For the best experience, open
https://m.punjabitribuneonline.com
on your mobile browser.
Advertisement

ਕਵਿਤਾਵਾਂ

04:05 AM Apr 10, 2025 IST
ਕਵਿਤਾਵਾਂ
Advertisement

ਜਲ੍ਹਿਆਂ ਵਾਲਾ ਬਾਗ਼

ਬਲਜਿੰਦਰ ਮਾਨ
ਹਿੰਮਤ ਸਿੰਘ ਜੱਲੇਵਾਲ ਦਾ ਜੋ ਬਾਗ਼ ਸੀ ਭਾਈ
ਰੌਲੈੱਟ ਐਕਟ ਖ਼ਿਲਾਫ਼ ਜਨਤਾ ਅੰਮ੍ਰਿਤਸਰ ਆਈ,
ਰੌਲੈੱਟ ਐਕਟ ਨੇ ਕਰਤੇ ਸਭ ਹੱਕਾਂ ਤੋਂ ਵਾਂਝੇ,
ਇਕੱਠੇ ਹੋ ਕੇ ਲੱਗੇ ਕਰਨ ਵਿਚਾਰ ਜੋ ਸਾਂਝੇ।
ਮਾਈ ਭਾਈ ਬੱਚੇ ਬੁੱਢੇ ਸਭ ਬਾਗ਼ ’ਚ ਆਏ,
ਦੇਸ਼ ਪ੍ਰੇਮੀ ਸੂਰਿਆਂ ਸਭ ਦੇ ਜੋਸ਼ ਜਗਾਏ।

Advertisement

ਸਮਾਂ ਐਸਾ ਆ ਗਿਆ ਦੇਸ਼ ਲਈ ਮਰਨਾ ਪੈਣਾ,
ਜੋ ਨਹੀਂ ਕੀਤਾ ਅੱਜ ਤਕ ਉਹ ਵੀ ਕਰਨਾ ਪੈਣਾ।
ਉੱਠੋ ਜਾਗੋ ਦੇਸ਼ ਵਾਸੀਓ ਸਭ ਕਰੋ ਤਿਆਰੀ।
ਲੁੱਟ ਫ਼ਿਰੰਗੀ ਖਾ ਗਿਆ ਸਾਡੀ ਧਰਤ ਪਿਆਰੀ,
ਬਾਰਾਂ ਸਾਲ ਦਾ ਭਗਤ ਸਿੰਘ ਬਾਗ਼ ’ਚ ਆਇਆ,
ਖ਼ੂਨ ਭਿੱਜੀ ਮਿੱਟੀ ਨੂੰ ਚੁੰਮ ਕੇ ਉਸ ਮੱਥੇ ਲਾਇਆ।

Advertisement
Advertisement

ਇੱਕ ਦਿਨ ਆਪਣਾ ਖ਼ੂਨ ਮੈਂ ਇਸਦੇ ਵਿੱਚ ਮਿਲਾਉਣਾ
ਰਾਜ ਫ਼ਿਰੰਗੀ ਦਾ ਦੇਸ਼ ’ਚੋਂ ਅਸੀਂ ਜੜ੍ਹੋਂ ਮੁਕਾਉਣਾ।
ਊਧਮ ਸਿੰਘ ਸੂਰਬੀਰ ਨੇ ਵੀ ਕਸਮਾਂ ਖਾਈਆਂ,
ਲਾੜੀ ਮੌਤ ਵਿਆਹੁਣ ਲਈ ਯਾਰੀਆਂ ਪਾਈਆਂ।
ਇੱਕੀ ਸਾਲਾਂ ਬਾਅਦ ਲੰਡਨ ਵਿੱਚ ਉਸ ਭੜਥੂ ਪਾਇਆ,
ਮਾਈਕਲ ਓ’ਡਵਾਇਰ ਮਾਰ ਕੇ ਉਹਨੇ ਸਬਕ ਸਿਖਾਇਆ।

