For the best experience, open
https://m.punjabitribuneonline.com
on your mobile browser.
Advertisement

ਕਵਿਤਾਵਾਂ

04:05 AM Feb 20, 2025 IST
ਕਵਿਤਾਵਾਂ
Advertisement

ਬੂਟਾ ਰੰਗਲੀ ਪੰਜਾਬੀ ਦਾ

ਦੀਪਤੀ ਬਬੂਟਾ
ਵਾਰੀ ਜਾਵਾਂ ਸਰਕੰਡਿਆਂ ਤੋਂ,
ਕਲਮਾਂ ਬਣਾਈਆਂ ਘੜ ਕੇ,
ਫੁੱਲ ਚੁੱਗ ਲਏ ਕੰਡਿਆਂ ਤੋਂ।

Advertisement

ਐਸੀ ਕਲਮ ਬਣਾਈਂ ਮਾਹੀਆ,
ਪੰਜਾਬੀਆਂ ਦਾ ਮਾਣ ਵਧੇ,
ਗੀਤ ਸੁਥਰੇ ਲਿਖਾਈਂ ਮਾਹੀਆ।

Advertisement
Advertisement

ਸੋਹਣਾ ਚਰਖ਼ਾ ਲਿਆਈਂ ਮਾਹੀਆ,
ਤੰਦ ਪਾਵਾਂ ਵਿਰਸੇ ਦਾ,
ਰੂੰ ਪੈਂਤੀ ਦਾ ਕਤਾਈਂ ਮਾਹੀਆ।

ਪੰਜ ਆਬਾਂ ਦੀ ਮਿਠਾਸ ਚੱਖੀਏ,
ਪੰਜਾਬੀਆਂ ਦਾ ਮਾਣ ਆਪਣਾ,
ਸੋਹਣਾ ਵਿਰਸਾ ਸੰਭਾਲ ਰੱਖੀਏ।

ਰੱਜ ਵਿਰਸੇ ਨੂੰ ਪਿਆਰ ਦਿਓ,
ਹੱਥਾਂ ਵਿੱਚ ਫੜੋ ਕਲਮਾਂ,
ਮਾਂ ਬੋਲੀ ਨੂੰ ਸ਼ਿੰਗਾਰ ਦਿਓ।

ਬੂਟਾ ਗੁਰੂਆਂ ਨੇ ਲਾਇਆ ਏ।
‘ਪੈਂਤੀ’ ਅੱਖਰੀ ਦਾ,
ਜਾਦੂ ਦੁਨੀਆ ’ਤੇ ਛਾਇਆ ਏ।

ਵੇਲਾ ਢੁੱਕਿਆ ਸ਼ਬਾਬਾਂ ਦਾ,
ਦੁਨੀਆ ਨੂੰ ਪਾਵੇ ਦੰਦਲਾਂ,
ਏਕਾ ਦੋਹਾਂ ਪੰਜਾਬਾਂ ਦਾ।

ਲਾ ਐਸੀ ਕੋਈ ਤਾਨ ਹਾਣੀਆ,
ਮਿੱਠੜੀ ਪੰਜਾਬੀ ਦਾ,
ਵਧੇ ਜੱਗ ਉੱਤੇ ਮਾਣ ਹਾਣੀਆਂ।

ਗੀਤ ਐਸੇ-ਐਸੇ ਲਿਖ ਮਾਹੀਆ,
ਦੋਹਾਂ ਪੰਜਾਬੀਆਂ ਦੀ,
ਹੋਵੇ ਵੱਖਰੀ ਹੀ ਦਿੱਖ ਮਾਹੀਆ।

ਬੂਟਾ ਜੜ੍ਹ ਤੋਂ ਹੀ ਪੁੱਟਿਆ ਏ,
ਸੀਰ ਜੱਗ ਵਿੱਚੋਂ ਮੁੱਕਿਆ,
