For the best experience, open
https://m.punjabitribuneonline.com
on your mobile browser.
Advertisement

ਕਵਿਤਾਵਾਂ

04:02 AM May 22, 2025 IST
ਕਵਿਤਾਵਾਂ
Advertisement

ਯੁੱਧ ਕੀਹਦੇ ਨਾਲ ਲੜੀਏ?

ਲਖਵਿੰਦਰ ਸਿੰਘ ਬਾਜਵਾ
ਛੱਡੋ ਯੁੱਧ ਦੇਸ਼ਾਂ ਨਾਲ ਦੇਸ਼ਾਂ ਦਿਓ ਹਾਕਮੋ ਉਏ,
ਯੁੱਧ ਲੜ ਵੈਰ ਨਾ ਸਹੇੜੀਏ।
ਲੱਗੇ ਜੋ ਕੁਰੀਤੀਆਂ ਦੇ ਕੋਹੜ ਨੇ ਸਮਾਜ ਉੱਤੇ,
ਰਲ ਉਨ੍ਹਾਂ ਖ਼ਿਲਾਫ਼ ਯੁੱਧ ਛੇੜੀਏ।

Advertisement

ਨਸ਼ਿਆਂ ਖ਼ਿਲਾਫ਼ ਯੁੱਧ ਲੜਨਾ ਜ਼ਰੂਰ ਪੈਣਾ,
ਕੰਨੀ ਕਤਰਾਓ ਕਾਹਤੋਂ ਏਸ ਤੋਂ।
ਦੁਸ਼ਮਣ ਵੱਡਾ ਇਹ ਜਵਾਨੀਆਂ ਦਾ ਘਾਣ ਕਰੇ,
ਜਾਨ ਛੁਡਵਾ ਦਿਓ ਕਲੇਸ਼ ਤੋਂ।

Advertisement
Advertisement

ਫ਼ਿਰਕੂ ਜਨੂੰਨ ਦੇ ਖ਼ਿਲਾਫ਼ ਲੜੋ ਯੁੱਧ ਯਾਰੋ,
ਕਿਲਾ ਕੌਮੀ ਏਕਤਾ ਉਸਾਰ ਕੇ।
ਲੋਕਾਂ ਨੂੰ ਦਿਵਾਓ ਅਭੈਦਾਨ ਏਸ ਸ਼ਿਕਰੇ ਤੋਂ,
ਦਿਲੋਂ ਮੰਦੀ ਭਾਵਨਾ ਨੂੰ ਮਾਰ ਕੇ।

ਫੈਲਿਆ ਪਾਖੰਡਵਾਦ ਬਣ ਕੇ ਨਸੂਰ ਭੈੜਾ,
ਏਸ ਦੇ ਖ਼ਿਲਾਫ਼ ਹੱਲਾ ਬੋਲੀਏ।
ਠੱਗ ਚੋਰ ਤਸਕਰ ਸੋਧ ਦਿਓ ਸਾਰੇ ਫੜ,
ਪਾਜ ਇਨ੍ਹਾਂ ਵਾਲੇ ਕੁੱਲ ਖੋਲ੍ਹੀਏ।

ਉੱਤੇ ਪੂੰਜੀਵਾਦ ਦੇ ਬਰਾਬਰੀ ਚਲਾਓ ਤੋਪ,
ਹੱਕ ਖੋਹਣ ਵਾਲੇ ਫੜ ਫੁੰਡੀਏ।
ਬੂਟਾ ਊਚ ਨੀਚ ਦਾ ਜੋ ਬੀਜਿਆ ਏ ਸ਼ਾਤਰਾਂ ਨੇ,
ਮੁੱਢੋਂ ਫੜ ਏਸ ਨੂੰ ਮਰੁੰਡੀਏ।