ਫਿਰ ਭਗਤ ਸਰਾਭੇ ਵਰਗੇ ਜੰਮੇ ਕਈ ਹੋਰ ਜੁਆਨ,
ਦੇਸ਼ ਕੌਮ ਦੀ ਖਾਤਰ ਉਹ ਕਰ ਗਏ ਜਿੰਦ ਕੁਰਬਾਨ।
ਕਈ ਦੇਸ਼ ਪ੍ਰੇਮੀ ਸਨ ਗੋਰਿਆਂ ਦੇ ਸੀਨੇ ਲੜ ਗਏ,
ਉਹ ਵਤਨ ਬਚਾਵਣ ਖ਼ਾਤਰ ਸੂਲੀਆਂ ਚੜ੍ਹ ਗਏ।
13 ਅਪ੍ਰੈਲ 1919 ਤੋਂ ਬਾਅਦ ਨਾ ਗੋਰਾ ਪੈਰੀਂ ਆਇਆ,
ਚੜ੍ਹ ਚੜ੍ਹ ਸੂਲੀ ਯੋਧਿਆਂ ਫ਼ਿਰੰਗੀ ਰਾਜ ਮੁਕਾਇਆ।

ਹੱਸ ਕੇ ਰੱਸੇ ਚੁੰਮ ਗਏ ਸੀ ਅਨੇਕ ਪੰਜਾਬੀ,
ਬਾਬੇ ਨਾਨਕ ਦੇ ਵਾਰਸਾਂ ਦੀ ਟੌਹਰ ਨਵਾਬੀ।
ਫਿਰ ਸੰਨ ਸੰਤਾਲੀ ਆ ਗਿਆ ਉਹ ਭਾਗਾਂ ਭਰਿਆ,
ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਤੋਂ ਗੋਰਾ ਡਰਿਆ।
ਲਹੂ ਨਾਲ ਭਿੱਜੀ ਮਿਲ ਗਈ ਸਾਨੂੰ ਆਜ਼ਾਦੀ,
ਹਿੰਦ ਪਾਕ ਨੂੰ ਵੰਡ ਕੇ ਦੇ ਗਿਆ ਬਰਬਾਦੀ।

ਮਾਰੋ ਝਾਤੀ ਅੱਜ ਵੀ ਦੇਸ਼ ਦੇ ਅੰਦਰ,
ਹਰ ਪਾਸੇ ਵਰਤ ਰਿਹਾ ਸਭ ਉਹੀ ਮੰਜ਼ਰ।
ਦੇਸ਼ਭਗਤਾਂ ਤੇ ਸੂਰਿਆਂ ਦੀ ਸੁਣੋ ਪੁਕਾਰ,
ਦੇਸ਼ ਸੇਵਾ ਦੇ ਨਾਮ ’ਤੇ ਨਾ ਕਰੋ ਨਿਘਾਰ।
ਮਾਨਵਤਾ ਦੇ ਹੱਕ ਮਿਲ ਜਾਵਣ ਹੋਏ ਸੋਚ ਸੁਤੰਤਰ,
ਰਲ਼ ਕੇ ਸਾਰੇ ਇਕਜੁਟ ਹੋ ਕੇ ਬਦਲੀਏ ਇਹੋ ਤੰਤਰ।

ਜਲ੍ਹਿਆਂ ਵਾਲੇ ਬਾਗ਼ ਦੀ ਮਿੱਟੀ ਅੱਜ ਵੀ ਇਹੋ ਪੁਕਾਰੇ,
ਹਿੰਦੂ ਮੁਸਲਿਮ ਸਿੱਖ ਇਸਾਈ ਬਣੋ ਇਨਸਾਨ ਪਿਆਰੇ।
ਸੰਪਰਕ: 98150-18947
* * *

ਵਿਸਾਖੀ ਦਾ ਗੀਤ

ਗੁਰਮੀਤ ਰਾਣਾ
ਮਿੰਨਤਾਂ ਤਰਲੇ ਤੇਰੇ ਕਰਦੀ
ਆਖਾਂ ਤੈਨੂੰ ਡਰਦੀ-ਡਰਦੀ,
ਸੁਣਿਆ ਕੱਲ੍ਹ ਨੂੰ ਜਾਣਾ ਸਭ,
ਸਭ ਪਰਿਵਾਰ ਵਿਸਾਖੀ ’ਤੇ,
ਲੈ ਚੱਲ ਸੋਹਣਿਆ ਚਿੱਤ ਕਰਦਾ,
ਇਸ ਵਾਰ ਮੈਨੂੰ ਵਿਸਾਖੀ ’ਤੇ।