ਮਾਂ ਬੋਲੀ ਤੋਂ ਜੋ ਟੁੱਟਿਆ ਏ।

ਬੂਟਾ ਜੜ੍ਹ ਤੋਂ ਨਾ ਪੁੱਟਣਾ ਏ,
ਹਰੀ ਭਰੀ ਅੰਸ ਰਹਵੇ,
ਮਾਂ ਬੋਲੀ ਤੋਂ ਨਾ ਟੁੱਟਣਾ ਏ।

ਤੌਰ ਘੁੰਮ ਗਏ ਹਿਸਾਬੀ ਦੇ,
ਹੱਦਾਂ ਸਰਹੱਦਾਂ ਟੱਪ ਕੇ,
ਮੇਲੇ ਲੱਗ ਗਏ ਪੰਜਾਬੀ ਦੇ।

ਸੁਰ ਛਿੜਿਆ ਰਬਾਬੀ ਦਾ,
ਗੁਰੂਆਂ, ਪੀਰਾਂ ਨੇ,
ਗਾਇਆ ਗੀਤ ਪੰਜਾਬੀ ਦਾ।

ਸੁਰ ਛਿੜਿਆ ਰਬਾਬੀ ਦਾ,
ਲੋਰੀਆਂ ’ਚ ਰਹੇ ਗੂੰਜਦਾ,
ਗੀਤ ਮਿੱਠੜੀ ਪੰਜਾਬੀ ਦਾ।

ਸੁਰ ਛਿੜਿਆ ਰਬਾਬੀ ਦਾ,
ਕਾਫ਼ੀਆਂ ਤੇ ਦੋਹੜੇ, ਬਾਣੀ,
ਸੱਚ ਸਾਰ ਨੇ ਪੰਜਾਬੀ ਦਾ।

ਸੁਰ ਛਿੜਿਆ ਰਬਾਬੀ ਦਾ,
ਪੁੱਤਰਾਂ ਨੇ ਰਲ-ਮਿਲ ਕੇ,
ਮੇਲਾ ਲਾਇਆ ਏ ਪੰਜਾਬੀ ਦਾ।

ਸੁਰ ਛਿੜਿਆ ਰਬਾਬੀ ਦਾ,
ਬੋਲੀਆਂ ਨੇ ਸੱਭੇ ਸੋਹਣੀਆਂ.
ਸਾਨੂੰ ਮਾਣ ਪੰਜਾਬੀ ਦਾ।

ਸੁਰ ਛਿੜਿਆ ਰਬਾਬੀ ਦਾ,
ਆਰ-ਪਾਰ ਮੇਲੇ ਲੱਗਦੇ,
ਡਗਾ ਵੱਜਿਆ ਪੰਜਾਬੀ ਦਾ।

ਸੁਰ ਛਿੜਿਆ ਰਬਾਬੀ ਦਾ,
ਨੱਚ-ਨੱਚ ਪਾਉਣ ਬੋਲੀਆਂ,
ਪਿੜ ਫੱਬਿਆ ਪੰਜਾਬੀ ਦਾ।

ਸੁਰ ਛਿੜਿਆ ਰਬਾਬੀ ਦਾ,
ਨੱਚ ਗਾ ਖ਼ੈਰਾਂ ਮੰਗਦਾ,
ਪੁੱਤ ਲਾਡਲਾ ਪੰਜਾਬੀ ਦਾ।

ਸੁਰ ਛਿੜਿਆ ਰਬਾਬੀ ਦਾ,
ਜੁੱਗ-ਜੁੱਗ ਜੀਉਣ ਬੱਚੜੇ,
ਮੇਲਾ ਲਾਇਆ ਨੇ ਪੰਜਾਬੀ ਦਾ।

ਸੁਰ ਛਿੜਿਆ ਰਬਾਬੀ ਦਾ,
ਮਾਵਾਂ ਦੀ ਖ਼ੈਰ ਮੰਗਦਾ,
ਵਾਰਸ ਇਹ ਪੰਜਾਬੀ ਦਾ।

ਸੁਰ ਛਿੜਿਆ ਰਬਾਬੀ ਦਾ,
ਸ਼ਾਲਾ! ਸਦਾ ਰਹੇ ਹਰਿਆ,
ਬੂਟਾ ਰੰਗਲੀ ਪੰਜਾਬੀ ਦਾ।
ਸੰਪਰਕ: 98146-70707
* * *

