ਕਵਿਤਾਵਾਂ
ਉਹ ਤੇ ਮੈਂ
ਗੁਰਦੀਪ ਢੁੱਡੀ
ਜਦ ਵੀ ਤਪਸ਼ ਵੇਖਦਾ ਹਾਂ, ਸਾਰਾ ਹੀ ਪਿਘਲ ਜਾਂਦਾ ਹਾਂ,
ਘੁਲ਼ ਕੇ ਪਾਰੇ ਵਿੱਚ ਸਾਰਾ, ਪੂਰਾ ਹੀ ਡੋਲ਼ ਜਾਂਦਾ ਹਾਂ।
ਕੁਫ਼ਰ ਉਹ ਤੋਲਦਾ ਦਿਨ ਰਾਤ, ਬਣ ਮੈਂ ਢਾਲ਼ ਜਾਂਦਾ ਹਾਂ,
ਉਸ ਦੀ ਬੋਲ-ਬਾਣੀ ਵਿੱਚ, ਮੈਂ ਆਪਾ ਢਾਲ਼ ਜਾਂਦਾ ਹਾਂ।
ਅੱਖਾਂ ਦਾ ਚੁੱਕਿਆ ਪਰਦਾ ਤੇ ਕੰਨਾਂ ’ਚੋਂ ਮੈਲ਼ ਕੱਢ ਸੁੱਟੀ,
ਤਿਲਕਣ ਬਾਜ਼ੀ ਵਿੱਚ ਐਵੇਂ, ਮੈਂ ਆਪਾ ਗਾਲ਼ ਜਾਂਦਾ ਹਾਂ।
ਪੰਧ ਇਹ ਬੜਾ ਲੰਮੇਰਾ ਹੈ, ਤੀਹਾਂ ਤੇ ਅਠਾਰਾਂ ਦਿਨ ਦਾ ਹੈ,
ਗਿਣਤੀਆਂ ਮਿਣਤੀਆਂ ਵਿੱਚ, ਪੂਰਾ, ਮੈਂ ਖੰਘਾਲ਼ ਜਾਂਦਾ ਹਾਂ।
ਬਣਦਾ ਗੋਦੜੀ ਦਾ ਲਾਲ, ਹਿਟਲਰ ਨੂੰ ਮਾਤ ਪਾਉਂਦਾ ਹੈ,
ਸਭ ਕੁਝ ਸਹਿਣ ਕਰਕੇ, ਸ਼ਬਦੋਂ ਵਿਹੂਣੀ ਗਾਲ਼ ਖਾਂਦਾ ਹਾਂ।
ਅੱਖੋਂ ਅੰਨ੍ਹਾ, ਕੰਨੋਂ ਵਿਹੂਣਾ, ਜ਼ੁਬਾਂ ਨੂੰ ਤਾਲਾ, ਬਾਂਦਰ ਨਹੀਂ ਹਾਂ, ਮੈਂ,
ਸਭ ਕੁਝ ਵੇਖਦਾ, ਸੁਣਦਾ ਅਤੇ ਬੜਾ ਕੁਝ ਭਾਲ਼ ਜਾਂਦਾ ਹਾਂ।
ਗੱਲ ਗੱਲ ’ਤੇ ਮਸਖ਼ਰੀ ਕਰਨੀ, ਉਸੇ ਦਾ ਖ਼ਾਸਾ ਮੁਬਾਰਕ ਹੈ,
ਕਤਰਾ ਸਮਝਦੀ ਭੁੱਲ ਉਸ ਦੀ, ਬੜਾ ਕੁਝ ਟਾਲ਼ ਜਾਂਦਾ ਹਾਂ।
