ਕਵਿਤਾਵਾਂ
ਪੁੱਤ ਪਰਦੇਸੀ ਹੋਏ
ਦੀਪਿਕਾ ਅਰੋੜਾ
ਸੁੰਨੇ ਵਿਹੜੇ ਵੱਢ-ਵੱਢ ਖਾਵਣ, ਛਮ-ਛਮ ਨੈਣ ਨੇ ਰੋਏ
ਕਿਸ ਨੂੰ ਹਾਲ ਸੁਣਾਈਏ ਦਿਲ ਦਾ, ਪੁੱਤ ਪਰਦੇਸੀ ਹੋਏ।
ਦਰ-ਦਰ ਧੱਕੇ ਖਾ ਕੇ ਬਚੜੇ ਸਾਂਝਾਂ ਨੂੰ ਜਦ ਪਰਤਣ
ਆਸ-ਉਮੀਦਾਂ ਬਣ-ਬਣ ਹੰਝੂ ਅੱਖੀਆਂ ’ਚੋਂ ਪਏ ਡੁੱਲ੍ਹਣ
ਬੋਲ-ਕੁਬੋਲ, ਟਿੱਚਰਾਂ-ਮਿਹਣੇ ਕਿੰਨੇ ਬੋਝ ਨੇ ਢੋਏ
ਕਿਸ ਨੂੰ ਹਾਲ ਸੁਣਾਈਏ ਦਿਲ ਦਾ, ਪੁੱਤ ਪਰਦੇਸੀ ਹੋਏ।
ਇੱਕ ਦੂਜੇ ’ਤੇ ਲਾਉਣ ਤੋਹਮਤਾਂ ਰੰਗ ਸਿਆਸੀ ਵੇਖੇ
ਜੇਬਾਂ ਕੱਟ-ਕੱਟ ਭਰਨ ਤਿਜੋਰੀ ਦੇਸ਼ ਜਿਨ੍ਹਾਂ ਦੇ ਲੇਖੇ
ਕੁਰਸੀ-ਕੁਰਸੀ ਦੇ ਝਗੜੇ ’ਚ ਜਨਤਕ ਮਸਲੇ ਮੋਏ
ਕਿਸ ਨੂੰ ਹਾਲ ਸੁਣਾਈਏ ਦਿਲ ਦਾ, ਪੁੱਤ ਪਰਦੇਸੀ ਹੋਏ।
ਥਾਂ-ਥਾਂ ’ਤੇ ਨੇ ਮੇਲੇ ਲਗਦੇ ਪਰ ਰੁਜ਼ਗਾਰ ਨਾ ਮਿਲਿਆ
ਘਰ-ਜ਼ਮੀਨਾਂ ਰੱਖ ਕੇ ਗਹਿਣੇ ਪੁੱਤ ਵਿਦੇਸ਼ੀਂ ਘੱਲਿਆ
ਬੇਰੁਜ਼ਗਾਰੀ ਦੀਆਂ ਛਮਕਾਂ ਨੇ, ਸੁਪਨ ਸੁਨਹਿਰੀ ਮੋਏ
ਕਿਸ ਨੂੰ ਹਾਲ ਸੁਣਾਈਏ ਦਿਲ ਦਾ, ਪੁੱਤ ਪਰਦੇਸੀ ਹੋਏ।
ਸੰਪਰਕ: 90411-60739
* * *
ਸਿਰਨਾਵਾਂ
ਡਾ. ਸੁਖਦੇਵ ਗੁਰੂ
ਨਿੱਕੇ ਨਿੱਕੇ ਪੈਰਾਂ ’ਤੇ
ਤੁਰਦਿਆਂ
ਬੇਫ਼ਿਕਰੀ ’ਚ
ਅਠਖੇਲੀਆਂ ਕਰਦਿਆਂ
ਨੱਚਦਿਆਂ,
ਟੱਪਦਿਆਂ
ਮਾਂ ਤੋਂ ਉਂਗਲ ਛੁਡਾ
ਗੁੱਡੀਆਂ ਪਟੋਲੇ
ਗੀਟੇ ਖੇਡਣ ’ਚ ਰੁੱਝ ਜਾਣਾ
ਅੱਡੀ ਟੱਪਾ ਖੇਡਦਿਆਂ