ਮਾਂ ਬੋਲੀ

ਜਸਵੀਰ ਸਿੰਘ ਭਲੂਰੀਆ
ਲੋਕੋ ਮੈਂ ਪੰਜਾਬੀ ਬੋਲੀ ਹਾਂ
ਮੈਂ ਹਰ ਮੌਸਮ ਵਿੱਚ ਮੌਲੀ ਹਾਂ

ਪਾਕਿ ਹੱਥਾਂ ਦੇ ਨਾਲ ਗੁਰਾਂ,
ਸ੍ਰੀ ਗ੍ਰੰਥ ਸਾਹਿਬ ’ਚ ਮੈਨੂੰ ਧਰ ਦਿੱਤਾ
ਮੈਂ ਕਿੱਡੀ ਵੱਡੀ ਵਡਭਾਗਣ ਹਾਂ,
ਮੈਨੂੰ ਸਭ ਤੋਂ ਵੱਡੀ ਕਰ ਦਿੱਤਾ
ਲੋਕੋ ਮੈਂ ਪੰਜਾਬੀ ਬੋਲੀ ਹਾਂ
ਮੈਂ ਹਰ ਮੌਸਮ ਵਿੱਚ ਮੌਲੀ ਹਾਂ

ਭਾਵੇਂ ਮੇਰੇ ਦੁਸ਼ਮਣ ਮੇਰੇ,
ਘੁੰਮਦੇ ਰਹਿੰਦੇ ਚਾਰ-ਚੁਫ਼ੇਰੇ
ਪਰ ਮੇਰੇ ਤਾਂ ਦਿਨੋਂ-ਦਿਨ ਹੀ,
ਹੋਈ ਜਾਂਦੇ ਨੇ ਵੱਡੇ ਘੇਰੇ
ਮੇਰੇ ਪੰਜਾਬੀ ਪੁੱਤਰਾਂ ਮੈਨੂੰ
ਦੁਨੀਆ ਭਰ ਵਿੱਚ ਭਰ ਦਿੱਤਾ
ਲੋਕੋ ਮੈਂ ਪੰਜਾਬੀ ਬੋਲੀ ਹਾਂ
ਮੈਂ ਹਰ ਮੌਸਮ ਵਿੱਚ ਮੌਲੀ ਹਾਂ

ਫ਼ਿਕਰਮੰਦੋ ਨਾ ਫ਼ਿਕਰ ਕਰੋ,
ਮੈਂ ਹਰ ਵਾਰ ਨੂੰ ਜਰ ਜਾਊਂਗੀ
ਗੁਰਾਂ ਦਾ ਖਾਲਸਾ ਅਮਰ ਹੈ,
ਤਾਂ ਮੈਂ ਕਿਵੇਂ ਫਿਰ ਮਰ ਜਾਊਂਗੀ
ਮੇਰੇ ਗੁਰਾਂ ਨੇ ਰਹਿਣ ਦੇ ਲਈ,
ਮੈਨੂੰ ਪਾਕਿ-ਪਵਿੱਤਰ ਘਰ ਦਿੱਤਾ
ਲੋਕੋ ਮੈਂ ਪੰਜਾਬੀ ਬੋਲੀ ਹਾਂ
ਮੈਂ ਹਰ ਮੌਸਮ ਵਿੱਚ ਮੌਲੀ ਹਾਂ