ਮੇਰੀ, ਮੈਂ, ਕਦੀ, ਗੁੰਮ ਨਹੀਂ ਸਕਦੀ, ਉਸ ਨੂੰ ਭੁਲੇਖਾ ਹੈ,
ਸ਼ਕੁਨੀ ਹਾਂ ਨਹੀਂ ਭਾਵੇਂ, ਫਿਰ ਵੀ ਚੱਲ ਚਾਲ ਜਾਂਦਾ ਹਾਂ।
ਸੰਪਰਕ: 95010-20731
* * *
ਹੈ ਤੇ ਦੱਸ
ਪ੍ਰੀਤ ਬੋੜਾਵਾਲ
ਹਿੰਦੂ ਹੈ ਕਿ ਮੁਸਲਮਾਨ ਜਾਂ ਸਿੱਖ ਇਸਾਈ।
ਕੀ ਨਿਸ਼ਾਨੀ ਪਿੰਡੇ ਉੱਤੇ ਦਿਖਾ ਤੇ ਦੱਸ।
ਜਾਤਾਂ ਪਾਤਾਂ, ਧਰਮਾਂ, ਭਰਮਾਂ ਦਾ ਪਾਠ ਪੜ੍ਹਾਵੇਂ ਤੂੰ।
ਮਾਨਸ ਕੀ ਜਾਤਿ ਏਕੇ ਹੈ ਭਾਈ ਆ ਤੇ ਦੱਸ।
ਉਹ ਘਰ ਨਈ ਉਹਦਾ ਪਰਵੇਸ਼ ਜਿੱਥੇ ਜਾਤ ਆਧਾਰਿਤ ਹੈ।
ਸਾੜੇ ਵਾਲੀ ਲੋਈ ਸਿਰ ਤੋਂ ਥੱਲੇ ਲਾਹ ਤੇ ਦੱਸ।
ਹਰ ਮਾਨਸ ਲਈ ਖੁੱਲ੍ਹੇ ਦਰਬਾਰ ਹਰਿਮੰਦਰ ਸਾਹਿਬ ਦਾ।
ਨਾਨਕ ਦਾ ਘਰ ਕੈਸਾ ਹੈ ਸਿਰ ਝੁਕਾ ਤੇ ਦੱਸ।
ਰੱਬ ਦੇ ਰੂਪ ਕਈ ਭੁੱਖਣ ਭਾਣੇ ਸੌਂਦੇ ਨੇ।
ਉਨ੍ਹਾਂ ਉਦਾਸੇ ਚਿਹਰਿਆਂ ਨੂੰ ਹਸਾ ਤੇ ਦੱਸ।
ਜਿਸਦੇ ਦਰਸ਼ਨ ‘ਵੱਡਾ’ ਬਣਕੇ ਕਰਦਾ ਤੂੰ।
ਮਿਲਿਆ ਹੋਵੇ ਕਦੇ ਤੈਨੂੰ ਉਹ ਖ਼ੁਦਾ ਤੇ ਦੱਸ।
ਬੋੜਾਵਾਲ ਦੇ ਪ੍ਰੀਤ ਸਿਆਂ ਸਿਰ ਝੁਕਾ ਕੇ ਖੜ੍ਹਾ ਰਹੀਂ।
ਜੋ ਹੋਣਾ ਸੋ ਹੋਣਾ ਇਹ ਓਹਦੀ ਰਜ਼ਾ ਤੇ ਦੱਸ।
* * *
ਹਿਜਰਾਂ ਨੂੰ...