ਰਗੜੋ ਬਲਾਤਕਾਰੀ ਨਾਲ ਹੀ ਛਿਨਾਰ ਨਾਰੀ,
ਇੱਜ਼ਤਾਂ ਦਾ ਮਾਰੀਏ ਮੈਦਾਨ ਜੀ।
ਦੁਨੀਆ ’ਤੇ ਹੋਵੇ ਬੋਲਬਾਲਾ ਨੇਕ ਬੰਦਿਆਂ ਦਾ,
ਮਨਾ ਵਿੱਚੋਂ ਮਾਰੀਏ ਸ਼ੈਤਾਨ ਜੀ।

ਰਿਸ਼ਵਤਖੋਰੀ ਦੇ ਖ਼ਿਲਾਫ਼ ਹੋਈਏ ਲਾਮਬੰਦ,
ਨਾਮ ਇਹਦਾ ਜੱਗ ਤੋਂ ਮਿਟਾ ਦੇਈਏ।
ਦਾਜ ਉੱਤੇ ਵਾਰ ਕਰ ਅਕਲਾਂ ਦੋਨਾਲੀਆਂ ਦੇ,
ਮੁੱਢ ਮੂਲ ਏਸ ਦਾ ਮੁਕਾ ਦੇਈਏ।

ਬੇਲੋੜੇ ਫੈਸ਼ਨ ਨੰਗੇਜ਼ ਤਾਈਂ ਲਲਕਾਰ,
ਗੋਲੇ ਮਾਰ ਸਾਦਗੀ ਉਡਾ ਦੇਈਏ।
ਕਾਮ ਦੀ ਭੱਠੀ ’ਚ ਜਿਹੜੇ ਝੋਕਦੇ ਜਵਾਨੀਆਂ ਨੂੰ,
ਹੱਲਾ ਬੋਲ ਗੰਦਗੀ ਮੁਕਾ ਦੇਈਏ।

ਦੈਂਤ ਜੋ ਜਹਾਲਤ ਦਾ ਅਜੇ ਨਹੀਂ ਮਾਰ ਹੋਇਆ,
ਅਕਲ ਮਿਜ਼ਾਈਲ ਇਹਨੂੰ ਮਾਰੀਏ।
ਅੰਧ-ਵਿਸ਼ਵਾਸ ਦੀਆਂ ਫ਼ੌਜਾਂ ਤਾਈਂ ਮਾਤ ਦੇ ਕੇ,
ਸੁੰਦਰ ਸਮਾਜ ਨੂੰ ਉਸਾਰੀਏ।

ਪਲਟਣ ਮਾਰੀਏ ਇਹ ਬੇਰੁਜ਼ਗਾਰੀ ਵਾਲੀ,
ਰੁਜ਼ਗਾਰ ਯੁਕਤ ਬਣਾ ਦੇਈਏ।
ਮਹਿੰਗਾਈ ਵਾਲਾ ਕਰ ਮੋਰਚਾ ਫ਼ਤਹਿ ਜੇ ਲਈਏ,
ਹਾਸੇ ਹਰ ਮੁਖ ’ਤੇ ਖਿੰਡਾ ਦੇਈਏ।

ਐਟਮ ਸਵੱਛਤਾ ਦਾ ਦੈਂਤ ਪ੍ਰਦੂਸ਼ਣ ’ਤੇ,
ਸੁੱਟੀਏ ਨਾ ਖੋਜ ਰਹੇ ਏਸ ਦਾ।
ਜ਼ਹਿਰ ਦੀ ਤਜਾਰਤ ’ਤੇ ਸੀਜ਼ ਫਾਇਰ ਖੋਲ੍ਹ ਦੇਈਏ,
ਮਾਰੋ ਵੈਰੀ ਫਨੀਅਰ ਦੇਸ਼ ਦਾ।

ਜਾਤੀਵਾਦ ਮਜ਼ਹਬ ਦਾ ਢਾਹ ਦੇਈਏ ਕਿਲ੍ਹਾ,
ਓਥੇ ਏਕਤਾ ਦਾ ਮੰਦਰ ਉਸਾਰੀਏ।
ਉਹ ਜੰਗ ਛੱਡ ਆਓ ਇਹ ਜੰਗਾਂ ਲੜੀਏ,
ਵਿਕਾਸ ਦਾ ਪਸਾਰ ਹੀ ਪਸਾਰੀਏ।

