For the best experience, open
https://m.punjabitribuneonline.com
on your mobile browser.
Advertisement

ਕਵਿਤਾਵਾਂ

04:35 AM Jan 16, 2025 IST
ਕਵਿਤਾਵਾਂ
Advertisement

ਲੋਹੜੀ

ਜਗਜੀਤ ਸਿੰਘ ਲੱਡਾ
ਲੋਹੜੀ ਤਾਂ ਮਨਾਈ ਮਾਂ ਪਰ ਫ਼ਰਕ ਨਾ ਮਿਟਿਆ ਮੂਲ।
ਮੇਰੇ ਲਈ ਸਰਕਾਰੀ ਵੀਰੇ ਲਈ ਅੰਗਰੇਜ਼ੀ ਸਕੂਲ।

Advertisement

ਮੈਨੂੰ ਰੋਟੀ ਬਾਅਦ ’ਚ ਪਹਿਲਾਂ ਵੀਰੇ ਨੂੰ ਹੈ ਮਿਲਦੀ,
ਮੇਰੀ ਵਰਦੀ ਨਾਲੋਂ ਪਹਿਲਾਂ ਵੀਰੇ ਦੀ ਹੈ ਸਿਲਦੀ,
ਉਹਨੂੰ ਖੇਡਣ ਦੀ ਆਜ਼ਾਦੀ ਮੇਰੇ ’ਤੇ ਲਾਗੂ ਰੂਲ।
ਲੋਹੜੀ ਤਾਂ ਮਨਾਈ ਮਾਂ ਪਰ ਫ਼ਰਕ ਨਾ ਮਿਟਿਆ ਮੂਲ।

Advertisement

ਸੁਣਿਆ ਆਪਣੀ ਹੁੱਬ ਲਈ ਫੰਕਸ਼ਨ ਸੀ ਕਰਵਾਇਆ,
ਪਿੰਡ ਵਾਲੇ ਤੇ ’ਕੱਲਾ-’ਕੱਲਾ ਰਿਸ਼ਤੇਦਾਰ ਬੁਲਾਇਆ,
ਦੇਖ ਵਿਤਕਰਾ ਜਾਪੇ ਮੈਨੂੰ ਕੀਤਾ ਖਰਚ ਫਜ਼ੂਲ।
ਲੋਹੜੀ ਤਾਂ ਮਨਾਈ ਮਾਂ ਪਰ ਫ਼ਰਕ ਨਾ ਮਿਟਿਆ ਮੂਲ।

‘ਲੱਡਾ’ ਸਰ ਕਰੇ ਅਰਜ਼ੋਈ ਪਹਿਲਾਂ ਫ਼ਰਕ ਮਿਟਾਓ,
ਫੇਰ ਧੀਆਂ ਦੀ ਲੋਹੜੀ ਸਭ ਜੀਅ ਸਦਕੇ ਮਨਾਓ,
ਪੁੱਤ ਧੀ ਬਰਾਬਰ ਰੱਖਣ ਦਾ ਬਣਾਓ ਸਾਰੇ ਅਸੂਲ।
ਲੋਹੜੀ ਤਾਂ ਮਨਾਈ ਮਾਂ ਪਰ ਫ਼ਰਕ ਨਾ ਮਿਟਿਆ ਮੂਲ।
ਸੰਪਰਕ: 98555-31045
* * *

