ਕਵਿਤਾਵਾਂ
ਗ਼ਜ਼ਲ
ਬਲਵਿੰਦਰ ਬਾਲਮ ਗੁਰਦਾਸਪੁਰ
ਨਾ ਕਿਸੇ ਤੋਂ ਜਿਤਦੀ ਨਾ ਹਾਰਦੀ।
ਜ਼ਿੰਦਗੀ ਜਾਂਦੀ ਛਲਾਂਗਾਂ ਮਾਰਦੀ।
ਯੁੱਧ ’ਚ ਵੱਡੇ-ਵੱਡੇ ਯੋਧੇ ਹਰ ਜਾਂਦੇ,
ਧਾਰ ਖੁੰਢੀ ਹੋਵੇ ਜੇ ਤਲਵਾਰ ਦੀ।
ਗਿਆਨ ਵਾਧੂ ਮਗਰ ਸ਼ਿਸ਼ਟਾਚਾਰ ਨਈਂ,
ਬਦਲ ਗਈ ਹੈ ਸੋਚ ਅੱਜ ਮੁਟਿਆਰ ਦੀ।
ਇੱਕ ਛਰਾਟੇ ਨਾਲ ਇਹ ਭੁਰ ਜਾਵਣੀ,
ਸਹੁੰ ਨਾ ਚੁੱਕੀਂ ਰੇਤ ਦੀ ਦੀਵਾਰ ਦੀ।
ਪਿਆਰ ਦੀ ਕਿਸ਼ਤੀ ਨਜ਼ਰ ਆਉਂਦੀ ਨਹੀਂ,
ਸੁੱਕ ਗਈ ਹੈ ਇੱਕ ਨਦੀ ਸਤਿਕਾਰ ਦੀ।
ਨ੍ਹੇਰੀਆਂ ਨਾਲ ਦੋਸਤੀ ਕੀ ਕਰ ਲਈ,
ਦੁਰਦਸ਼ਾ ਕੀ ਹੋ ਗਈ ਕਚਨਾਰ ਦੀ।
ਚੰਨ ਦੀ ਇੱਕ ਰਾਤ ਮੇਰੇ ਨਾਲ ਰਹੀ,
ਨਾ ਗਰਮ ਰੱਖਦੀ ਤੇ ਨਾ ਹੀ ਠਾਰਦੀ।
ਮਿਹਨਤਾਂ ਪਿੱਛੋਂ ਹੀ ਰੰਗਤ ਆ ਰਹੀ,
ਫੁੱਟ ਰਹੀ ਲਾਲੀ ਕਿਵੇਂ ਆਨਾਰ ਦੀ।
ਸ਼ਹਿਰ ਅੰਦਰ ਰੌਸ਼ਨੀ ਹੀ ਰੌਸ਼ਨੀ,
ਜ਼ਿਦ ਜਦੋਂ ਟੁੱਟੀ ਉਹਦੇ ਹੰਕਾਰ ਦੀ।
ਕੌਣ ਕਰਦਾ ਯਾਦ ਜਿਹੜੇ ਤੁਰ ਗਏ,
ਰੀਤ ਚਲਦੀ ਆ ਰਹੀ ਸੰਸਾਰ ਦੀ।
ਬੰਦ ਮੁੱਠੀ ਵਿੱਚ ਭਲਾ ਦੱਸ ਕੀ ਏ?