ਹਾਸ਼ਮ, ਵਾਰਸ, ਬੁੱਲ੍ਹਾ, ਫਰੀਦ
ਬੇਸ਼ੱਕ ਜੱਗ ਤੋਂ ਚਾਲੇ ਪਾ ਗਏ
ਆਪਣੀਆਂ ਕਲਮਾਂ ਨਾਲ ਉਹ,
ਮੇਰੀਆਂ ਜੜ੍ਹਾਂ ਡੂੰਘੀਆਂ ਲਾ ਗਏ
ਤਿੰਨਾਂ ਮਾਵਾਂ ਦੀ ਇੱਜ਼ਤ ਕਰੋ,
ਉਨ੍ਹਾਂ ਹੋਕਾ ਸੀ ਘਰ ਘਰ ਦਿੱਤਾ
ਲੋਕੋ ਮੈਂ ਪੰਜਾਬੀ ਬੋਲੀ ਹਾਂ
ਮੈਂ ਹਰ ਮੌਸਮ ਵਿੱਚ ਮੌਲੀ ਹਾਂ

ਭਲੂਰੀਆ ਗੁਰੂ ਸਾਹਿਬਾਨ ਨੇ
ਮੈਨੂੰ ਮਣਾਂਮੂਹੀਂ ਹੈ ਪਿਆਰ ਦਿੱਤਾ
‘ਗੁਰਮੁਖੀ’ ਦਾ ਹੈ ਨਾਮ ਵੀ ਦਿੱਤਾ
ਉਨ੍ਹਾਂ ਸਰੂਪ ਵੀ ਮੇਰਾ ਸੰਵਾਰ ਦਿੱਤਾ
‘ਗੁਰਮੁਖੀ’ ਵਿੱਚ ਉਚਾਰ ਕੇ ਬਾਣੀ
ਮੈਨੂੰ ਅਮਰ ਹੋਣ ਦਾ ਵਰ ਦਿੱਤਾ
ਲੋਕੋ ਮੈਂ ਪੰਜਾਬੀ ਬੋਲੀ ਹਾਂ
ਮੈਂ ਹਰ ਮੌਸਮ ਵਿੱਚ ਮੌਲੀ ਹਾਂ
ਸੰਪਰਕ: 99159-95505
* * *