ਗਗਨਪ੍ਰੀਤ ਸੱਪਲ
ਤੀਰ ਲੱਗੇ ਦਿਲ ’ਤੇ ਤੇਰੇ ਵਿਛੋੜੇ ਦੇ
ਅੱਖੀਆਂ ’ਚੋਂ ਵਹਾਅ ਨੀਰ ਰੋੜ੍ਹੇ ਵੇ।
ਰੂਹਾਂ ਵਾਲਾ ਰੱਖਣਾ ਸੀ ਸਾਥ ਮੈਂ
ਕਿਸਮਤ ਨੇ ਦਿੱਤੇ ਬਣਨ ਨਾ ਜੋੜੇ ਵੇ।
ਸਾਹਾਂ ਨਾਲ ਸਾਹਾਂ ਦਾ ਰਿਸ਼ਤਾ ਸੀ ਜੋ
ਦਿਲ ਦੀਆਂ ਸੱਧਰਾਂ ਕਰ ਖ਼ੂਨ ਤੋੜੇ ਵੇ।
ਸੌਗਾਤਾਂ ਜੋ ਦਿੱਤੀਆਂ ਕਸਮ ਨਾਲ
ਆਖ਼ਰੀ ਮੁਲਕਾਤ ’ਤੇ ਸਭ ਮੋੜੇ ਵੇ।
ਸਾਂਭ ਕੇ ਰੱਖ ਲਵੇ ਗਗਨ ਹਿਜਰਾਂ ਨੂੰ
ਨਿੰਮ ਵਾਂਗ ਲੱਗਣ ਸੱਚੀਓਂ ਕੌੜੇ ਵੇ।
ਸੰਪਰਕ: 62801-57535
* * *
ਗਣਤੰਤਰ ਦਿਵਸ
ਜਗਜੀਤ ਸਿੰਘ ਲੱਡਾ
ਛੱਬੀ ਜਨਵਰੀ ਬੜਾ ਹੀ ਚਾਅ ਚੜ੍ਹਾਉਂਦਾ ਸੀ।
ਸਾਡੇ ਬਚਪਨ ਵੇਲੇ ਜਦ ਵੀ ਇਹ ਆਉਂਦਾ ਸੀ।
ਪਿੰਡਾਂ ਵਿੱਚ ਕਿਸੇ-ਕਿਸੇ ਘਰ ਹੀ ਟੀ ਵੀ ਹੁੰਦੇ,
ਉਨ੍ਹਾਂ ਦੇ ਹੀ ਜਾ ਬੈਠਦੇ ਸਭ ਕੁੜੀਆਂ ਤੇ ਮੁੰਡੇ,
ਕੱਢ ਨਾ ਦੇਣ ਬਾਹਰ, ਕੋਈ ਨਾ ਰੌਲਾ ਪਾਉਂਦਾ ਸੀ।
ਛੱਬੀ ਜਨਵਰੀ ਬੜਾ ਹੀ ਚਾਅ ਚੜ੍ਹਾਉਂਦਾ ਸੀ।
ਦਸ ਕੁ ਵਜੇ ਸੀ ਪਰੇਡ ਵਾਲੇ ਸ਼ੁਰੂ ਹੋ ਜਾਂਦੇ,
ਟੈਂਕ ਲੰਘਦੇ ਤੇ ਜਹਾਜ਼ ਉੱਡਦੇ ਗੋਤੇ ਖਾਂਦੇ,
ਇੱਕ ਹੈਲੀਕਾਪਟਰ ਅੰਬਰੋਂ ਫੁੱਲ ਵਰਸਾਉਂਦਾ ਸੀ।
ਛੱਬੀ ਜਨਵਰੀ ਬੜਾ ਹੀ ਚਾਅ ਚੜ੍ਹਾਉਂਦਾ ਸੀ।
ਨਵੀਆਂ ਚੀਜ਼ਾਂ ਦੇਖਦਿਆਂ ਸੀ ਸਮਾਂ ਲੰਘਦਾ,
ਕੰਮ ਛੁੱਟਣ ਕਰਕੇ ਘਰ ਜਾਂਦਾ ਹਰੇਕ ਕੰਬਦਾ,
ਕੁੱਟ ਤੋਂ ਡਰਦਾ ਹਰ ਕੋਈ ਬਹਾਨਾ ਲਾਉਂਦਾ ਸੀ।
ਛੱਬੀ ਜਨਵਰੀ ਬੜਾ ਹੀ ਚਾਅ ਚੜ੍ਹਾਉਂਦਾ ਸੀ।
ਹੁਣ ਕਿਹੜਾ ਦੇਖੇ ਟੀ ਵੀ ਜਦ ਫੋਨ ਆ ਗਏ,
‘ਲੱਡੇ’ ਸਭ ਨਿੱਕੜੇ, ਵੱਡੇ ਇਸ ਨੇ ਪੱਟ ਲਏ,
ਉਦੋਂ ਜਲੰਧਰ, ਦਿੱਲੀ ਚੈਨਲ ਮਨ ਭਾਉਂਦਾ ਸੀ।
ਛੱਬੀ ਜਨਵਰੀ ਬੜਾ ਹੀ ਚਾਅ ਚੜ੍ਹਾਉਂਦਾ ਸੀ।
ਸੰਪਰਕ: 98555-31045
* * *
ਤਿਰੰਗਾ
ਸਨਦੀਪ ਕੌਰ
ਸਾਡਾ ਤਿਰੰਗਾ ਬੜਾ ਮਹਾਨ ਹੈ
ਇਸ ਦੀ ਨਿਰਾਲੀ ਪਛਾਣ ਹੈ