ਲੱਲੀ-ਛੱਲੀ ਜਾਣੀ ਉੱਥੇ,
ਨਾਲੇ ਨਾਲ ਦਰਾਣੀ ਵੇ।
ਮੇਰੇ ਦਿਲ ਦੀਆਂ ਸੱਧਰਾਂ ’ਤੇ,
ਅੱਜ ਫਿਰਜੇ ਨਾ ਪਾਣੀ ਵੇ।
ਕਰਕੇ ਜਾਣਾ ਪੂਰਾ ਮੈਂ,
ਸ਼ਿੰਗਾਰ ਵਿਸਾਖੀ ’ਤੇ
ਲੈ ਚੱਲ ਸੋਹਣਿਆ ਚਿੱਤ ਕਰਦਾ,
ਇਸ ਵਾਰ ਮੈਨੂੰ ਵਿਸਾਖੀ ’ਤੇ।

ਬੇਬੇ-ਬਾਪੂ ਦੀ ਸਰਦਾਰੀ
ਕਿਸ ਕੰਮ ਹੈ ਆਉਣੀ ਵੇ।
ਕਿਹੜਾ ਰੋਟੀ-ਚਾਹ ਪਾਣੀ,
ਇਨ੍ਹਾਂ ਆਪ ਬਣਾਉਣੀ ਵੇ।
ਮੱਝੀਆਂ ਖ਼ਾਤਰ ਪੱਠਾ-ਚਾਰਾ,
ਆਪੇ ਕਰ ਲਊਗਾ ਕਰਤਾਰਾ।
ਵੇਖ ਛਣਕਦੀ ਝਾਂਜਰ ਦੀ,
ਛਣਕਾਰ ਵਿਸਾਖੀ ’ਤੇ।
ਲੈ ਚੱਲ ਸੋਹਣਿਆ ਚਿੱਤ ਕਰਦਾ,
ਇਸ ਵਾਰ ਮੈਨੂੰ ਵਿਸਾਖੀ ’ਤੇ।

ਅੱਗ ਲਾਉਣੀ ਕੀ ਨੋਟਾਂ ਨੂੰ
ਜੋ ਕੰਮ ਨਾ ਸਾਡੇ ਆਉਂਦੇ ਵੇ।
ਜੇਠ ਜਠਾਣੀ ਪੈਰ ਨਾ ਕਾਰੋਂ
ਦੋਵੇਂ ਭੁੰਜੇ ਲਾਹੁੰਦੇ ਵੇ।
ਵਿੱਚ ਹੋਟਲਾਂ ਖਾਣਾ ਖਾਣਾ,
ਟਿੱਚਰਾਂ ਕਰੇ ਜੇਠ ਮਰ ਜਾਣਾ,
ਆਖੇ ਮੈਨੂੰ ਆ ਲੈ ਚੱਲਾਂ.
ਤੈਨੂੰ ਭਾਬੀਏ ਵਿਸਾਖੀ ’ਤੇ।
ਲੈ ਚੱਲ ਸੋਹਣਿਆ ਚਿੱਤ ਕਰਦਾ,
ਇਸ ਵਾਰ ਮੈਨੂੰ ਵਿਸਾਖੀ ’ਤੇ।

ਭੂਆ-ਫੁੱਫੜ, ਚਾਚੇ-ਤਾਏ
ਜਾਵਣ ਵਾਂਗ ਮੇਲੀਆਂ ਵੇ।
ਪਿੰਡ ਦੇ ਪਿੰਡ ਜਾਂਦੇ ਮੇਲੇ
ਵੱਡੀਆਂ ਬੰਨ੍ਹ ਬੰਨ੍ਹ ਟੋਲੀਆਂ ਵੇ।
ਸੁੱਖਾਂ ਸੁਖਦੀ ਨੂੰ ਦਿਨ ਆਇਆ,
ਪਾਉਣਾ ਸੂਟ ਨਵਾਂ ਸਿਲਵਾਇਆ।
ਬੜ੍ਹੇ ਹੀ ਸੋਹਣਿਆ ਸਜਦੇ ਨੇ,
ਵਧੀਆ ਬਾਜ਼ਾਰ ਵਿਸਾਖੀ ’ਤੇ।
ਲੈ ਚੱਲ ਸੋਹਣਿਆ ਚਿੱਤ ਕਰਦਾ,
ਇਸ ਵਾਰ ਮੈਨੂੰ ਵਿਸਾਖੀ ’ਤੇ।
ਸੰਪਰਕ: 98767-52255
* * *