ਬਾਜਵਾ ਪਿਆਰ ਦੇ ਚਲਾ ਕੇ ਚੰਗੇ ਕਾਰਤੂਸ,
ਨਫ਼ਰਤ ਮਨਾ ਵਿੱਚੋਂ ਮਾਰੀਏ।
ਜੰਗ ਦੀ ਭੱਠੀ ’ਚ ਛੱਡ ਝੋਕਣਾ ਜਹਾਨ ਸਾਰਾ,
ਮੂੰਹ ਮੱਥਾ ਧਰਾ ਦਾ ਸਵਾਰੀਏ।
ਸੰਪਰਕ: 94167-34506, 97296-08492
* * *

ਗ਼ਜ਼ਲ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਗੋਲੀ ਛੱਡ ਤੇ ਗੱਲ ਕਰ ਤੂੰ
ਅੱਜ ਨਹੀਂ ਤੇ ਕੱਲ੍ਹ ਕਰ ਤੂੰ।
ਜੰਗ ਤਾਂ ਮੌਤ ਹੀ ਵੰਡਦੀ ਏ
ਐਵੇਂ ਨਾ, ਇਹ ਝੱਲ ਕਰ ਤੂੰ।
ਵੈਰੀ ਮਾਰੇਂ, ਵੈਰ ਨਾ ਮਿਟਣਾ
ਵੈਰੀ ਆਪਣੇ ਵੱਲ ਕਰ ਤੂੰ।
ਜੰਗ ਦੇ ਨਾਲੋਂ ਜੋ ਨੇ ਵੱਡੇ
ਪਹਿਲਾਂ ਮਸਲੇ ਹੱਲ ਕਰ ਤੂੰ।
ਦਿਲਬਰ ਤੂੰ ਨਾ ਵਕਤ ਲੰਘਾ
ਪਹਿਲ ਜੇ ਕਰਨੀ, ਚੱਲ ਕਰ ਤੂੰ।
ਸੰਪਰਕ: 97816-46008
* * *

ਪਿਆਰ ਦੀਆਂ ਤੰਦਾਂ

ਅਜੀਤ ਖੰਨਾ
ਕੀ ਨੇ ਸਰਹੱਦਾਂ
ਤੇ ਕਿਉਂ ਨਹੀਂ ਖੁੱਲ੍ਹਾ ਛੱਡਦੇ
ਕੁਦਰਤ ਦੀ ਕਾਇਨਾਤ ਨੂੰ
ਕਿਉਂ ਲਕੀਰ ਮਾਰ ਸਰਹੱਦਾਂ ’ਚ ਕੈਦ ਕਰੀ ਬੈਠੇ ਹਾਂ
ਕੁਦਰਤ ਦੀ ਬਖ਼ਸ਼ੀ ਦਾਤ ਨੂੰ
ਧਰਮ, ਜਾਤ, ਕੌਮ
ਸਭ ਕੀ ਹੈ?
ਕਿਉਂ ਲੜਦਾ ਹੈ
ਮਜ਼ਹਬ ਦੇ ਨਾਂ ’ਤੇ ਇਨਸਾਨ
ਆਓ! ਪੰਛੀਆਂ ਵਾਂਗ
ਖੁੱਲ੍ਹੇ ਅਸਮਾਨ ਉਡਾਰੀ ਮਾਰੀਏ
ਨਾ ਸਰਹੱਦ ਹੋਵੇ
ਨਾ ਆਰ ਪਾਰ ਦਾ ਡਰ
ਪਿਆਰ ਦੀਆਂ ਤੰਦਾਂ ਬੁਣ
ਇਨਸਾਨ ਬਣੀਏ
ਨਾ ਪਰਮਾਣੂ ਵੱਲ ਵਧ ਹੈਵਾਨ
ਆਓ! ਭੁੱਖਮਰੀ, ਗ਼ਰੀਬੀ
ਤੇ ਜਾਨ ਦਾ ਖੌਅ ਬਣੀਆਂ
ਲਾਇਲਾਜ ਬਿਮਾਰੀਆਂ ਵਿਰੁੱਧ
ਇੱਕਜੁਟ ਹੋ ਕੇ ਜੰਗ ਵਿੱਢੀਏ
ਇਹੋ ਇਨਸਾਨ ਦਾ ਸੱਚਾ
ਖੰਨੇ ਧਰਮ, ਕਰਮ ਤੇ ਫਰਜ਼ ਹੈ।
ਸੰਪਰਕ: 76967-54669
* * *