ਪਤਾ ਹੀ ਨਾ ਲੱਗਿਆ
ਕਿ ਕਦ ਉੱਕਰਿਆ ਗਿਆ ਮਲਕੜੇ ਜਿਹੇ
ਸੰਧੂਰੀ ਸੁਗੰਧੀਆਂ ਦਾ
ਅੱਥਰਾ ਅਹਿਸਾਸ
ਸਿਰਨਾਵੇਂ ਵਾਂਗ
ਬੁੱਲ੍ਹਾਂ ’ਤੇ
ਮੁਸਕਰਾਹਟ ਬਣ
ਖਿੜ ਖਿੜ ਹੱਸਣਾ
ਫਿਰ ਸ਼ਰਮਾਅ ਜਾਣਾ
ਇੱਕ ਅਜੀਬ ਜਿਹਾ ਅਹਿਸਾਸ
ਸਮਝ ਨਾ ਲੱਗਣਾ
ਮਾਂ ਦੇ ਫ਼ਿਕਰ ਨੇ
ਝੱਟ ਗਲਵੱਕੜੀ ’ਚ ਘੁੱਟ
ਚੁੰਮ ਲੈਣਾ
ਐਵੇਂ ਬੁਝਾਰਤਾਂ ਜਿਹੀਆਂ ਪਾਉਣ ਲੱਗਣਾ
ਅਖੇ ਧੀਏ ਜਵਾਨ ਸੱਧਰਾਂ ਦਾ
ਸਿਰਨਾਵਾਂ ਸੰਭਾਲ ਕੇ ਰੱਖਣਾ
ਐਵੇਂ ਠੱਗੀ ਨਾ ਜਾਵੀਂ
ਲੁੱਟੀ ਨਾ ਜਾਵੀਂ
ਅਖੇ ਮੁਹੱਬਤ ਦੇ ਖ਼ਤ
ਹੁਣ ਪਾਕ ਦਿਲ ਨਹੀਂ
‘ਏ ਆਈ’ ਲਿਖਦੀ ਆ।
ਸੰਪਰਕ: 98146-19581
* * *
ਵਾਰਿਸ
ਡਾ. ਜਸਵੀਰ ਸਿੰਘ ਗਰੇਵਾਲ
ਮੈਂ ਸਿਰਜਕ ਸਮਾਜ ਦੀ
ਮੇਰੇ ਜੰਮਿਆਂ ਪੈਂਦੇ ਵੈਣ।
ਮੈਨੂੰ ਵਿੱਚ ਕੁੱਖਾਂ ਦੇ ਮਾਰਦੇ
ਜਨਮ ਹੀ ਨਾ ਦਿੰਦੇ ਲੈਣ।
ਮੈਂ ਪੂਰਕ ਹਾਂ ਜੀ ਪੁਰਸ਼ ਦੀ
ਮੇਰੇ ਨਾਲ ਦਰਾਇਤਾਂ ਹੋਣ।
ਮਰਜ਼ੀ ਮੁੰਡੇ ਕਰ ਸਕਦੇ ਨੇ
ਮਰਜ਼ੀਆਂ ਮੇਰੇ ’ਤੇ ਲੱਦੀਆਂ ਜਾਣ।
ਜੀ ਮੈਂ ਦੋ-ਦੋ ਘਰ ਰੁਸ਼ਨਾ ਦਿਆਂ
ਵਾਰਿਸ ਮੁੰਡੇ ਹੀ ਸਮਝੇ ਜਾਣ।
ਪੇਕੇ ਤੇ ਸਹੁਰੇ ਪਾਬੰਦੀਆਂ ਝੱਲਦੀ
ਬਰਾਬਰ ਅਧਿਕਾਰ ਕਹਿੰਦੇ ਰਹਿਣ।
ਜਨਮ ਤੋਂ ਪਹਿਲਾਂ ਧੀ ਸਿਸਕਦੀ
ਹਾੜਾ ਮੈਨੂੰ ਜਨਮ ਦੇ ਦਿਉ ਜੀ ਲੈਣ।
ਧੀਆਂ ਵਿੱਚ ਕੁੱਖਾਂ ਦੇ ਮਾਰਕੇ ਲੋਕੋ
ਕਿਉਂ ਇੱਥੇ ਵਾਰਿਸ ਲੱਭੇ ਜਾਣ?