ਕਿਰਤੀ ਦੀ ਲੁੱਟ

ਹਰਪ੍ਰੀਤ ਪੱਤੋ
ਹੱਥਾਂ ਵਿੱਚ ਪਏ ਅੱਟਣ ਸਾਡੇ,
ਪੈਰਾਂ ਵਿੱਚ ਬਿਆਈਆਂ,
ਵਿਹੜੀਂ ਸਾਡੇ ਘੁੱਪ ਹਨੇਰੇ,
ਰਹਿਣ ਉਦਾਸੀਆਂ ਛਾਈਆਂ।
ਜਿੱਤਾਂ ਸਾਨੂੰ ਨਸੀਬ ਨਾ ਹੋਈਆਂ,
ਹਿੱਸੇ ਹਾਰਾਂ ਆਈਆਂ,
ਕਿੰਨੇ ਦਿਨ ਤਿਉਹਾਰ ਨੇ ਲੰਘੇ,
ਨਾ ਖ਼ੁਸ਼ੀਆਂ ਕਦੇ ਮਨਾਈਆਂ।
ਲੋਟੂ ਸਾਡੀ ਕਿਰਤ ਨੂੰ ਲੁੱਟ ਕੇ,
ਖਾਂਦੇ ਰਹਿਣ ਮਠਿਆਈਆਂ,
ਪੱਲੇ ਸਾਡੇ ਸੁੱਕੀਆਂ ਰੋਟੀਆਂ,
ਉਹ ਵੀ ਮਸਾਂ ਥਿਆਈਆਂ।
ਕਿੰਨਾ ਚਿਰ ਲੁੱਟ ਹੋਰ ਹੈ ਹੋਣੀ,
ਨਾ ਗੱਲਾਂ ਕਿਸੇ ਸਮਝਾਈਆਂ,
ਵਿਹਲੜਾਂ ਦੇ ਘਰ ‘ਪੱਤੋ’ ਪੌਂ ਬਾਰਾਂ,
ਅਸੀਂ ਤਾਂ ਉਮਰਾਂ ਤੰਗੀਆਂ ਸੰਗ ਲੰਘਾਈਆਂ।
ਸੰਪਰਕ: 94658-21417
* * *

ਗ਼ਜ਼ਲ

ਜਗਜੀਤ ਗੁਰਮ
ਲੜਦਾ ਲੁੜਦਾ ਕਿਹੜਾ ਅੱਜਕੱਲ੍ਹ ਜਾਨ ਮੇਰੀ।
ਖੜ੍ਹਦਾ ਖੁੜ੍ਹਦਾ ਕਿਹੜਾ ਅੱਜਕੱਲ੍ਹ ਜਾਨ ਮੇਰੀ।

ਕਰਦਾ ਦੇਖ ਤਰੱਕੀ ਲੋਕੀ ਛੱਡ ਜਾਂਦੇ
ਸੜਦਾ ਸੁੜਦਾ ਕਿਹੜਾ ਅੱਜਕੱਲ੍ਹ ਜਾਨ ਮੇਰੀ।

ਜੋੜ ਜੁੜਾਈ ਚਲਦੀ ਬਹੁਤ ਜ਼ਮਾਨੇ ਵਿੱਚ
ਅੜਦਾ ਉੜਦਾ ਕਿਹੜਾ ਅੱਜਕੱਲ੍ਹ ਜਾਨ ਮੇਰੀ।

ਮੌਸਮ ਬਦਲੇ ਬਦਲ ਗਏ ਫੁੱਲ ਬੂਟੇ ਵੀ
ਝੜਦਾ ਝੁੜਦਾ ਕਿਹੜਾ ਅੱਜਕੱਲ੍ਹ ਜਾਨ ਮੇਰੀ।

ਟੰਗ ਅੜਾ ਕੇ ਸੁੱਟਣ ਤੇ ਫਿਰ ਡਿੱਗਦੇ ਨੂੰ
ਫੜਦਾ ਫੁੜਦਾ ਕਿਹੜਾ ਅੱਜਕੱਲ੍ਹ ਜਾਨ ਮੇਰੀ।

ਰਾਹ ਪੱਧਰ ਹੀ ਚੁਣਦੇ ਸਾਰੇ ਮੰਜ਼ਿਲ ਤੱਕ
ਘੜਦਾ ਘੁੜਦਾ ਕਿਹੜਾ ਅੱਜਕੱਲ੍ਹ ਜਾਨ ਮੇਰੀ।

ਫ਼ਿਲਮੀ ਪਰਦੇ ਪਏ ਹੋਏ ਨੇ ਅੱਖਾਂ ’ਤੇ
ਪੜ੍ਹਦਾ ਪੁੜ੍ਹਦਾ ਕਿਹੜਾ ਅੱਜਕੱਲ੍ਹ ਜਾਨ ਮੇਰੀ।
ਸੰਪਰਕ: 99152-64836
* * *