ਪਿੰਡ ਦੀ ਸੱਥ

ਅਮਰਜੀਤ ਸਿੰਘ ਫੌਜੀ
ਕਈ ਅੱਧਖੜ ਤੇ ਬੁੱਢੇ ਠੇਰੇ
ਪਿੰਡ ਦੀ ਸੱਥ ਵਿੱਚ ਬੰਦੇ ਬੈਠੇ
ਦਾਣਾ ਫੱਕਾ ਸਾਂਭ ਕੇ ਤੂੜੀ
ਮੁਕਾ ਕੇ ਸਭ ਕੰਮ ਧੰਦੇ ਬੈਠੇ

ਹੋ ਗਏ ਛਾਵੇਂ ਧੁੱਪ ਤੋਂ ਡਰਦੇ
ਇੱਕ ਦੂਜੇ ਨਾਲ ਗੱਲਾਂ ਕਰਦੇ
ਪਾਣੀ ਬਹੁਤ ਹੀ ਡੂੰਘੇ ਹੋ ਗਏ
ਹੁਣ ਕੀ ਕਰੀਏ ਹਾਉਕੇ ਭਰਦੇ!

ਬੋਲ ਪਿਆ ਬਲਜੀਤ ਕਾ ਘੋਨਾ
ਹੁਣ ਨਹੀਂ ਲੱਗਣਾ ਪੂਸਾ ਝੋਨਾ
ਉਹਨੂੰ ਕਹਿੰਦਾ ਰਾਜਾ ਸ਼ਰਮਾ
ਛੱਡ ਝੋਨਾ ਬੀਜੋ ਮੱਕੀ ਨਰਮਾ

ਮੇਜਰ ਕਹਿੰਦਾ ਸੁਣ ਉਏ ਸੱਜਣਾ
ਗੱਲ ਤਾਂ ਤੇਰੀ ਬਹੁਤ ਸਿਆਣੀ
ਬੋਰ ਵੀ ਡੂੰਘਾ ਕਰਨਾ ਪੈਣੈ
ਮੋਟਰ ਵੀ ਹੁਣ ਛੱਡ ਗਈ ਪਾਣੀ

ਕੰਨ ਜਿਹੇ ਸਿੱਟ ਕੇ ਕਹਿੰਦਾ ਕਾਲਾ
ਸੁਣ ਲੈ ਗੱਲ ਮੇਰੀ ਸ਼ਰਮੇ ਤਾਊ
ਨਰਮਾ ਆਪਾਂ ਬੀਜ ਲਵਾਂਗੇ
ਚੁਗਣ ਲਈ ਲੇਬਰ ਕਿੱਥੋਂ ਆਊ?

ਡੇਅਰੀ ਵਾਲਾ ਬਿੰਦਰ ਕਹਿੰਦਾ
ਲੇਬਰ ਤੋਂ ਕਿਉਂ ਆਪਾਂ ਡਰੀਏ
ਢੰਗ ਅਪਣਾ ਕੇ ਪਹਿਲਾਂ ਵਾਲਾ
ਇੱਕ ਦੂਜੇ ਨਾਲ ਵੀੜ੍ਹੀ ਕਰੀਏ!