ਮਾਂ-ਬੋਲੀ ਪੰਜਾਬੀ

ਸਤਨਾਮ ਸ਼ਾਇਰ
ਵਲੈਤਣ ਅੰਗਰੇਜ਼ੀ ਨਾਲ ਹੋਇਆ,
ਨਵਾਂ-ਨਵਾਂ ਇਸ਼ਕ ਤੈਨੂੰ।
ਮਾਂ ਬੋਲੀ ਦਾ ਮੋਹ ਲੈਂਦੇ ਨੂੰ,
ਗੁਰਮੁਖੀ ਦੀ ਗੋਦ ਵਿੱਚ ਬਹਿੰਦੇ ਨੂੰ,
ਹੁਣ ਕਿਉਂ ਹੁੰਦੀ ਝਿਜਕ ਤੈਨੂੰ।
ਜਿਨ੍ਹਾਂ ਵਿਰਸੇ ਦੀ ਅਮੀਰੀ ਸਾਂਭ ਰੱਖੀ ਹੁੰਦੀ ਏ।
ਆਪਣੀ ਮਾਂ-ਬੋਲੀ ਵਿੱਚ ਹੀ ਤਰੱਕੀ ਹੁੰਦੀ ਏ।
ਮਾਂ-ਬੋਲੀ ਬੋਲਣ ਵਾਲਾ ਅਨਪੜ੍ਹ ਨਹੀਂ ਹੁੰਦਾ।
ਮੰਨਿਆ ਵਿਦੇਸ਼ਾਂ ’ਚ ਚਾਹੀਦਾ ਰਿਜ਼ਕ ਤੈਨੂੰ।
ਗੁਰਮੁਖੀ ਦੀ ਗੋਦ ਵਿੱਚ ਬਹਿੰਦੇ ਨੂੰ,
ਹੁਣ ਕਿਉਂ ਹੁੰਦੀ ਝਿਜਕ ਤੈਨੂੰ।
ਹਕੀਕਤ ਪਤਾ ਨਹੀਂ ਲਗਦੀ ਖ਼ਾਬ ’ਚ ਰਹਿ ਕੇ।
ਮਾਂ ਬੋਲੀ ਨਾਲ ਨਫ਼ਰਤ ਪੰਜਾਬ ’ਚ ਰਹਿ ਕੇ।
ਜੜ੍ਹਾਂ ਤੋਂ ਉੱਖੜਿਆ ਦਰੱਖ਼ਤ ਸੜ ਸੁੱਕ ਜਾਂਦਾ ਏ।
ਮੋਹ ਮਿੱਟੀ ਨਾਲ ਮੁੱਕਦਾ-ਮੁੱਕਦਾ ਮੁੱਕ ਜਾਂਦਾ ਏ।
ਸੁਣ ਜਾਨੋਂ ਪਿਆਰਿਆ ਅੱਖਾਂ ਦਿਆ ਤਾਰਿਆ।
ਹਾਲੇ ਤਾਂ ਚਾਹੀਦੀ ਐ ਸੂਰਜ ਦੀ ਲਿਸ਼ਕ ਤੈਨੂੰ।
ਗੁਰਮੁਖੀ ਦੀ ਗੋਦ ਵਿੱਚ ਬਹਿੰਦੇ ਨੂੰ,
ਹੁਣ ਕਿਉਂ ਹੁੰਦੀ ਝਿਜਕ ਤੈਨੂੰ।
ਕੋਈ ਭਾਸ਼ਾ ਤੇਰਾ ਰੁਤਬਾ ਨਹੀਂ ਘਟਾਉਂਦੀ।
ਇਹ ਗੱਲ ਕਿਉਂ ਤੈਨੂੰ ਸਮਝ ਨਹੀਂ ਆਉਂਦੀ।
ਕਈ ਵਿੱਦਿਆ ਦੇ ਮੰਦਰ ਮਾਂ-ਬੋਲੀ ਬੋਲਣ ’ਤੇ,
ਜੁਰਮਾਨਾ ਲਗਾ ਚੁੱਪ ਕਰਾਉਂਦੇ ਮੂੰਹ ਖੋਲ੍ਹਣ ’ਤੇ।
ਮਾਂ-ਬੋਲੀ ਤੋਂ ਦੱਸ ਕਾਹਦਾ ਰਿਸਕ ਤੈਨੂੰ।
ਗੁਰਮੁਖੀ ਦੀ ਗੋਦ ਵਿੱਚ ਬਹਿੰਦੇ ਨੂੰ,
ਹੁਣ ਕਿਉਂ ਹੁੰਦੀ ਝਿਜਕ ਤੈਨੂੰ।
ਜਨਮ ਸਾਰ ਜਿਸ ਬੋਲੀ ਦੀ ਗੁੜ੍ਹਤੀ ਦਿੱਤੀ ਮਾਂ ਨੇ।
ਅੱਜ ਉਸੇ ਬੋਲੀ ਕੋਲੋਂ ਤੂੰ ਪੈਰ ਪੁੱਟ ਲਏ ਪਿਛਾਂਹ ਨੇ।
ਦੁਨੀਆ ਦੀ ਚਾਹੇ ਹਰ ਬੋਲੀ ਸਿੱਖ ਲਵੀਂ।
ਮਾਂ-ਬੋਲੀ ਨੇ ਹੀ ਦਿਵਾਉਣੀ ਇੱਜ਼ਤ ਤੈਨੂੰ।
ਗੁਰਮੁਖੀ ਦੀ ਗੋਦ ਵਿੱਚ ਬਹਿੰਦੇ ਨੂੰ,
ਹੁਣ ਕਿਉਂ ਹੁੰਦੀ ਝਿਜਕ ਤੈਨੂੰ।
ਸੰਪਰਕ: 98787-15593
* * *