ਦੱਸਣਾ ਜ਼ਰੂਰ ਜੀ

ਨਿਰਮਲ ਸਿੰਘ ਰੱਤਾ
ਭੁੱਖ ਵਿੱਚ ਜੰਮੇ, ਭੁੱਖ ਵਿੱਚ ਮਾਰ ਕੇ
ਜੇਠ ’ਚ ਤਪਾ ਕੇ, ਪੋਹ ਵਿੱਚ ਠਾਰ ਕੇ
ਮਿਲਦਾ ਕੀ ਰੱਬਾ, ਦੱਸਣਾ ਹਜ਼ੂਰ ਜੀ
ਸਾਡੀ ਵੀ ਗ਼ਰੀਬੀ, ਕਦੇ ਕਰੋ ਦੂਰ ਜੀ।

ਦਿਨ ਚਿੱਟਾ ਜਾਪੇ, ਮੱਸਿਆ ਦੀ ਰਾਤ ਹੈ
ਲੱਗਦੀ ਵਿਰੋਧੀ, ਸਾਰੀ ਕਾਇਨਾਤ ਹੈ
ਡੁੱਬਿਆ ਸਿਤਾਰਾ, ਲੱਗਦੈ ਜ਼ਰੂਰ ਜੀ
ਸਾਡੀ ਵੀ ਗ਼ਰੀਬੀ, ਕਦੇ ਕਰੋ ਦੂਰ ਜੀ।

ਨਿੱਕੇ ਨਿੱਕੇ ਬਾਲ, ਸੜਕਾਂ ’ਤੇ ਰੋਲ ਨਾ
ਫੁੱਲਾਂ ਜੇਹੀ ਜਿੰਦ, ਕੰਡਿਆਂ ’ਚ ਤੋਲ ਨਾ
ਹੋ ਗਿਆ ਗੁਨਾਹ, ਐਡਾ ਕੀ ਕਸੂਰ ਜੀ
ਸਾਡੀ ਵੀ ਗ਼ਰੀਬੀ, ਕਦੇ ਕਰੋ ਦੂਰ ਜੀ।

ਕੰਧ ਵਾਲੀ ਘੜੀ, ਸਮਾਂ ਬੁਰਾ ਦੱਸਦੀ
ਨਿੱਕੀ ਵੱਡੀ ਸੂਈ, ਸਾਡੇ ਉੱਤੇ ਹੱਸਦੀ
ਵੇਖਦੀ ਹਮੇਸ਼ਾਂ, ਸਾਨੂੰ ਘੂਰ ਘੂਰ ਜੀ
ਸਾਡੀ ਵੀ ਗ਼ਰੀਬੀ, ਕਦੇ ਕਰੋ ਦੂਰ ਜੀ।

ਜ਼ਿੰਦਗੀ ਦੀ ਵਾਟ, ਦੁੱਖਾਂ ਵਿੱਚ ਕੱਟ ਕੇ
ਲੜ ਕੇ ਮੁਸੀਬਤਾਂ, ਦੇ ਨਾਲ ਡੱਟ ਕੇ
ਝੰਬਿਆ ਸਰੀਰ, ਹੋਇਆ ਚੂਰ ਚੂਰ ਜੀ
ਸਾਡੀ ਵੀ ਗ਼ਰੀਬੀ, ਕਦੇ ਕਰੋ ਦੂਰ ਜੀ।

ਵੇਲਾ ਹੋਵੇ ਸ਼ਾਮ, ਹੋਵੇ ਜਾਂ ਸਵੇਰ ਜੀ
ਦੁੱਖਾਂ ਵਾਲਾ ਤਾਂ ਨਾ, ਮਿਟਦਾ ਹਨੇਰ ਜੀ
ਝੜੀ ਪਰੇਸ਼ਾਨੀ ਦੀ, ਉਡਾਵੇ ਨੂਰ ਜੀ
ਸਾਡੀ ਵੀ ਗ਼ਰੀਬੀ, ਕਦੇ ਕਰੋ ਦੂਰ ਜੀ।