ਥੋੜ੍ਹਾ ਚਿਰ ਚੁੱਪ ਰਹਿਣ ਤੋਂ ਪਿੱਛੋਂ
ਕਰਨੈਲ ਤੇ ਮੱਘਰ ’ਕੱਠੇ ਬੋਲੇ
ਖੇਤੀ ਕਰਮਾਂ ਸੇਤੀ ਹੋ ਗਈ
ਦਿਲ ਦੇ ਦੁੱਖੜੇ ਬਹੁਤ ਫਰੋਲੇ!

ਬਾਗ ਵਾਲਾ ਜਰਨੈਲ ਬੋਲਿਆ
ਥੋਨੂੰ ਦੱਸਾਂ ਗੱਲ ਪੁਰਾਣੀ
ਉੱਤਮ ਖੇਤੀ ਕਹਿੰਦੇ ਹੁੰਦੇ ਸੀ
ਜੋ ਸੀ ਮੇਰੇ ਬਾਪ ਦੇ ਹਾਣੀ

ਭੋਲੇ ਦੇ ਬੋਲਣ ਤੋਂ ਪਹਿਲਾਂ
ਬੋਲ ਪਿਆ ਸੀ ਚੰਦ ਕਾ ਫੱਬਾ
ਆਥਣ ਹੋ ਗਿਆ ਚੱਲ ਉਏ ਜੱਗੀ
ਠੇਕੇ ਤੋਂ ਚੱਕ ਲਿਆਈਏ ਡੱਬਾ!

ਏਨੇ ਨੂੰ ਮੇਰੀ ਖੁੱਲ੍ਹ ਗਈ ਅੱਖ
ਸੁਪਨੇ ਦੇ ਵਿੱਚ ਜੁੜੀ ਸੀ ਸੱਥ
ਚੱਲ ‘ਫ਼ੌਜੀਆ’ ਕੰਮ ’ਤੇ ਚੱਲੀਏ
ਰਾਹ ਕਿਰਤ ਦਾ ਆਪਾਂ ਮੱਲੀਏ।
ਸੰਪਰਕ: 95011-27033
* * *

ਨਾ ਵੇ ਰੱਬਾ ਜੰਗ ਨਾ ਲੱਗੇ

ਕੁਲਵੰਤ ਕੁਠਾਲਾ
ਕਿੱਥੋਂ ਲਿਆਵਾਂਗੇ ਖਾਣ ਨੂੰ ਦਾਣੇ,
ਜਦ ਰੋਵਣਗੇ ਘਰੇ ਨਿਆਣੇ।
ਫਰਿਆਦ ਕਿਸ ਦੇ ਕਰਾਂਗੇ ਅੱਗੇ,
ਨਾ ਵੇ ਰੱਬਾ ਜੰਗ ਨਾ ਲੱਗੇ।
ਤੋਪਾਂ ਕਿੱਥੋਂ ਲੱਗਦੀਆਂ ਚੰਗੀਆਂ,
ਇਹ ਤਾਂ ਕਰਦੀਆਂ ਸਿਰ ਤੋਂ ਨੰਗੀਆਂ।
ਫਿਰ ਮਰਨ ਲਈ ਕੋਈ ਥਾਂ ਨਾ ਲੱਭੇ,
ਨਾ ਵੇ ਰੱਬਾ ਜੰਗ ਨਾ ਲੱਗੇ।

ਲਾਲ ਗੁਲਾਬੀ ਚਿਹਰੇ ਰਕਾਨਾਂ ,
ਨਹੀਂ ਸਾਨੀ ਕੋਈ ਏਥੇ ਦਿਆਂ ਜਵਾਨਾਂ।
ਫ਼ਿਕਰਾਂ ਵਿੱਚ ਨਾ ਹੋਵਣ ਬੱਗੇ,
ਨਾ ਵੇ ਰੱਬਾ ਜੰਗ ਨਾ ਲੱਗੇ।
ਜ਼ਮੀਨ ਦੇਸ ਦੀ ਉਪਜਾਊ ਬੜੀ ਏ,
ਸੋਨਾ ਉਗਾਊਂ ਜ਼ਿੱਦ ’ਤੇ ਅੜੀ ਏ।
ਬੰਜਰਾਂ ਵਾਲੀ ਕੋਈ ’ਵਾ ਨਾ ਵੱਗੇ,
ਨਾ ਵੇ ਰੱਬਾ ਜੰਗ ਨਾ ਲੱਗੇ।

