੍ਹਾਂ ਰੱਖ ਕੇ ਤਾਂ ਵੇਖ
ਫੇਰ ਮੇਰੇ ਮੁਲਕ ’ਤੇ ਅੱਖ ਰੱਖ ਕੇ ਤਾਂ ਵੇਖ

ਮਰਜੀਵੜੇ ਹਾਂ, ਕਿਤੇ ਸਮਝੀਂ ਨਾ ਮੋਏ ਹਾਂ
ਘੋੜਿਆਂ ਦੀਆਂ ਕਾਠੀਆਂ ’ਤੇ ਵੀ ਸੋਏ ਹਾਂ
ਕਿੱਥੇ, ਕਦੋਂ, ਕੀ ਕਰਨਾ ਅਸੀਂ ਭੁੱਲੇ ਨਹੀਂ
ਸੀਸ ਤਲੀ ’ਤੇ ਧਰਨਾ ਵੀ ਅਸੀਂ ਭੁੱਲੇ ਨਹੀਂ

ਮੁਲਕ ਦੀ ਖੜਗ ਭੁਜਾ ਇਹ ਸਾਨੂੰ ਕਹਿੰਦੇ ਨੇ
ਵੈਸੇ ਛੇੜੀਏ ਨਾ ਪਰ ਛੱਡੀਏ ਨਾ ਜੋ ਖਹਿੰਦੇ ਨੇ
ਸੁਣੀਂ ਜੰਗ ਵਿੱਚ ਜੈਕਾਰੇ ‘ਬੋਲੇ ਸੋ ਨਿਹਾਲ’ ਦੇ
ਵੈਸੇ ਅਸੀਂ ਧਾਰਨੀ ਹਾਂ ‘ਸਭੇ ਸਾਂਝੀਵਾਲ’ ਦੇ
ਸੰਪਰਕ: 94176-35053
* * *

ਨਾਨਕਾ ਪਿੰਡ

ਸਤਨਾਮ ਸ਼ਾਇਰ
ਨਿੱਕਾ ਹੁੰਦਾ ਸਾਲ-ਛਿਮਾਹੀ ਆ ਜਾਂਦਾ ਸੀ।
ਮਾਮੀ ਕਹਿੰਦੀ ਪੱਕੀ ਤੇਰੀ ਹਿੰਡ ਜਾਣ ਦੀ।
ਹੁਣ ਕਿਉਂ ਨੀ ਪੁੱਤਰਾ ਜ਼ਿੱਦ ਕਰਦਾ,
ਵੇ ਤੂੰ ਨਾਨਕੇ ਪਿੰਡ ਜਾਣ ਦੀ।

ਵੇ ਤੂੰ ਤਾਂ ਹੋ ਕੇ ਰਹਿ ਗਿਆ ਦਾਦਕਿਆਂ ਦਾ।
ਤੈਨੂੰ ਭੋਰਾ ਮੋਹ ਨ੍ਹੀਂ ਆਉਂਦਾ ਨਾਨਕਿਆਂ ਦਾ।
ਚੇਤੇ ਤੇਰਾ ਚਾਹ ਦਾ ਭਰਿਆ ਚੀਨੀ ਦਾ ਕੱਪ ਡੇਗਣਾ।
ਚੇਤੇ ਤੇਰਾ ਆਉਂਦੇ ਸਾਰ ਖਿਡੌਣਿਆਂ ਨਾਲ ਖੇਡਣਾ।
ਕਿਉਂ ਨ੍ਹੀਂ ਫ਼ਿਕਰ ਤੈਨੂੰ ਖਿਡੌਣੇ ਖਿੰਡ ਜਾਣ ਦੀ।
ਹੁਣ ਕਿਉਂ ਨ੍ਹੀਂ ਪੁੱਤਰਾ ਜ਼ਿੱਦ ਕਰਦਾ,
ਵੇ ਤੂੰ ਨਾਨਕੇ ਪਿੰਡ ਜਾਣ ਦੀ।