ਮੈਂ ਸਿਰਜਕ ਹਾਂ ਸਮਾਜ ਦੀ
ਗਰੇਵਾਲ ਮੇਰੇ ਜੰਮਿਆਂ ਪੈਂਦੇ ਵੈਣ।
ਸੰਪਰਕ: 99143-46204
* * *
ਗ਼ਜ਼ਲ
ਜਸਵਿੰਦਰ ਸਿੰਘ ਰੁਪਾਲ
ਦਿਲ ਤੋਂ ਭੁਲਾ ਨਾ ਹੁੰਦੇ, ਬਚਪਨ ਦੇ ਉਹ ਦਿਹਾੜੇ।
ਚੇਤੇ ਮੁਹਾਰਨੀ ਵੀ, ਭੁੱਲੇ ਨਹੀਂ ਪਹਾੜੇ।
ਲੰਘੇ ਨੇ ਦਿਨ ਸੁਨਹਿਰੇ, ਕਾਗਜ਼ ਉਡੀਕਦੇ ਹੀ,
ਨਾ ਕਾਲ ਹੀ ਵਿਦੇਸ਼ੋਂ, ਲੱਭਣ ਕਿਤੇ ਨਾ ਲਾੜੇ।
ਦੂਹਰਾ ਏ ਲੱਕ ਹੋਇਆ, ਘਟਦਾ ਨਾ ਬੋਝ ਕਾਹਤੋਂ,
ਕਿਰਤੀ ਦੀ ਜ਼ਿੰਦਗੀ ’ਚੋਂ, ਮੁੱਕਣ ਨਾ ਕਿਉਂ ਪੁਆੜੇ?
ਧੀ ਵਿਆਹ ਨੂੰ ਹਾਂ ਨਾ ਕਰਦੀ, ਪੁੱਤਰ ਨਸ਼ੇ ’ਚ ਡੁੱਬਾ,
ਸੌਂ ਸਕੇ ਉਹ ਬਾਪ ਕਿੱਦਾਂ, ਵੱਜਣ ਕਿਵੇਂ ਘੁਰਾੜੇ?
ਸੁਣਦੀ ਏ ਰੋਜ਼ ਖ਼ਬਰਾਂ, ਭੁੱਖ ਨੀਂਦ ਉੱਡੀ ਮਾਂ ਦੀ,
ਬੇਟੇ ‘ਰੁਪਾਲ’ ਦੋਵੇਂ, ਜਿਸ ਨੇ ਜਹਾਜ਼ ਚਾੜ੍ਹੇ?
ਸੰਪਰਕ: 98147-15796
* * *
ਗ਼ਜ਼ਲ
ਬਲਵਿੰਦਰ ਬਾਲਮ ਗੁਰਦਾਸਪੁਰ
ਰੁੱਸਣ ਮੰਨਣ ਵਾਲੀ ਕੋਈ ਥਾਂ ਲਗਦੀ।
ਧੁੱਪੇ ਲਗਦੀ ਧੁੱਪ ਤੇ ਛਾਵੇਂ ਛਾਂ ਲਗਦੀ।
ਇੱਕ ਨਦੀ ਜੋ ਖੇਤਾਂ ਦੇ ਵਿੱਚ ਆਉਂਦੀ ਹੈ,
ਕਰਦੀ ਜਦ ਹਰਿਆਲੀ ਤਾਂ ਇੱਕ ਮਾਂ ਲਗਦੀ।
ਚੁੱਪ ਦਾ ਫਿਰ ਅੰਦਾਜ਼ਾ ਕੌਣ ਲਗਾ ਸਕਦਾ,
ਮੱਥੇ ਦੀ ਸਿਲਵਟ ਤੋਂ ਨਾ ਜਾਂ ਹਾਂ ਲਗਦੀ।
ਜਗਦੀ ਬੱਤੀ ਵੇਖੀ ਬੁਝਦੀ ਵੇਖੀ ਏ,