ਫ਼ਸਲਾਂ ਨਾਲ ਵਿਸਾਖੀ ਹੁੰਦੀ

ਬਲਵਿੰਦਰ ਬਾਲਮ ਗੁਰਦਾਸਪੁਰ
ਫ਼ਸਲਾਂ ਨਾਲ ਵਿਸਾਖੀ ਹੁੰਦੀ ਫ਼ਸਲਾਂ ਨਾਲ ਖੁਸ਼ਹਾਲੀ।
ਬਾਰਿਸ਼ ਹੱਥੋਂ ਖੇਤਾਂ ਦੇ ਵਿੱਚ ਉੱਜੜੀ ਡਾਲੀ-ਡਾਲੀ।
ਕੁਦਰਤ ਨੇ ਕੀ ਕਹਿਰ ਕਮਾਇਆ ਹਰ ਪਾਸੇ ਬਰਬਾਦੀ।
ਪੱਤੀ-ਪੱਤੀ ਕੋਲੋਂ ਖੋਹ ਲਈ ਖ਼ੁਸ਼ਬੂ ਦੀ ਆਜ਼ਾਦੀ।
ਫ਼ਸਲਾਂ ਨਾਲ ਵਿਸਾਖੀ ਹੁੰਦੀ ਫ਼ਸਲਾਂ ਨਾਲ ਖੁਸ਼ਹਾਲੀ।
ਧੀਆਂ ਪੁੱਤਾਂ ਨਾਲੋਂ ਵਧ ਕੇ ਪਿਆਰੀ ਹੁੰਦੀ ਖੇਤੀ।
ਆਸ ਮੁਰਾਦਾਂ ਤਾਂਘ ਹੁੰਦੀ ਏ ਪੱਕ ਜਾਂਦੀ ਹੈ ਛੇਤੀ।
ਲੱਕ ਤੋੜਵੀਂ ਮਿਹਨਤ ਕਰਕੇ ਸਾਰਾ ਸਾਲ ਸੰਭਾਲੀ।
ਫ਼ਸਲਾਂ ਨਾਲ ਵਿਸਾਖੀ ਹੁੰਦੀ ਫ਼ਸਲਾਂ ਨਾਲ ਖੁਸ਼ਹਾਲੀ।
ਮਿਹਨਤ ਕਰ ਕਿਰਸਾਨ ਕਿਰਤ ’ਚੋਂ ਸਾਰਾ ਦੇਸ਼ ਰਜਾਏ।
ਬੇਸ਼ੱਕ ਆਪੇ ਰੁਲ ਖੁਲ ਜਾਏ ਕਰਜ਼ੇ ਦੇ ਵਿੱਚ ਆਏ।
ਉਸ ਦੇ ਹੱਥ ਵਿੱਚ ਰਹਿ ਜਾਂਦੀ ਹੈ ਮਿੱਟੀ ਕਰਮਾਂ ਵਾਲੀ।
ਫ਼ਸਲਾਂ ਨਾਲ ਵਿਸਾਖੀ ਹੁੰਦੀ ਫ਼ਸਲਾਂ ਨਾਲ ਖੁਸ਼ਹਾਲੀ।
ਮਿਹਨਤ ਦੇ ਸੱਚੇ ਅਰਥਾਂ ਅੰਦਰ ਪਲ ਪਲ ਤੁਰਦਾ ਜਾਏ।
ਜਿੱਦਾਂ ਛੱਜੇ ਦੇ ਟੁੱਟਣ ’ਤੇ ਸ਼ਹਿਦ ਹੈ ਖੁਰਦਾ ਜਾਏ।
ਤੜਕ ਸਵੇਰਾ ਸਿਖ਼ਰ ਦੁਪਹਿਰਾਂ ਰਾਤ ਹੋਵੇ ਜਾਂ ਕਾਲੀ।
ਫ਼ਸਲਾਂ ਨਾਲ ਵਿਸਾਖੀ ਹੁੰਦੀ ਫ਼ਸਲਾਂ ਨਾਲ ਖ਼ੁਸ਼ਹਾਲੀ।
ਭਾਰਤ ਮਾਂ ਦੇ ਸਿਰ ’ਤੇ ਹਰਿਆਲੀ ਦਾ ਤਾਜ ਰਹੇਗਾ।
ਇਸ ਦੀ ਪ੍ਰਭੂਤਾ ਸ਼ਕਤੀ ਉੱਤੇ ਸਭ ਨੂੰ ਨਾਜ਼ ਰਹੇਗਾ।
ਡਿੱਗਣ ਨਾ ਦਿੱਤੀ ਧਰਤੀ ਮਾਂ ਨੇ ਇਸ ਦੀ ਪੱਗ ਸੰਭਾਲੀ।
ਫ਼ਸਲਾਂ ਨਾਲ ਵਿਸਾਖੀ ਹੁੰਦੀ ਫ਼ਸਲਾਂ ਨਾਲ ਖੁਸ਼ਹਾਲੀ।
ਬੇਸ਼ੱਕ ਨ੍ਹੇਰੀ, ਝੱਖੜ, ਤੂਫ਼ਾਨ, ਬਾਰਿਸ਼ ਰੰਗ ਵਿਖਾਏ।
ਧਰਤੀ ਮਾਂ ਦੇ ਸਿਰ ਦੇ ਉੱਤੇ ਫਿਰ ਵੀ ਆਂਚ ਨਾ ਆਵੇ।
ਬਾਲਮ, ਸੂਰਜ, ਦਰਿਆ ਕਰਦੇ ਇਸ ਦੀ ਖ਼ੁਦ ਰਖਵਾਲੀ।
ਫ਼ਸਲਾਂ ਨਾਲ ਵਿਸਾਖੀ ਹੁੰਦੀ ਫ਼ਸਲਾਂ ਨਾਲ ਖੁਸ਼ਹਾਲੀ।
ਸੰਪਰਕ: 98156-25409
* * *