ਸਾਡੀ ਮਾਂ ਬੋਲੀ

ਓਮਕਾਰ ਸੂਦ ਬਹੋਨਾ
ਕਿਸਮਤ ਵਾਲੇ ਹਾਂ ਕਿ ਸਾਡੀ ਮਾਂ ਬੋਲੀ ਪੰਜਾਬੀ ਏ!
ਇਸ ਤੋਂ ਸਦਕੇ ਜਾਂ ਕਿ ਸਾਡੀ ਮਾਂ ਬੋਲੀ ਪੰਜਾਬੀ ਏ!

ਇਸ ਦਾ ਊੜਾ-ਆੜਾ ਪੜ੍ਹਕੇ ਬਣ ਗਏ ਹਾਂ ਵਿਦਵਾਨ ਅਸੀਂ।
ਦੁਨੀਆ ਦੇ ਕੋਨੇ-ਕੋਨੇ ਵਿੱਚ ਜਾ ਕੇ ਬਣ ਬੈਠੇ ਪ੍ਰਧਾਨ ਅਸੀਂ।
ਅੰਗਰੇਜ਼ੀ ਦਾ ਪਿੱਛਾ ਕਰਦਿਆਂ ਕਿਉਂ ਇਸ ਨੂੰ ਭੁੱਲ ਜਾਂ,
ਕਿ ਸਾਡੀ ਮਾਂ ਬੋਲੀ ਪੰਜਾਬੀ ਏ!

ਮਾਂ-ਦਾਦੀ ਦੇ ਮੂੰਹੋਂ ਸੁਣੀਆਂ ਇਸ ਦੀਆਂ ਮਿੱਠੀਆਂ ਲੋਰੀਆਂ ਨੂੰ।
ਕਿਵੇਂ ਭੁਲਾ ਸਕਦੇ ਹਾਂ ਮਿੱਠੀਆਂ ਬਾਤਾਂ ਦੁੱਧ ਕਟੋਰੀਆਂ ਨੂੰ।
ਕਿਵੇਂ ਭੁਲਾਈਏ ਘੋੜੀ ਗਾਉਂਦੀ ਬੁੱਕਲ ਵਿੱਚ ਲੈ ਕੇ ਮਾਂ,
ਕਿ ਸਾਡੀ ਮਾਂ ਬੋਲੀ ਪੰਜਾਬੀ ਏ!

ਇਸ ਦਾ ਕਰਜ਼ਾ ਸਦੀਆਂ ਤਾਈਂ ਅਸੀਂ ਕਦੇ ਨਹੀਂ ਲਾਹ ਸਕਦੇ।
ਇਸ ਦੇ ਮਿੱਠੇ ਬੋਲ ਕਦੇ ਨਹੀਂ ਦਿਲ ’ਚੋਂ ਅਸੀਂ ਭੁਲਾ ਸਕਦੇ।
ਇਸ ਦੇ ਲੋਕ ਗੀਤਾਂ ਨੂੰ ਲਈਏ ਹਰ ਪਲ ਗੁਣਗੁਣਾ,
ਕਿ ਸਾਡੀ ਮਾਂ ਬੋਲੀ ਪੰਜਾਬੀ ਏ!

ਇਸ ਦੇ ਅੱਖਰਾਂ ਦੇ ਵਿੱਚ ਕਵਿਤਾ ਰਚ ਲਈ ਸੰਤ-ਫ਼ਕੀਰਾਂ ਨੇ।
ਪੜ੍ਹ-ਪੜ੍ਹ ਕੇ ਉਹੀ ਰਚਨਾਵਾਂ ਅਸੀਂ ਬਦਲ ਲਈਆਂ ਤਕਦੀਰਾਂ ਨੇ।
ਦੁਨੀਆ ਦੇ ਵਿੱਚ ਕਿਤੇ ਵੀ ਜਾਈਏ ਇਹ ਬਣਦੀ ਸਾਡੀ ਛਾਂ,
ਕਿ ਸਾਡੀ ਮਾਂ ਬੋਲੀ ਪੰਜਾਬੀ ਏ!