ਬੁਝ ਲਵੇਂ ਤਾਂ ਸਾਰੀ ਦੁਨੀਆ ਪਿਆਰ ਦੀ।
ਕੌਣ ਲੰਘਿਆ ਆਹਟਾਂ ਵਿੱਚ ਸਿਸਕੀਆਂ,
ਇੱਕ ਮਾਮੂਲੀ ਭਿਣਕ ਹੈ ਦੀਦਾਰ ਦੀ।
ਕੌਣ ਹੈ ਉਹ ਜਿੱਤ ਦਾ ਪ੍ਰਤੀਕ ਹੈ,
ਰਾਹ ਨੁਮਾਈ ਕਰ ਰਿਹਾ ਤਲਵਾਰ ਦੀ।
ਜੀ ਲਵੇ ਦੂਜੇ ਦੇ ਹਿੱਤਾਂ ਵਾਸਤੇ,
ਹੋਂਦ ਬਣਦੀ ਤਾਂ ਹੀ ਇੱਕ ਸਰਦਾਰ ਦੀ।
ਬਾਲਮਾ ਬੇਸ਼ਕ ਜੁਦਾ ਉਹ ਹੋ ਗਿਆ,
ਹੋਂਦ ਜ਼ਖ਼ਮਾਂ ਵਿੱਚ ਰਹੀ ਇਕਰਾਰ ਦੀ।
ਸੰਪਰਕ: 98156-25409
* * *
ਮਾਂ ਬੋਲੀ ਦਾ ਬੂਟਾ
ਰਜਵਿੰਦਰ ਪਾਲ ਸ਼ਰਮਾ
ਆਉ ਸਾਰੇ ਮਾਂ ਬੋਲੀ ਦਾ ਬੂਟਾ,
ਘਰ ਘਰ ਲਾਈਏ।
ਸੱਭਿਆਚਾਰ ਦੀ ਖ਼ਾਦ ਤੇ ਪਾਣੀ,
ਉਸ ਬੂਟੇ ਵਿੱਚ ਪਾਈਏ।
ਲੋਕ ਗੀਤ ਤੇ ਲੋਕ ਰਵਾਇਤਾਂ,
ਫੁੱਲ ਤੇ ਫ਼ਲ ਬਣ ਜਾਣਾ।
ਹੌਲ਼ੀ ਹੌਲ਼ੀ ਹੁੰਦਾ ਬੂਟਾ,
ਰੁੱਖ ਇੱਕ ਦਿਨ ਬਣ ਜਾਣਾ।
ਓ, ਅ, ੲ, ਸ ਬਣ ਜਾਣੇ ਇਹਦੇ ਪੱਤੇ,
ਜੜ੍ਹਾਂ ਇਸਦੀਆਂ ਡੂੰਘੀਆਂ ਹੋਵਣ,
ਰੱਬ ਸਲਾਮਤ ਰੱਖੇ।
ਇਸ ਦੀਆਂ ਛਾਵਾਂ ਦੇ ਹੇਠਾਂ,
ਤ੍ਰਿੰਝਣ ਕੱਤਣ ਕੁੜੀਆਂ।
ਨਿੱਘ ਮਾਨਣ ਇਹਦੀ ਬੱਚੇ ਬੁੱਢੇ,
ਰਹਿਣ ਸਦਾ ਨਾਲ ਜੁੜੀਆਂ।
ਲੰਮੀ ਇਸਦੀ ਉਮਰ ਹੋਜੇ,
ਬਾਬਾ ਨਾਨਕ ਬਰਕਤ ਪਾਵੇ।
ਸਾਰੇ ਬੂਟੇ ਮੁਰਝਾਵਣ ਪਰ,
ਇਹ ਕਦੇ ਨਾ ਮੁਰਝਾਵੇ।
ਮਾਂ ਬੋਲੀ ਦਾ ਹੁੰਦਾ ਨਿਰਾਦਰ,
ਦਿਲ ਪਿਆ ਕੁਰਲਾਵੇ।
ਆਪਣਿਆਂ ਨੇ ਹੀ ਲੱਗੇ ਬਾਗ਼,
ਸਵਾਰਥ ਲਈ ਉਜਾੜੇ।
ਆਉ ਪੰਜਾਬੀ ਬੋਲੀ ਬਚਾਈਏ,
ਸ਼ਰਮਾ ਵਾਸਤਾ ਪਾਵੇ।
ਸੰਪਰਕ: 70873-67969
* * *
ਬਸੰਤ ਰੁੱਤ
ਓਮਕਾਰ ਸੂਦ ਬਹੋਨਾ
ਖੇੜੇ ਖ਼ੁਸ਼ੀਆਂ ਨਾਲ ਲਿਆਈ।
ਸੁਹਣੀ ਰੁੱਤ ਬਸੰਤ ਹੈ ਆਈ।
ਕੁਦਰਤ ਰਾਣੀ ਮੌਲ਼ ਪਈ ਹੈ,
ਪੱਤਝੜ ਕੀਤੀ ਝੱਟ ਵਿਦਾਈ।
ਪਾਲ਼ਾ ਗਿਆ ਤੇ ਸੁਹਣਾ ਮੌਸਮ,