ਫ਼ਸਲਾਂ ਨੇ ਰੰਗ ਵਟਾ ਲਏ

ਹਰਪ੍ਰੀਤ ਪੱਤੋ
ਪਵੇ ਗਰਮੀ ਤਪਸ਼ ਵਧੀ ਜਾਵੇ,
ਲਏ ਫ਼ਸਲਾਂ ਰੰਗ ਵਟਾ ਬਾਬਾ।
ਬੂਰ ਪਿਆ ਅੰਬਾਂ ਨੂੰ ਵਿੱਚ ਬਾਗ਼ਾਂ,
ਗਈਆਂ ਕੋਇਲਾਂ, ਆ ਬਾਬਾ।

ਸਰ੍ਹੋਂ ਪੱਕੀ, ਕਣਕੀਂ ਪਊ ਦਾਤੀ,
ਗ਼ਰੀਬਾਂ ਲੈਣੇ, ਦਾਣੇ ਕਮਾ ਬਾਬਾ।
ਪੈਸੇ ਹੋਣੇ ਹਰੇਕ ਦੀ ਜੇਬ ਅੰਦਰ,
ਲੈਣਗੇ, ਮਰਜ਼ੀ ਦਾ ਖਾ ਬਾਬਾ।

ਸਭ ਹਿਸਾਬ ਬਰਾਬਰ ਹੋ ਜਾਣਾ,
ਨਵਾਂ ਲੈਣਾ ਕੰਮ ਚਲਾ ਬਾਬਾ।
ਮੀਂਹ ਕਣੀ ਤੋਂ ਰੱਬਾ ਕਰੀ ਕ੍ਰਿਪਾ,
ਦੇਵਾਂ ਦਰ ਤੇ ਦੇਗ਼ ਚੜ੍ਹਾ ਬਾਬਾ।

ਕਰਮਾਂ ਵਾਲੀਆਂ ਹੋਣ ਫ਼ਸਲਾਂ,
ਕਾਰੋਬਾਰ ਦੇਣ ਵਧਾ ਬਾਬਾ।
ਚਿੜੀ, ਜਨੌਰ ਕੁਲ ਦਾ ਕਰੀਂ ਭਲਾ,
‘ਪੱਤੋ’ ਲਈਏ ਖ਼ੈਰ ਮਨਾ ਬਾਬਾ।
ਸੰਪਰਕ: 94658-21417
* * *