ਪਿਆਰ ਪਾਓ ਸਾਂਝ ਵਧਾਓ,
ਦੇਸ ’ਚ ਏਕੇ ਦੇ ਫੁੱਲ ਲਗਾਓ।
ਵੰਡੀਆਂ ਪਾ ਕੇ ਨਾ ਜਾਇਓ ਠੱਗੇ,
ਨਾ ਵੇ ਰੱਬਾ ਜੰਗ ਨਾ ਲੱਗੇ।
ਸੰਪਰਕ: 88723-91936
* * *

ਪਤਾਲ

ਨਿਰਜੀਤ
ਤੂੰ ਪਾਣੀ ਬਚਾ ਲੈ ਪੰਜਾਬ ਸਿੰਹਾਂ।
ਮੈਂ ਧਰਤੀ ਥੱਲਿਓਂ ਪਤਾਲ ਬੋਲਦਾਂ।
ਮੇਰੀ ਫਰਿਆਦ ਤੂੰ ਮੈਨੂੰ ਬਚਾ ਲੈ।
ਕਿਉਂ ਮੈਨੂੰ ਗਟਰਾਂ ਵਿੱਚ ਰੋਲਦਾ।
ਮੈਨੂੰ ਫ਼ਿਕਰ ਹੈ ਥੋਡੇ ਬੱਚਿਆਂ ਦਾ।
ਮੇਰੇ ਕੋਲ ਥੋੜ੍ਹਾ ਪਾਣੀ ਤਾਂ ਡੋਲਦਾ।
ਮੇਰੀ ਛਾਤੀ ਵਿੱਚ ਬੜੇ ਛੇਕ ਡੂੰਘੇ ਨੇ।
ਗੁੱਝੇ ਸੀ ਭੇਤ ਮੈਂ ਅੱਜ ਤਾਂ ਖੋਲ੍ਹਦਾ।
ਪਿਆਸ ਬੁਝਾਉਂਦਾ ਹਰ ਇੱਕ ਦੀ।
ਕਦੇ ਵਿਤਕਰਾ ਨਹੀਂ ਪੂਰਾ ਤੋਲਦਾ।
ਕੀ ਕਰਾਂ ਮੱਥੇ ਹੱਥ ਰੱਖ ਬੈਠ ਜਾਂਦਾ।
ਤੂੰ ਬੇਵਜ੍ਹਾ ਮੋਟਰਾਂ ਟੂਟੀਆਂ ਖੋਲ੍ਹਦਾ।
ਮੇਰੇ ਹੱਥ ਵਿੱਚ ਕੁਝ ਨਹੀਂ ਰਹਿਣਾ।
ਬਹੁਤ ਪਛਤਾਵੇਂਗਾ ਮੈਂ ਤਾਂ ਖੌਲਦਾ।
ਮੈਂ ਆਖ਼ਰੀ ਵਾਰੀ ਕਹਿ ਦਿੱਤਾ ਤੈਨੂੰ।
ਮੈਂ ਲੱਭਣਾ ਨਹੀਂ ਫਿਰੇਂਗਾ ਟੋਲਦਾ।
ਤੂੰ ਪਾਣੀ ਬਚਾ ਲੈ ਪੰਜਾਬ ਸਿੰਹਾਂ।
ਮੈਂ ਧਰਤੀ ਥੱਲਿਓਂ ਪਤਾਲ ਬੋਲਦਾ।
ਸੰਪਰਕ: 98768-08802
* * *