ਇੱਕ ਸਵੇਰਾ ਲਗਦੀ ਨ੍ਹੇਰਾ ਜਾਂ ਲਗਦੀ।
ਤੂੰ ਹੋਵੇਂ ਤਾਂ ਰਸ ਭਿੰਨਾ ਸੰਗੀਤ ਸੁਣੇ,
ਵਰਨਾ ਸਾਰੀ ਧਰਤੀ ਹੀ ਚੁੱਪ ਚਾਂ ਲਗਦੀ।
ਬਾਝ ਭਰਾਵਾਂ ਏਦਾਂ ਜੀਵਨ ਹੁੰਦਾ ਹੈ,
ਜਿੱਦਾਂ ਤਨ ਤੋਂ ਲੱਥੀ ਹੋਈ ਬਾਂਹ ਲਗਦੀ।
ਤੇਰੇ ਸਾਹਾਂ ਦੀ ਇਹ ਪਹਿਲੀ ਉਲਫ਼ਤ ਹੈ,
ਸ਼ੂਕ ਰਹੇ ਦਰਿਆਵਾਂ ਦੀ ਸ਼ਾਂ-ਸ਼ਾਂ ਲਗਦੀ।
ਬਾਲਮ ਭੁੱਖ ਜੇ ਸਾਰੀ ਸੀਮਾ ਲੰਘ ਜਾਵੇ,
ਸੁੱਕੀ ਰੋਟੀ ਇੱਕ ਪਰੌਂਠੀ ਤਾਂ ਲਗਦੀ।
ਸੰਪਰਕ: 98156-25409
* * *
ਤੇਰੀ ਨਜ਼ਰ
ਰਣਜੀਤ ਆਜ਼ਾਦ ਕਾਂਝਲਾ
ਅੱਜ ਤੇਰੀ ਨਜ਼ਰ ਮਿੱਤਰਾ ਕੌਣ ਐਸਾ ਜੋ ਚੜ੍ਹ ਗਿਆ?
ਤੇਰੇ ਚਿਹਰੇ ਦਾ ਰੰਗ ਯਾਰਾ ਕਿੰਨਾ ਗੂੜ੍ਹਾ ਕਰ ਗਿਆ?
ਸੰਭਾਲ ਲਿਆ ਓਸ ਨੂੰ ਨਜ਼ਰਾਂ ਦੀ ਤੱਕੜੀ ’ਚ ਤੋਲ ਕੇ,
ਹਨੇਰਾ ਘਰ ਮਿਰਾ ਵੇਖ ਰੌਸ਼ਨੀ ਦੇ ਨਾਲ ਭਰ ਗਿਆ।
ਦੋ ਕਦਮ ਦਾ ਫਾਸਲਾ ਸੀ ਬਸ ਨੇੜੇ ਆ ਢੁੱਕਿਆ ਉਹ,
ਦੇਖਦੇ ਦੇਖਦੇ ਚੰਦਰਾ ਗੁਆਂਢੀ ਦੀ ਪੌੜੀ ਚੜ੍ਹ ਗਿਆ।
ਮਨ ਦੀ ਤਹਿ ’ਤੇ ਉੱਕਰਿਆ ਨਕਸ਼ ਵੀ ਵਿਲੱਖਣ ਹੈ,
ਸ਼ੀਸ਼ੇ ’ਤੇ ਬਣੇ ਚਿੱਤਰ ਦਾ ਅਕਸ ਮੱਧਮ ਕਰ ਗਿਆ।
ਜਾਣਦੇ ਸੋਈ ਜੋ ਵਣਜ ਕਰ ਇਸ਼ਕ ਦਾ ਨਦੀ ’ਚ ਠੇਲਦੇ,
ਹੋਰਾਂ ਦੀਆਂ ਨਜ਼ਰਾਂ ’ਚ ਸੌਦਾ ਘਾਟੇ ਦਾ ਹੀ ਕਰ ਗਿਆ।
ਮਿੱਠੇ ਬੋਲਾਂ ਦੇ ਠਹਾਕੇ ਦਰ ਠਹਾਕੇ ਵੱਜਦੇ ਸੁਣ ਰਹੇ ਹਾਂ,