ਦੇਸ਼ ਦੀ ਇੱਜ਼ਤ ਦਾ ਪ੍ਰਤੀਕ ਹੈ
ਹਰ ਦੇਸ਼ ਵਾਸੀ ਦੇ ਨਜ਼ਦੀਕ ਹੈ
ਇਹ ਹਰ ਡਰ ਨੂੰ ਭੁਲਾ ਦਿੰਦਾ ਹੈ
ਇੱਕ ਨਵਾਂ ਜੋਸ਼ ਜਗਾ ਦਿੰਦਾ ਹੈ।
ਕੁਰਬਾਨੀ ਦਾ ਕੇਸਰੀ ਰੰਗ ਹੈ ਇਸ ਵਿੱਚ
ਸ਼ਾਂਤੀ ਦਾ ਸਫ਼ੇਦ ਸੰਦੇਸ਼ ਹੈ ਇਸ ਵਿੱਚ
ਜ਼ਰਖ਼ੇਜ਼ਤਾ ਦੀ ਹਰਿਆਲੀ ਹੈ ਇਸ ਵਿੱਚ
ਅਸ਼ੋਕ ਚੱਕਰ ਵਿਕਾਸ ਦਾ ਨਿਸ਼ਾਨ ਹੈ
ਸਾਡਾ ਤਿਰੰਗਾ ਬੜਾ ਮਹਾਨ ਹੈ।
ਫਰ ਫਰ ਹਵਾਵਾਂ ’ਚ ਲਹਿਰਾਉਂਦਾ ਹੈ
ਆਜ਼ਾਦੀ ਦਾ ਅਹਿਸਾਸ ਦਿਵਾਉਂਦਾ ਹੈ
ਹਰ ਉਚਾਈ ਤੋਂ ਉੱਪਰ ਤਿਰੰਗਾ
ਏਕਤਾ ਦਾ ਗੀਤ ਗਾਉਂਦਾ ਹੈ।
ਜਾਨੋਂ ਪਿਆਰਾ ਦੇਸ਼ ਆਜ਼ਾਦ ਰਹੇ
ਸ਼ਹੀਦਾਂ ਕੀਤਾ ਆਪਾ ਕੁਰਬਾਨ ਹੈ
ਅੰਬਰ ਵਿੱਚ ਝੂਲਦਾ ਨਿਸ਼ਾਨ ਹੈ
ਸਾਡਾ ਤਿਰੰਗਾ ਬੜਾ ਮਹਾਨ ਹੈ।
ਸੰਪਰਕ: 98768-99808
* * *
ਬਾਰਾ ਮਾਹ
ਗੁਰਿੰਦਰ ਸਿੰਘ ਸੰਧੂਆਂ
ਵੱਖੋ ਵੱਖ ਰੁੱਤਾਂ ਵੱਖੋ ਵੱਖ ਰੰਗ ਜੀ।
ਜਿੰਦਗੀ ਜਿਉਣ ਵਾਲੇ ਸਿੱਖੋ ਢੰਗ ਜੀ।
ਆਖਦੇ ਸਿਆਣੇ ਚਿੱਤ ਨੂੰ ਟਿਕਾਉਣ ਦਾ।
ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ।
ਚੇਤ ਦੇ ਮਹੀਨੇ ਦੇਸੀ ਚੜ੍ਹੇ ਸਾਲ ਜੀ।
ਮੌਸਮ ਵੀ ਹੋਵੇ ਵੀਰਨੋ ਕਮਾਲ ਜੀ।
ਸੰਧੂਆਂ ਸ਼ੌਕੀਨ ਕਵਿਤਾ ਬਣਾਉਣ ਦਾ।
ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ।
ਵਿਸਾਖ ਵਿਸਾਖੀ ਹੋਂਵਦਾ ਤਿਉਹਾਰ ਜੀ।
ਕਣਕ ਫਸਲ ਭਰਦੀ ਭੰਡਾਰ ਜੀ।
ਖਾਲਸਾ ਦਿਵਸ ਸੰਗਤੇ ਮਨਾਉਣ ਦਾ।
ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ।
ਜੇਠ ਦੇ ਮਹੀਨੇ ਤਪਸ਼ ਤਪਾਂਵਦੀ।
ਹਾੜ ਵਾਲੀ ਵਾੜ ਪੂਰਾ ਕਹਿਰ ਢਾਂਵਦੀ।
ਪੰਚਮ ਗੁਰਾਂ ਦੀ ਸ਼ਹੀਦੀ ਮਨਾਉਣ ਦਾ।
ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ।