ਰੁਕੀਂ ਜ਼ਰਾ ਸੂਰਜਾ

ਗੁਰਮੀਤ ਸਿੰਘ ਚੀਮਾ
ਰੁਕੀਂ ਜ਼ਰਾ ਸੂਰਜਾ
ਰੁਕੀਂ ਜ਼ਰਾ ਸੂਰਜਾ
ਉੱਚਾ ਨਾ ਹੋਈਂ
ਅਜੇ ਹਨੇਰੇ ਦੀ ਲੋੜ ਹੈ
ਅਜੇ ਅਸੀਂ
ਚੋਰੀ ਦਾ ਮਾਲ ਵੰਡਣਾ
ਰੁਕੀਂ ਜ਼ਰਾ।
ਅਜੇ ਅਸੀਂ
ਪਾਪਾਂ ਦੀ ਪੰਡ ਲਈ
ਟੋਆ ਪੁੱਟਣਾ
ਦਿੱਤੇ ਹੋਏ ਸਰਾਪਾਂ ਨੂੰ
ਪਰ੍ਹੇ ਸੁੱਟਣਾ
ਰੁਕੀਂ ਜ਼ਰਾ!
ਜੇ ਕਿਤੇ ਪ੍ਰਭਾਤ ਹੋ ਗਈ
ਚਾਨਣ ਦੀ ਬਰਸਾਤ ਹੋ ਗਈ
ਤਾਂ
ਤਨਾਂ ਉੱਤੇ ਲੱਗੇ ਦਾਗ਼
ਦਿਸਣਗੇ
ਮਨਾਂ ਦੇ ਬੁਝੇ ਹੋਏ ਚਿਰਾਗ਼
ਦਿਸਣਗੇ
ਅਜੇ ਉੱਚਾ ਨਾ ਹੋਈਂ
ਰੁਕੀਂ ਜ਼ਰਾ!
ਤਿੜਕੇ ਰਿਸ਼ਤਿਆਂ ਦੇ ਟੁਕੜਿਆਂ ਨੂੰ
ਹੂੰਝਣ ਲਈ
ਵਕਤ ਚਾਹੀਦਾ
ਰਾਤੋ ਰਾਤ ਬਦਲੀਆਂ ਵਫ਼ਾਦਾਰੀਆਂ ਨੂੰ
ਪੱਕਣ ਲਈ ਵਕਤ ਚਾਹੀਦਾ
ਰੁਕੀਂ ਜ਼ਰਾ
ਚੜ੍ਹੀਂ ਨਾ ਮਿੱਤਰਾ
ਰੁਕੀਂ ਜ਼ਰਾ!
ਸੰਪਰਕ: 81891-68918
* * *

ਅੱਜ ਦੀ ਦੁਨੀਆ

ਅਮਾਨਤ ਉਦਾਸੀ
ਅੱਜ ਦੀ ਦੁਨੀਆ ਵੱਖਰੀ ਏ, ਅੱਜ ਦੇ ਲੋਕ ਵੱਖਰੇ ਨੇ।
ਧਰਮ ਦੇ ਨਾਂ ’ਤੇ ਪਾਉਂਦੇ ਵੰਡੀਆਂ, ਇਨ੍ਹਾਂ ਦੇ ਸ਼ੌਕ ਵੱਖਰੇ ਨੇ।

ਨਫ਼ਰਤਾਂ ਦੇ ਜਾਲ ਬੁਣ ਤੋੜਦੇ ਭਾਈਚਾਰੇ ਨੂੰ,
ਸੋਚਦੀ ਹਾਂ ਆ ਗਈ ਕਿੱਥੇ?
ਇਹ ਤਾਂ ਪ੍ਰਲੋਕ ਵੱਖਰੇ ਨੇ।

ਅੱਜ ਦੀ ਦੁਨੀਆਂ ਵੱਖਰੀ ਏ...
ਕਿਸੇ ਨੂੰ ਨਸ਼ਾ ਹੈ ਪੈਸੇ ਦਾ, ਕੋਈ ਵੇਚੇ ਨਸ਼ਾ ਇੱਥੇ।

ਅੰਨਦਾਤੇ ਰੁਲਦੇ ਸੜਕਾਂ ’ਤੇ, ਇੱਥੇ ਕਾਨੂੰਨ ਵੱਖਰੇ ਨੇ।
ਅੱਜ ਦੀ ਦੁਨੀਆ ਵੱਖਰੀ ਏ...

ਨਾ ਲੜੋ ਵੀਰੋ ਧਰਮਾਂ, ਜਾਤਾਂ ਦੇ ਨਾਂ ’ਤੇ,
ਜੋ ਤੁਹਾਨੂੰ ਇਕੱਠੇ ਨਹੀਂ ਹੋਣ ਦਿੰਦੇ,
ਇਹ ਸਿਆਸੀ ਲੋਕ ਵੱਖਰੇ ਨੇ।
ਅੱਜ ਦੀ ਦੁਨੀਆ ਵੱਖਰੀ ਏ...
ਸੰਪਰਕ: 98786-52124
* * *

Advertisement
Author Image

Ravneet Kaur

View all posts

Advertisement