ਮਨ ਦੀ ਜਿਸਨੇ ਤਰੰਗ ਖਿੜਾਈ।
ਬੱਚਿਆਂ ਅਤੇ ਜਵਾਨਾਂ ਰਲਕੇ,
ਪਤੰਗਾਂ ਦੀ ਹੈ ਡੋਰ ਵਧਾਈ।
ਲਾਉਂਦੇ ਪੇਚੇ ਨਾਲ ਡੋਰ ਦੇ,
ਆਸਮਾਨ ਵਿੱਚ ਧੁੰਮ ਮਚਾਈ।
ਸਰ੍ਹੋਆਂ ਦੇ ਪੀਲੇ ਫੁੱਲਾਂ ਨੇ,
ਖੇਤਾਂ ਦੇ ਵਿੱਚ ਛਹਿਬਰ ਲਾਈ।
ਰੰਗ ਬਸੰਤੀ ਚਾਰ ਦਿਸ਼ਾਵੀਂ,
ਇੰਦਰ-ਧਨੁਸ਼ ਦੀ ਸ਼ਕਲ ਬਣਾਈ।
ਛੇ ਰੁੱਤਾਂ ’ਚੋਂ ਰੁੱਤ ਬਸੰਤੀ,
ਰੁੱਤਾਂ ਦੀ ਰਾਣੀ ਕਹਿਲਾਈ।
ਗੁਰਬਾਣੀ ਦੇ ਰਾਗਾਂ ਦੇ ਵਿੱਚ,
ਮਹਾਂਪੁਰਖਾਂ ਇਸ ਦੀ ਮਹਿਮਾ ਗਾਈ।
ਰੁੱਖਾਂ ਉੱਤੇ ਖੇੜਾ ਆਉਂਦਾ,
ਹਰੀ-ਭਰੀ ਹਰ ਸ਼ਾਖ ਹੋ ਆਈ।
ਕੁਦਰਤ ਦਾ ਵਡਮੁੱਲਾ ਸੁਹੱਪਣ,
ਫਿਰਦੀ ਆਪਣੇ ਵਿੱਚ ਸਮਾਈ।
ਸੁਹਜ ਪਿਆ ਹਰ ਟਾਹਣੀ ਉੱਤੇ,
ਰੁੱਖਾਂ ਨੇ ਹੈ ਸ਼ਾਂ-ਸ਼ਾਂ ਲਾਈ।
ਇਹ ਹੈ ਮੌਸਮ ਬੜਾ ਪਿਆਰਾ,
ਕਿਧਰੋਂ ਨਾ ਕੁਦਰਤ ਕੁਮਲਾਈ।
ਚੁੰਨੀ ਲੈ ਕੇ ਰੁੱਤ ਬਸੰਤੀ,
ਫੁੱਲਾਂ ਦੀ ਹੈ ਮਹਿਕ ਵਧਾਈ।
’ਵਾਵਾਂ ਦੇ ਵਿੱਚ ਮਹਿਕਾਂ ਘੁਲੀਆਂ,
ਜੀਕਰ ਮਹਿਕ ਹਿਮਾਲਿਓਂ ਆਈ।
ਖਿੜੀ-ਖਿੜੀ ਰੁੱਤ ਸੁੰਦਰ ਸੁੰਦਰ,
ਸੱਜਰਾਪਣ ਹੈ ਨਾਲ ਲਿਆਈ।
‘ਆਈ ਬਸੰਤ-ਪਾਲ਼ਾ ਉਡੰਤ’,
ਲੋਕਾਂ ਮੂੰਹੋਂ ਗੱਲ ਕਹਿਲਾਈ।
ਪੀਲੇ ਚੌਲ ਚਿਲਮਚੀ ਭਰਕੇ,
ਰੁੱਤ ਬਸੰਤੀ ਵੰਡਣ ਆਈ।
ਭਾਬੀਆਂ ਵਾਂਗੂੰ ਦਿਲਕਸ਼ ਕਿੰਨੀ
ਦੁਲਹਨ ਵਾਂਗੂੰ ਸਜੀ-ਸਜਾਈ।
ਛੇਤੀ-ਛੇਤੀ ਆਇਆ ਕਰ ਤੂੰ,
ਤੈਨੂੰ ਦੇਣੀ ਅਸੀਂ ਵਧਾਈ।
ਸੰਪਰਕ: 96540-36080
* * *
ਯਕੀਨ
ਲਾਡੀ ਜਗਤਾਰ
ਗੱਲ ਤਾਂ ਯਕੀਨ ’ਤੇ ਖੜ੍ਹੀ ਸੀ
ਯਕੀਨ ਨਾ ਰਿਹਾ
ਘਰਾਂ ਨੂੰ ਦਰਵਾਜ਼ੇ ਲੱਗ ਗਏ।
ਯਕੀਨ ਹੋਰ ਡੋਲਿਆ
ਤਾਂ ਗਿੱਠ ਗਿੱਠ ਤੱਕ ਦੇ
ਜਿੰਦੇ ਵੀ ਆ ਗਏ।
ਫਿਰ
ਯਕੀਨ ਵਾਂਗ ਦਰਵਾਜ਼ੇ ਦੇ ਜਿੰਦੇ ਵੀ