ਜਦੋਂ ਦਾ ਉਹ ਸਾੜ ਝੁੱਗੀ ਅਪਣੀ ਸੁਆਹ ਕਰ ਗਿਆ।
‘ਆਜ਼ਾਦ’ ਹੋ ਕੇ ਵੀ ਗ਼ੁਲਾਮੀ ਭਰੇ ਦਿਹਾੜੇ ਹਾਂ ਕੱਟ ਰਹੇ,
ਅਪਣੀ ਜਾਣੀ ਤਾਂ ਸਮੁੱਚੇ ਦੇਸ਼ ਨੂੰ ਆਜ਼ਾਦ ਕਰ ਗਿਆ।
ਸੰਪਰਕ: 94646-97781
* * *
ਗ਼ਜ਼ਲ
ਅਮਨ ਦਾਤੇਵਾਸੀਆ
ਰਾਜਨ ਨੂੰ ਜੇ ਭਾਵੇ ਰਿਆਇਆ।
ਗੀਤ ਖ਼ੁਸ਼ੀ ਦੇ ਗਾਵੇ ਰਿਆਇਆ।
ਜੇ ਰਾਜਨ ਮਨਮੱਤੀਆਂ ਕਰਦੈ,
ਫੇਰ ਨਾ ਮੂੰਹ ਨੂੰ ਲਾਵੇ ਰਿਆਇਆ।
ਰਾਜਨ ਬਣ ਲਊ ਸਾਰ ਅਸਾਡੀ,
ਤਾਂ ਹੀ ਤਖ਼ਤ ਬਿਠਾਵੇ ਰਿਆਇਆ।
ਹਰ ਸ਼ੈਅ ਦਾ ਕੋਈ ਆਗੂ ਹੁੰਦੈ,
ਤਾਂ ਹੀ ਚਲਨ ਚਲਾਵੇ ਰਿਆਇਆ।
ਮੋਹਰੀ ਦੇ ਨਾਲ ਦੁੱਖ-ਸੁਖ ਹੋਵੇ,
ਐਸੀ ਬਣਤ ਬਣਾਵੇ ਰਿਆਇਆ।
ਜੇ ਰਾਜਨ ਦੋ ਕਦਮ ਵਧਾਉਂਦਾ,
ਹੱਸ ਕੇ ਚਾਰ ਉਠਾਵੇ ਰਿਆਇਆ।
ਰਾਜਨ ਨਹੀਂ ਕੋਈ ਵਿਧੀ ਵਿਧਾਤਾ,
ਇਹ ਤਾਂ ਸ਼ਾਨ ਵਧਾਵੇ ਰਿਆਇਆ।
ਰਾਜਨ ਦੀ ਮੱਤ ਤਾਂ ਹੀ ਟੁੁੰਭਦੀ,
ਜੇ ਹਾਂ ’ਚ ਹਾਂ ਮਿਲਾਵੇ ਰਿਆਇਆ।
ਜਦ ‘ਅਮਨ’ ਸਿਰੋਂ ਪਾਣੀ ਲੰਘਦਾ,
ਖ਼ੁਦ ਨੂੂੰ ਫੇਰ ਬਚਾਵੇ ਰਿਆਇਆ।
ਸੰਪਰਕ: 94636-09540
* * *
ਚਿੜੀਏ
ਮਨਜੀਤ ਸਿੰਘ ਬੱਧਣ
ਜਾ ਉੱਡ ਜਾ ਚਿੜੀਏ! ਮਰ ਜਾ ਚਿੜੀਏ!
ਇਹ ਕੀ ਗੱਲ ਹੋਈ! ਸਮਝਾ ਜਾ ਚਿੜੀਏ।
ਇਹ ਕੋਈ ਗੱਲ ਨਾ ਹੋਈ ਸੁਣ ਜਾ ਚਿੜੀਏ।
ਆ ਜਾ ਚਿੜੀਏ, ਬਹਿ ਜਾ ਚਿੜੀਏ... ... ...