ਨਾਨੇ-ਨਾਨੀ ਦੀਆਂ ਬਾਤਾਂ ਹਾਕਾਂ ਮਾਰਦੀਆਂ।
ਕੰਧਾਂ ਦੀਆਂ ਵਿਰਲਾਂ ਥਾਣੀ ਝਾਕਾਂ ਮਾਰਦੀਆਂ।
ਜਵਾਨੀ ਅੰਦਰ ਦਬਿਆ ਬੱਚਾ ਨਹੀਂ ਸੁਣਦਾ।
ਦੋਹਤੇ-ਦੋਹਤੀਆਂ ਦਾ ਰੌਲਾ-ਰੱਪਾ ਨਹੀਂ ਸੁਣਦਾ।
ਵਿਹੜੇ ਵਿਚਲੀ ਤੂਤ ਹਾਕਾਂ ਮਾਰਦੀ ਤੇਰੇ ਹਾਣ ਦੀ।
ਹੁਣ ਕਿਉਂ ਨ੍ਹੀਂ ਪੁੱਤਰਾ ਜ਼ਿੱਦ ਕਰਦਾ,
ਵੇ ਤੂੰ ਨਾਨਕੇ ਪਿੰਡ ਜਾਣ ਦੀ।

ਹਾਲੇ ਤਾਂ ਤੂੰ ਬੋਝ ਚੁੱਕਿਆ ਨਹੀਂ ਜ਼ਿੰਮੇਵਾਰੀਆਂ ਦਾ।
ਚੰਗਾ ਬਹਾਨਾ ਲੱਭਿਆ ਤੈਨੂੰ ਕਬੀਲਦਾਰੀਆਂ ਦਾ।
ਮੌਜਾਂ ਜੋ ਕਰੀਆਂ ਬਹਿ ਕੇ ਮਾਮੇ ਦੇ ਮੋਢੇ ’ਤੇ।
ਗੱਲਾਂ ਸਭ ਯਾਦ ਕਰੇਂਗਾ, ਪਹੁੰਚ ਕੇ ਵੱਡੇ ਅਹੁਦੇ ’ਤੇ।
ਸਾਡੇ ਲਈ ਹੋਊ ਬੜੀ ਵੱਡੀ ਗੱਲ ਮਾਣ ਦੀ।
ਹੁਣ ਕਿਉਂ ਨ੍ਹੀਂ ਪੁੱਤਰਾ ਜ਼ਿੱਦ ਕਰਦਾ,
ਵੇ ਤੂੰ ਨਾਨਕੇ ਪਿੰਡ ਜਾਣ ਦੀ।

ਕਿੰਨੇ ਸਾਲ ਹੋ ਗਏ, ਤੈਨੂੰ ਨਾਨਕੇ ਆਏ ਨੂੰ।
ਕਿੰਨੇ ਸਾਲ ਹੋ ਗਏ, ਲੱਕੜ ਦਾ ਬੂਹਾ ਖੜਕਾਏ ਨੂੰ।
ਕੀ ਹੋਇਆ ਤੂੰ ਆਉਂਦਾ ਕਿਉਂ ਨ੍ਹੀਂ ਦੱਸ ਤਾਂ ਸਹੀ।
ਹੱਸਦੇ ਹੋਏ ਪੁੱਛਦੇ ਸਾਰੇ ਕੋਈ ਗੁੱਸਾ-ਗਿਲਾ ਤਾਂ ਨਹੀਂ।
ਗਲੀ-ਗਲੀ ਤੇਰੇ ਪੈਰਾਂ ਦੀ ਪੈੜ ਪਛਾਣਦੀ।

ਹੁਣ ਕਿਉਂ ਨ੍ਹੀਂ ਪੁੱਤਰਾ ਜ਼ਿੱਦ ਕਰਦਾ,
ਵੇ ਤੂੰ ਨਾਨਕੇ ਪਿੰਡ ਜਾਣ ਦੀ।
ਸੰਪਰਕ: 98787-15593
* * *

Advertisement
Author Image

Ravneet Kaur

View all posts

Advertisement