ਸਾਉਣ ਦਾ ਮਹੀਨਾ ਖੀਰ ਪੂੜੇ ਖਾਣ ਦਾ।
ਕੁੜੀਆਂ ਨੂੰ ਚਾਅ ਹੋਵੇ ਪੇਕੇ ਜਾਣ ਦਾ।
ਗਰਮੀ ਤੋਂ ਰਾਹਤ ਮੇਘ ਵਰਸਾਉਣ ਦਾ।
ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ।
ਭਾਦੋਂ ਵਿੱਚ ਮੇਲਾ ਲੱਗਦਾ ਛਪਾਰ ਦਾ।
ਗਰਮੀ ਦਾ ਕਹਿਰ ਉੱਤੋਂ ਮੱਤ ਮਾਰਦਾ।
ਕ੍ਰਿਸ਼ਨ ਮੁਰਾਰ ਪੁਰਬ ਮਨਾਉਣ ਦਾ।
ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ।
ਅੱਸੂ ਦੇ ਨੌਰਾਤੇ ਬੜੇ ਮਸ਼ਹੂਰ ਜੀ।
ਵਿਆਹਾਂ ਵਿੱਚ ਲੱਡੂ ਪੱਕਦੇ ਜ਼ਰੂਰ ਜੀ।
ਬਦੀ ਉੱਤੇ ਨੇਕੀ ਤਾਈਂ ਜਿੱਤ ਪਾਉਣ ਦਾ।
ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ।
ਅਯੁੱਧਿਆ ’ਚ ਪੁੱਜੇ ਜਦੋਂ ਸ੍ਰੀ ਰਾਮ ਜੀ।
ਖ਼ੁਸ਼ ਹੋਇਆ ਨਰ ਨਾਰੀ ਸੀ ਤਮਾਮ ਜੀ।
ਬੰਦੀ ਛੋੜ ਮੌਕੇ ਦੀਪਕ ਜਗਾਉਣ ਦਾ।
ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ।
ਪੋਹ ਦਾ ਮਹੀਨਾ ਹੋਵੇ ਠੰਢ ਜ਼ੋਰ ਦੀ।
ਚੇਤੇ ਆਵੇ ਸਾਨੂੰ ਗੜ੍ਹੀ ਚਮਕੌਰ ਦੀ।
ਵਿੱਚ ਸਰਹਿੰਦ ਹਾਜ਼ਰੀ ਲਗਾਉਣ ਦਾ।
ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ।
ਚਾਲੀ ਸਿੰਘਾਂ ਮੁੱਖ ਗੁਰੂ ਵੱਲੋਂ ਮੋੜਿਆ।
ਪਾੜਕੇ ਬੇਦਾਵਾ ਗੁਰਾਂ ਗੰਢ ਜੋੜਿਆ।
ਆਪਣੇ ਪਿਆਰਿਆਂ ਨੂੰ ਗਲ ਲਾਉਣ ਦਾ।
ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ।
ਫੱਗਣ ਮਹੀਨੇ ਹੋਲੀ ਹੋਲਾ ਆਂਵਦਾ।
ਆਨੰਦਾ ਦੀ ਪੁਰੀ ਖਾਲਸਾ ਮਨਾਂਵਦਾ।
ਬਾਰਾ ਮਾਹ ਚੇਤੇ ਦੇਸੀ ਕਰਵਾਉਣ ਦਾ।
ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ।
ਸੰਪਰਕ: 94630-27466
* * *
ਚੰਡੀਗੜ੍ਹ
ਪਵਨ ਗੁਲਾਟੀ
ਸਮਾਰਟ ਸ਼ਹਿਰ ਹੈ, ਸਮਾਰਟ ਲੋਕ
ਸਮਾਰਟ ਗੱਲਬਾਤ, ਸਮਾਰਟ ਵਿਹਾਰ...