ਰੱਬਾ

ਗੁਰਤੇਜ ਸਿੰਘ ਖੁਡਾਲ
ਕਦੇ ਖ਼ੁਦ ਤੂੰ, ਆ ਕੇ ਵੇਖ ਰੱਬਾ,
ਤੇਰੇ ਬੰਦੇ ਕੀ ਕੀ ਕਰਦੇ ਨੇ।
ਜਿਨ੍ਹਾਂ ਕੰਮਾਂ ਤੋਂ ਤੂੰ ਰੋਕਿਆ ਸੀ,
ਸਾਰੇ ਕੰਮ ਇਹ ਉਹੀ ਕਰਦੇ ਨੇ।
ਤੇਰੇ ਨਾਮ ’ਤੇ ਲੁੱਟਦੇ ਲੋਕਾਂ ਨੂੰ,
ਤੇਰੇ ਨਾਮ ’ਤੇ ਖੋਲ੍ਹੀਆਂ ਹੱਟਾਂ ਨੇ।
ਇਨ੍ਹਾਂ ਕਾਮ, ਕ੍ਰੋਧ ਅਤੇ ਲੋਭ ਦੀਆਂ,
ਸਾਰੀਆਂ ਹੀ ਟੱਪੀਆਂ ਹੱਦਾਂ ਨੇ।
ਤੂੰ ਹੈਂ ਵੀ ਹੈਂ, ਜਾਂ ਨਹੀਂ ਹੈਂ ਰੱਬਾ,
ਹੁਣ ਇਹ ਵੀ ਲੱਗੀਆਂ ਸ਼ਰਤਾਂ ਨੇ।
ਰੱਬਾ ਝੂਠੇ, ਚੋਰਾਂ, ਪਖੰਡੀਆਂ ਨੇ,
ਲੁੱਟੇ ਲੋਕੀਂ, ਮਾਰੀਆਂ ਠੱਗੀਆਂ ਨੇ।
ਲੋਕਾਂ ਛੱਡ ‘ਖੁਡਾਲ’ ਓਏ ਰਾਹ ਸੱਚ ਦਾ
ਪਾਈਆਂ ਧਰਮਾਂ ਦੇ ਨਾਮ ’ਤੇ ਵੰਡੀਆਂ ਨੇ।
ਸੰਪਰਕ: 94641-29118
* * *

ਪਿਆਰੀ ਦਾਦੀ ਮਾਂ

ਗੁਰਭਿੰਦਰ ਗੁਰੀ
ਬੁੱਕਲ ਤੇਰੀ ਦਾ ਨਿੱਘ ਦਾਦੀ,
ਮਿਲਣਾ ਫੇਰ ਦੁਬਾਰਾ ਨਹੀਂ ਮੈਨੂੰ।
ਬਚਪਨ ਵਾਲੀ ਤੇਰੀ ਲੋਰੀ,
ਸੁਣਾਉਂਦਾ ਕਿਉਂ ਕੋਈ ਤਾਰਾ ਨਹੀਂ ਮੈਨੂੰ।
ਵਿਹੜੇ ਦੇ ਵਿੱਚ ਰੁੱਖ ਵਰਗੀ ਮਾਂ,
ਠੰਢੀ ਮਿੱਠੀ ਛਾਂ ਸੀ ਤੇਰੀ।
ਮਮਤਾ ਤੇਰੀ ਸਮੁੰਦਰ ਗਹਿਰਾ,
ਪਿਆਰੀ ਦਾਦੀ ਮਾਂ ਸੀ ਮੇਰੀ।
ਕੁੱਟ ਕੁੱਟ ਚੂਰੀ ਦੇਸੀ ਘਿਉ ਦੀ,
ਹੱਥਾਂ ਨਾਲ ਖੁਆਉਂਦੀ ਸੀ ਮੈਨੂੰ।
ਤੇਰੇ ਲਈ ਸੀ ਅੱਜ ਵੀ ਛੋਟਾ,
ਝਿੜਕ ਕੇ ਕੋਲ਼ ਬਿਠਾਉਂਦੀ ਸੀ ਮੈਨੂੰ।
ਹੁਣ ਤਾਂ ਕੋਲ ’ਕੱਲੀਆਂ ਯਾਦਾਂ,
ਗੁਰਭਿੰਦਰ ਗੁਰੀ ਦੇ ਰਹਿ ਗਈਆਂ।
ਤੈਨੂੰ ਯਾਦਾਂ ਦੇ ਵਿੱਚ ਜਿਉਂਦੀ ਰੱਖੂ
ਭਾਵੇਂ ਸਦੀਵੀ ਦੂਰੀਆਂ ਪੈ ਗਈਆਂ।
* * *