ਨੀ ਡਰ ਨਾ, ਸਦਾ ਤੈਨੂੰ ਮੈਂ ਕੋਲ ਨਾ ਰੱਖਣਾ।
ਇਹ ਵਿਹੜਾ ਤਾਂ ਅਸਾਂ ਭੀ ਕਰਨਾ ਸੱਖਣਾ।
ਲੈ ਚੁਗ ਕੁਝ ਦਾਣੇ, ਬਰਕਤ ਪਾ ਜਾ ਚਿੜੀਏ,
ਆ ਜਾ ਚਿੜੀਏ, ਬਹਿ ਜਾ ਚਿੜੀਏ... ... ...
ਕਿਸੇ ਵੇਲ਼ੇ ਘਰ-ਘਰ ਵਿੱਚ ਤੁਹਾਡਾ ਡੇਰਾ ਸੀ।
ਵਾਂਙ ਫੱਕਰਾਂ ਤੁਹਾਡਾ ਹੁੰਦਾ ਨਿੱਤ ਦਾ ਫੇਰਾ ਸੀ।
ਪੱਕੇ ਘਰਾਂ ਦੇ ਕੱਚਿਆਂ ਨੂੰ ਖ਼ੈਰ ਪਾ ਜਾ ਚਿੜੀਏ,
ਆ ਜਾ ਚਿੜੀਏ, ਬਹਿ ਜਾ ਚਿੜੀਏ... ... ...
ਤੁਹਾਡਾ ਚਹਿਚਹਾਉਣਾ ਹੀ ਦਿਨ ਦਾ ਚੜ੍ਹਨਾ।
ਚਾਟੀ ਵਿੱਚ ਮਧਾਣੀ ਕਿਤੇ ਦੁੱਧ ਦਾ ਕੜ੍ਹਨਾ।
ਬੜਾ ਕੁਝ ਖੁੰਝਿਆ, ਕੁਝ ਯਾਦ ਕਰਾ ਜਾ ਚਿੜੀਏ,
ਆ ਜਾ ਚਿੜੀਏ, ਬਹਿ ਜਾ ਚਿੜੀਏ... ... ...
ਘੁੰਮਦਾ ਚਰਖਾ ਛੱਡ, ਬੇਬੇ ਉੱਠ ਭੱਜੀ ਸੀ।
ਤੇਰੀ ਇੱਕ ਵੱਡੀ ਵਡੇਰੀ ਪੱਖੇ ਜਾ ਵੱਜੀ ਸੀ।
ਕਿੱਕਰ ਹੇਠਾਂ ਦੱਬੀ, ਪਲਕਾਂ ਸੁਕਾ ਜਾ ਚਿੜੀਏ,
ਆ ਜਾ ਚਿੜੀਏ, ਬਹਿ ਜਾ ਚਿੜੀਏ... ... ...
ਨੀ ਚਿੜੀਏ! ਅਸੀਂ ਕਿੰਨੀ ਤਰੱਕੀ ਕਰ ਗਏ।
ਜਿੱਤਦੇ-ਜਿੱਤਦੇ ਅਸੀਂ ਬਹੁਤ ਕੁਝ ਹਰ ਗਏ!
ਬੰਦੇ ਨੂੰ ਮੁੜ ਇਨਸਾਨ ਬਣਾ ਜਾ, ਨੀ ਅੜੀਏ!
ਆ ਜਾ ਚਿੜੀਏ ਬਹਿ ਜਾ ਚਿੜੀਏ... ... ...
ਲੋਕੀਂ ਆਖਣ ਕੁੜੀਆਂ ਚਿੜੀਆਂ ਹੁੰਦੀਆਂ।
ਚਿਹਰੇ ਹੱਸਦੇ ਨੇ ਅੱਖਾਂ ਗਿੜੀਆਂ ਹੁੰਦੀਆਂ।
ਸਜਾ ਸੁਫ਼ਨੇ ਇਨ੍ਹਾਂ ਨੂੰ ਵੀ ਹਸਾ ਜਾ ਚਿੜੀਏ,
ਆ ਜਾ ਚਿੜੀਏ, ਬਹਿ ਜਾ ਚਿੜੀਏ... ... ...