ਟੁੱਟਣ ਲੱਗੇ।
ਹੁਣ ਇੱਕ ਦੂਜੇ ’ਤੇ
ਯਕੀਨ ਬਿਲਕੁਲ ਖ਼ਤਮ ਏ
ਤਾਹੀਂ ਕੈਮਰੇ ਲੱਗ ਗਏ।
ਹੁਣ ਕੈਮਰਿਆਂ ’ਤੇ ਵੀ
ਯਕੀਨ ਨਹੀਂ ਰਿਹਾ।
ਅੱਜਕਲ੍ਹ ਸਾਰੇ ਠੱਗ ਨੇ
ਹੁਣ ਜੋ ਯਕੀਨ ਕਰ ਗਿਆ
ਉਹ ਠੱਗਿਆ ਗਿਆ।
ਚੰਗਾ ਸੀ ਜੇ
ਆਪਸੀ ਯਕੀਨ ਬਣਿਆ ਰਹਿੰਦਾ।
ਸੰਪਰਕ: 94636-03091
* * *
ਗ਼ਜ਼ਲ
ਗੋਗੀ ਜ਼ੀਰਾ
ਸੋਚਾਂ ਤੰਗ ਕੋਈ ਨਾ ਸੰਗ,
ਚਿਹਰੇ ਲਾਲ ਦਿਲ ਬੇਰੰਗ।
ਪਰਖ ਨਾ ਪਾਵਾਂ ਵੈਰੀ, ਮਿੱਤਰ,
ਬਾਹਰ ਸ਼ਾਂਤੀ ਅੰਦਰ ਜੰਗ।
ਅਸੀਂ ਆਪਣੀ ਮਸਤੀ ਦੇ ਵਿੱਚ,
ਚਾਹੇ ਸਾਨੂੰ ਜਾਣ ਮਲੰਗ।
ਖ਼ਾਹਿਸ਼ਾਂ ਮਾਰ ਤੇ ਲੋੜਾਂ ਚੁਣ,
ਜਿੰਦ ਨਾ ਐਵੇਂ ਸੂਲੀ ਟੰਗ।
ਭਲਾ ਹੈ ਚੁੱਪ ’ਚ, ਸ਼ੋਰ ਤਬਾਹੀ,
ਸੱਚ ਕਹਿਣ ਵਿੱਚ ਕਾਹਦੀ ਸੰਗ।
ਮੌਤ ਹੈ ਸੱਪਣੀ ਲੁਕ ਕੇ ਬੈਠੀ,
ਖੌਰੇ ਕਦ ਇਹ ਮਾਰੇ ਡੰਗ।
ਸਭ ਦਾ ਆਪਣਾ-ਆਪਣਾ ਰਾਗ,
‘ਗੋਗੀ’ ਨਾ ਕੋਈ ਪਾਈਂ ਭੰਗ।
ਸੰਪਰਕ: 97811-36240
* * *
ਕਿਹੜਾ ਕਿਹੜਾ ਵਿਕਿਆ
ਹਰਦੀਪ ਬਿਰਦੀ
ਕਿਹੜਾ-ਕਿਹੜਾ ਵਿਕਿਆ ਹੋਇਆ
ਕਿਹੜਾ ਮੱਥੇ ਲਿਖਿਆ ਹੋਇਆ।
ਜਿਸ ਨੂੰ ਭਰਵੇਂ ਫ਼ਲ ਲੱਗੇ ਹਨ
ਰੁੱਖ ਉਹ ਹੀ ਹੈ ਲਿਫਿਆ ਹੋਇਆ।
ਹਰ ਬੰਦੇ ਨੂੰ ਇਹੀ ਭੁਲੇਖਾ
ਸਭ ਕੁਝ ਉਸ ਸਿਰ ਟਿਕਿਆ ਹੋਇਆ।
ਤੇਰਾ ਨਾਂ ਦਿਲ ਉੱਤੇ ਓਵੇਂ
ਹੱਥ ਤੋਂ ਭਾਵੇਂ ਮਿਟਿਆ ਹੋਇਆ।
ਮੰਜ਼ਿਲ ਉਸ ਨੂੰ ਲੱਭਦੀ ਫਿਰਦੀ
ਜਿਸ ਨੇ ਪੁੱਜਣਾ ਮਿਥਿਆ ਹੋਇਆ।
ਤੇਰੇ ਪਿੰਡ ਨੂੰ ਜਾਂਦਾ ਰਸਤਾ
ਮੈਂ ਅੱਖਾਂ ਨਾਲ ਮਿਣਿਆ ਹੋਇਆ।
ਦੁਨੀਆ ਦੇ ਵਿੱਚ ਹਰ ਬੰਦਾ ਹੀ
ਜਾਪੇ ਜਿੱਦਾਂ ਪਿਸਿਆ ਹੋਇਆ।
ਨਾ ਰਿਸ਼ਤਾ ਨਾ ਸ਼ੀਸ਼ਾ ਬਚਦਾ
ਜਿਹੜਾ ਹੋਵੇ ਤਿੜਿਆ ਹੋਇਆ।
ਸੰਪਰਕ: 90416-00900