ਕੁੱਖ ’ਚ ਨਾ ਮਾਰ ਮਾਏ

ਸੁੱਚਾ ਸਿੰਘ ਪਸਨਾਵਾਲ
ਮੈਨੂੰ ਕੁੱਖ ’ਚ ਨਾ ਮਾਰ ਮਾਏ।
ਐਸਾ ਨਾ ਕਹਿਰ ਗੁਜ਼ਾਰ ਮਾਏ।
ਮੈਨੂੰ ਸੁਹਣੇ ਜੱਗ ’ਤੇ ਆਵਣ ਦੇ
ਪੈਰ ਧਰਤੀ ’ਤੇ ਪਾਵਣ ਦੇ,
ਮੈਂ ਚੰਗਾ ਨਾਮ ਕਮਾਵਾਂਗੀ
ਜੀਵਨ ਦਾ ਬਣੂੰ ਸ਼ਿੰਗਾਰ ਮਾਏ
ਮੈਨੂੰ ਕੁੱਖ ’ਚ ਨਾ ਮਾਰ ਮਾਏ।
ਐਸਾ ਨਾ ਕਹਿਰ ਗੁਜ਼ਾਰ ਮਾਏਂ।
ਮੈਂ ਤੇਰੇ ਹਾੜੇ ਕੱਢਦੀ ਹਾਂ,
ਤੇਰੇ ਅੱਗੇ ਝੋਲੀ ਅੱਡਦੀ ਹਾਂ
ਮੈਂ ਤੇਰਾ ਨਾਂ ਚਮਕਾਵਾਂਗੀ
ਪੂਰੇ ਵਿੱਚ ਸੰਸਾਰ ਮਾਏ
ਮੈਨੂੰ ਕੁੱਖ ’ਚ ਨਾ ਮਾਰ ਮਾਏ।
ਐਸਾ ਨਾ ਕਹਿਰ ਗੁਜ਼ਾਰ ਮਾਏ।
ਮੈਂ ਸੱਸੀ ਹੀਰ ਨਹੀਂ ਬਣਦੀ
ਸਾਹਿਬਾਂ ਦੇ ਤੀਰ ਨਹੀਂ ਬਣਦੀ।
ਕਲਪਨਾ ਚਾਵਲਾ ਦੇ ਵਾਂਗੂੰ
ਅਰਸ਼ਾਂ ਵਿੱਚ ਹੋਵਾਂਗੀ ਉਡਾਰ ਮਾਏ।
ਮੈਨੂੰ ਕੁੱਖ ’ਚ ਨਾ ਮਾਰ ਮਾਏ।
ਐਸਾ ਨਾ ਕਹਿਰ ਗੁਜ਼ਾਰ ਮਾਏ।
ਮੈਂ ਬਾਬਲ ਦੀ ਸ਼ਾਨ ਵਧਾਵਾਂਗੀ
ਕਦੇ ਪੱਗ ਨੂੰ ਦਾਗ ਨਾ ਲਾਵਾਂਗੀ।
ਪਸਨਾਵਾਲੀਆ ਗੀਤ ਲਿਖੇ,
ਉਸ ਦੀ ਵੀ ਸੁਣ ਪੁਕਾਰ ਮਾਏ
ਮੈਨੂੰ ਕੁੱਖ ’ਚ ਨਾ ਮਾਰ ਮਾਏ।
ਐਸਾ ਨਾ ਕਹਿਰ ਗੁਜ਼ਾਰ ਮਾਏ।
ਸੰਪਰਕ: 99150-33740

Advertisement
Author Image

Ravneet Kaur

View all posts

Advertisement