ਜਿਵੇਂ ਜਿਵੇਂ ਜਾਂਦੇ ਹੋ
ਹਾਈਕੋਰਟ, ਸਕਤਰੇਤ ਜਾਂ ਲੇਕ ਵੱਲ
ਮਧਿਆ ਮਾਰਗ ਦੇ ਉਪਰਲੇ ਸੈਕਟਰਾਂ ਵੱਲ
ਹਰਿਆਵਲ, ਤਰਲਤਾ, ਖ਼ਾਮੋਸ਼ੀ
ਵੱਡੇ ਵੱਡੇ ਬੰਗਲੇ ਵੱਡੀਆਂ ਵੱਡੀਆਂ ਕਾਰਾਂ
ਗੇਟਾਂ ਪਿੱਛੇ ਅਲਸੇਸ਼ਨ, ਲੇਬਰੱਡੋਰ,
ਖ਼ੂਬਸੂਰਤ ਲਾਅਨ, ਵਿਦੇਸ਼ੀ ਮਹਿਮਾਨ
ਅਜਬ ਗ਼ਜ਼ਬ ਰੁਤਬੇ
ਕੁਟਿਲ ਮੁਸਕਾਨਾਂ, ਚੀਲ ਨਜ਼ਰਾਂ
ਸਿਆਣਪਾਂ ਦੇ ਸਾਰੇ ਸ਼ੀਸ਼ਮਹਲ
ਇੱਥੋਂ ਦੇ ਸੁਬਕ ਸਿਰਾਂ ’ਚ ਤਾਮੀਰ
ਸਭ ਤੋਂ ਉੱਚੀ ਬਿਲਡਿੰਗ ਦੀ ਸਿਖਰ ਤੋਂ
ਨਿੱਕੇ ਨਿੱਕੇ ਕੀੜਿਆਂ ਵਰਗੇ ਲਗਦੇ ਲੋਕ
ਦੂਰ ਦੂਰ ਤੋਂ ਜਾਂਦੇ
ਇੱਥੋਂ ਦੀ ਮੁਸਕਾਨ ਦਾ ਫਖਰ ਹਾਸਲ ਕਰਨ
ਤਰ੍ਹਾਂ ਤਰ੍ਹਾਂ ਦੇ ਲੋਕ
ਪੱਥਰਾਂ ’ਚੋਂ ਤਲਾਸ਼ਦੇ ਇਤਰਾਂ ਦੀ ਖ਼ੁਸ਼ਬੂ...
ਇੱਥੇ ਪਿੰਡਾਂ ਦੇ ਪਿੰਡ ਕੈਦ ਹਨ
ਗਾਵਾਂ, ਮੱਝਾਂ, ਖੁਰਲੀਆਂ, ਹਲ ਪੰਜਾਲੀ
ਟਰੈਕਟਰ, ਕੰਬਾਈਨ,
ਕੁੜਤੇ, ਸਲਵਾਰਾਂ, ਚਾਦਰੇ
ਜੇ ਆਜ਼ਾਦ ਹੈ ਕੋਈ ਤਾਂ ਕੇਵਲ ਸਮਾਰਟ ਸਲੀਕਾ
ਇਲਾਂਟੇ ਮੌਲ, ਸੈਕਟਰ ਸਤਾਰਾਂ ਜਾਂ ਅੱਠ ਦੀ ਮਾਰਕੀਟ
ਸ਼ੌਪਿੰਗ ਸ਼ੌਪਿੰਗ ਸ਼ੌਪਿੰਗ ਸ਼ੋ ਪੀਆਂਗ
ਚੰਡੀਗੜ੍ਹ ਪਰੋਸਦਾ ਹੈ
ਦੁਨੀਆ ਭਰ ਦੇ ਖਾਣੇ
ਲਿਬਾਸਾਂ ਦੇ ਵਿਕੋਲਿਤਰੇ ਡਿਜ਼ਾਈਨ
ਨਿੱਕੇ ਵੱਡੇ ਫਲੈਟ, ਦਿਲਕਸ਼ ਅਪਾਰਟਮੈਂਟ