ਆਪਣਾ ਤਨ-ਮਨ ਸਾਰਾ ਯਾਰੋ ਇਸ ਦੇ ਲੇਖੇ ਲਾ ਦੇਈਏ।
ਜਨਮਾਂ ਤੋਂ ਕਰਜ਼ਾਈ ਇਸ ਦੇ ਕੁਝ ਤਾਂ ਕਰਜ਼ਾ ਲਾਹ ਦੇਈਏ।
ਦੁਨੀਆ ਦੇ ਵਿੱਚ ਇਸ ਬੋਲੀ ਦੀ ਲੈ ਨਾ ਸਕੇ ਕੋਈ ਥਾਂ,
ਕਿ ਸਾਡੀ ਮਾਂ ਬੋਲੀ ਪੰਜਾਬੀ ਏ!
ਸੰਪਰਕ: 96540-36080
* * *

ਅੱਜ ਦਾ ਸੱਚ

ਅਮਰਜੀਤ ਜੰਜੂਆ
ਪੰਜਾਬੀ ਦਾ ਇੱਕ ਵੱਡਾ ਵਿਦਵਾਨ ਹੈ
ਲੋਕ ਲੁਭਾਊ ਦਿੰਦਾ ਵੱਡੇ ਬਿਆਨ ਹੈ।
ਆਖੇ ਪੰਜਾਬੀ ਭਾਸ਼ਾ ਨੂੰ ਪਿਆਰ ਕਰੋ
ਆਪਣੀ ਮਾਂ ਬੋਲੀ ਦਾ ਸਤਿਕਾਰ ਕਰੋ।
ਅੰਗਰੇਜ਼ੀ ਸਕੂਲਾਂ ਵਿੱਚ ਬੱਚੇ ਉਸ ਦੇ ਪੜ੍ਹਦੇ ਨੇ
ਪੰਜਾਬੀ ਭਾਸ਼ਾ ਪੜ੍ਹਨ ਤੋਂ ਉਹ ਡਰਦੇ ਨੇ।
ਵਹੁਟੀ ਉਸ ਦੀ ਅੰਗਰੇਜ਼ੀ ’ਚ ਗਿਟਮਿਟ ਕਰਦੀ ਹੈ
ਪੰਜਾਬੀ ਭਾਸ਼ਾ ਤੋਂ ਉਸ ਨੂੰ ਤਾਂ ਬੜੀ ਅਲਰਜੀ ਹੈ।
ਆਖੇ ਪੰਜਾਬੀ ਤਾਂ ਗੰਵਾਰਾਂ ਦੀ ਭਾਸ਼ਾ ਹੈ
ਇਹ ਜ਼ਿੰਦਗੀ ਦਾ ਹਨੇਰਾ ਪਾਸਾ ਹੈ।
ਵਿਦਵਾਨ ਵੀ ਉਸ ਦੀ ਹਾਮੀ ਭਰਦਾ ਹੈ
ਪਰ ਲੋਕਾਂ ਨਾਲ ਧੋਖਾ ਕਰਦਾ ਹੈ।
ਗੱਲ ਕਿਸੇ ਨੂੰ ਸਮਝ ਨਹੀਂ ਆਉਂਦੀ
ਮਾਂ ਬੋਲੀ ਫਿਰੇ ਵਾਸਤੇ ਪਾਉਂਦੀ।।
ਸੰਪਰਕ: 97812-87146
* * *

Advertisement
Author Image

Ravneet Kaur

View all posts

Advertisement