ਸੁਣ! ਜਿੰਦੜੀ ਤੇਰੀ, ਖੰਭ ਤੇਰੇ, ਉਡਾਣ ਤੇਰੀ।
ਉੱਡ-ਮਰ ਸੁਣ ਕੇ ਉੱਡੀਂ-ਮਰੀਂ ਨਾ, ਮੰਨ ਮੇਰੀ।
ਮੇਰੀ ਇਸ ਦਰਖ਼ਾਸਤ ’ਤੇ ਪੰਜਾ ਲਾ ਜਾ ਚਿੜੀਏ,
ਆ ਜਾ ਚਿੜੀਏ, ਬਹਿ ਜਾ ਚਿੜੀਏ... ... ...
ਸੰਪਰਕ: 94176-35053
* * *
ਗ਼ਜ਼ਲ
ਜਗਤਾਰ ਪੱਖੋ
ਤੇਰੀ ਚਾਹ ਵਿੱਚ ਚਾਅ ਏ ਸੱਜਣ।
ਹੁਣ ਪੀਣੇ ਦਾ ਭਾਅ ਏ ਸੱਜਣ।
ਹੋਂਠ ਤੇਰੇ ਜੋ ਛੂਹ ਕੇ ਗੁਜ਼ਰੀ,
ਸੂਹੀ ਹੋ ਗਈ, ਵਾਅ ਏ ਸੱਜਣ।
ਉਮਰਾਂ ਦੀਆਂ ਕੈਦਾਂ ਕਰੀਆਂ,
ਲਾਇਆ ਕਿਹੜਾ ਲਾਅ ਏ ਸੱਜਣ।
ਬਿਰਹਾ ਜਿਸ ’ਚੋਂ ਹਰ ਪਲ਼ ਰਿਸਦੀ,
ਦਿਲ ਦੇ ਡੂੰਘੇ ਘਾਅ ਏ ਸੱਜਣ।
ਫੇਰ ਮੁਹੱਬਤ ਹੁਬਕੀਂ ਰੋਵੇ
ਬਣ ਜਾਂਦੀ ਜਦ ਦਾਅ ਏ ਸੱਜਣ।
ਤਾਂਘ ਤਿਰੀ ਵਿੱਚ ਸਦ ਹੀ ਬਲਣਾ,
ਏਨਾ ਅੰਦਰ ਤਾਅ ਏ ਸੱਜਣ।
ਸੰਪਰਕ: 94651-96946
* * *
ਗ਼ਜ਼ਲ
ਗੋਗੀ ਜ਼ੀਰਾ
ਖਾ-ਖਾ ਧੱਕੇ ਹੋ ਗਏ ਪੱਕੇ,
ਗੋਲੇ ਤੋਂ ਹੁਣ ਬਣ ਗਏ ਯੱਕੇ।
ਕੀਲ ਪਟਾਰੀ ਪਾਵਣ ਵਾਲੇ,
ਸਾਡੇ ਸਬਰਾਂ ਕੋਲੋਂ ਅੱਕੇ।
ਜਾਣ ਬੇਗਾਨਾ ਲੰਘਦੇ ਸੀ ਜੋ,
ਸਮਾਂ ਆਉਣ ’ਤੇ ਬਣ ਰਹੇ ਸੱਕੇ।
ਤੂੰ ਸਾਡਾ ਸੀ ਸਾਡਾ ਹੀ ਰਹਿਣਾ,
ਇਹ ਦਿਲ ਨਾ ਕਿਸੇ ਹੋਰ ਨੂੰ ਤੱਕੇ।
ਅੰਤ ਹੋ ਰਿਹਾ ਦੁੱਖਾਂ ਦੀ ਔੜ ਦਾ,
ਚੱਲਣ ਲੱਗੇ ਸੁੱਖਾਂ ਦੇ ਠੱਕੇ।
ਇੱਕੋ ਅਰਦਾਸ ‘ਗੋਗੀ’ ਦੀ ਮਾਲਕਾ,
ਹਰ ਘਰ ਦੇ ਵਿੱਚ ਰੋਟੀ ਪੱਕੇ।
ਸੰਪਰਕ: 97811-36240