ਕਿੰਨੇ ਹੀ ‘ਮਾਜਰੇ’ ਨਿਗਲ ਚੁੱਕੀਆਂ ਕਲੋਨੀਆਂ ਦੇ ਪਲਾਟ
ਧਰਤੀ ਦੀ ਹਿੱਕ ਪਾੜ ਵਿਛੀਆਂ ਲੰਮੀਆਂ ਸੜਕਾਂ
ਖ਼ੂਬਸੂਰਤ ਗਾਰਡਨ, ਕਲੋਲਾਂ ਕਰਦੀ ਝੀਲ
ਮੱਥੇ ’ਤੇ ਝੁਕੇ ਪਹਾੜ
ਚੰਡੀਗੜ੍ਹ ਨੇ ਦਿਲ ਬਣਨਾ ਸੀ ਸਾਡਾ
ਸਾਡੀ ਧੜਕਣ, ਸਾਡੇ ਸੁਪਨਿਆਂ ਦੀ ਉਡਾਣ
ਪਰ ਇਸ ਤੋਂ ਹਮਸਾਇਆਂ ਨੂੰ ਡਰ ਲਗਦਾ
ਸਾਡਾਪਣ ਸਾਦਾਪਣ ਬਣ ਜਾਂਦਾ...
ਚੰਡੀਗੜ੍ਹ ਕੇਵਲ ਮੁੰਡਿਆਂ ਦੇ ਦਿਲ ਲਾਉਂਦਾ
ਅੱਖਾਂ ਚਾਰ ਕਰਦਾ,
ਦਿਲ ਚੁਰਾਉਂਦਾ, ਦਿਲ ਤੋੜਦਾ,
ਫਿਰ ਬਿਮਾਰਾਂ ਦਾ ਪੀ.ਜੀ.ਆਈ. ’ਚ ਇਲਾਜ ਕਰਦਾ
ਚੰਡੀਗੜ੍ਹ ਘੂਰਦਾ ਤਾਂ ਦਰਿਆਵਾਂ ’ਚ ਹੜ੍ਹ ਆ ਜਾਂਦੇ
ਸੜਕਾਂ ’ਤੇ ਰੁੱਖ ਪਸਰ ਜਾਂਦੇ
ਅੰਬਰ ਝੰਡੀਆਂ ਨਾਲ ਭਰ ਜਾਂਦਾ
ਡੌਲੇ ਫਰਕਦੇ, ਸੁਰ ਤਿੱਖੇ ਹੋ ਜਾਂਦੇ
ਮਿਜ਼ਾਜ਼ ਗਰਮ
ਪਲੋਸਦਾ ਤਾਂ ਫਾਈਲਾਂ ਸੁਬਕ ਹੋ ਜਾਂਦੀਆਂ
ਅੱਖਾਂ ’ਚ ਸ਼ਰਮ, ਹੋਠਾਂ ਤੇ ਅਦਬ ਸਤਿਕਾਰ
ਚਿਤਾਵਨੀਆਂ ਠੁਮਰੀ ਗਾਇਨ ’ਚ ਵਟ ਜਾਂਦੀਆਂ
ਮੇਲੇ ਲਗਦੇ, ਸੰਗੀਤ, ਗਾਇਨ,
ਇਨਾਮ ਸ਼ਨਾਮ ਸਨਮਾਨ ਫੀਤੀਆਂ
ਸੋਹਣੀਆਂ ਤਸਵੀਰਾਂ ਦੀ ਲਿਸ਼ਕੋਰ ਵਜਦੀ
ਚੰਡੀਗੜ੍ਹ ਸਾਰੇ ਜਾਦੂ ਜਾਣਦਾ ਹੈ
ਚੰਡੀਗੜ੍ਹ ਸਭ ਨੂੰ ਪਛਾਣਦਾ ਹੈ!
ਸੰਪਰਕ: 95010-26551
* * *