ਹੋਲੀ ਤੇ ਦੀਵਾਲੀ, ਫਿੱਕੀ ਫਿੱਕੀ ਲੱਗਦੀ
ਖਾਲੀ ਹੱਥ ਲੋਹੜੀ, ਲੱਗੇ ਲਾਟ ਅੱਗ ਦੀ
ਲੰਘਦੇ ਤਿਉਹਾਰ, ਸਭ ਝੂਰ ਝੂਰ ਜੀ
ਸਾਡੀ ਵੀ ਗ਼ਰੀਬੀ, ਕਦੇ ਕਰੋ ਦੂਰ ਜੀ।

ਭਾਵੇਂ ਹਾਂ ਗ਼ਰੀਬ, ਅਣਖਾਂ ਨਾ ਛੱਡਦੇ
ਰੋਟੀ ਮਿਲੇ ਅੱਧੀ, ਹੱਥ ਨਹੀਓਂ ਅੱਡਦੇ
ਮੰਗ ਖਾਣ ਲਈ, ਕਰੀਂ ਨਾ ਮਜਬੂਰ ਜੀ
ਸਾਡੀ ਵੀ ਗ਼ਰੀਬੀ, ਕਦੇ ਕਰੋ ਦੂਰ ਜੀ।
ਸੰਪਰਕ: 84270-07623
* * *

ਚੱਜ ਦੀ ਗੱਲ

ਕੇਵਲ ਸਿੰਘ ਰੱਤੜਾ
ਮੈਨੂੰ ਕਹਿਨੈਂ ਚੁੱਪ ਰਿਹਾ ਕਰ।
ਤੂੰ ਵੀ ਚੱਜ ਦੀ ਗੱਲ ਕਿਹਾ ਕਰ।

ਜਦ ਵੀ ਆਉਨੈਂ ਥੱਕਿਆ ਲੱਗਦੈਂ,
ਸਾਡੇ ਲਈ ਵੀ ਬਲ ਰੱਖਿਆ ਕਰ।

ਕਰੇਂ ਜਿੱਥੇ ਵੀ ਪੱਕੇ ਵਾਅਦੇ
ਕੱਚਿਆਂ ਨੂੰ ਨਾ ਭਿਣਕ ਦਿਆ ਕਰ।

ਲੋਕਾਂ ਦਾ ਕੰਮ ਚੁਗਲੀ ਕਰਨਾ
ਤੂੰ ਨਾ ਐਵੇਂ ਖਾਣ ਪਿਆ ਕਰ।

ਦਿਨ ਭਰ ਲਾਰਿਆਂ ਵਿੱਚੋਂ ਕੁਝ ਹੀ
ਰੱਬ ਡਰੋਂ ਪੂਰੇ ਕਰ ਲਿਆ ਕਰ।

ਸਿਰਾਂ ’ਤੇ ਹਮਲਾ ਫੋਨ ਨੇ ਕੀਤਾ,
ਜੇਬ ਤੇ ਭੇਤ ਲੁਕਾ ਰੱਖਿਆ ਕਰ।

ਔਲਾਦ ਨੂੰ ਪੜ੍ਹਨਾ ਸਿੱਖਣਾ ਪੈਣਾ,
ਸਬਰ, ਸ਼ੁਕਰ ਸਮਝਾ ਦਿਆ ਕਰ।

ਪਹਿਲਾਂ ਬਣੇ ਸਿਆਣਾ ਕਾਮਾ,
ਐਂ ਨਾ ਮੁੰਡਾ ਵਿਆਹ ਦਿਆ ਕਰ।

ਜੀਵ ਜੰਤੂ ਰੁੱਖ ਕੱਖ ਸਾੜਦੈਂ,
ਆਪਣਾ ਸਿਵਾ ਬਚਾ ਲਿਆ ਕਰ।

ਜੋਤਿਸ਼, ਨਰਕ ਸ੍ਵਰਗ ਵਿੱਚ ਮਨ ਨੂੰ
‘ਰੱਤੜਾ’ ਨਾ ਭਟਕਾ ਬ੍ਹਿਆ ਕਰ।
ਸੰਪਰਕ: 82838-30599
* * *

ਅਸੀਂ ਤਾਂ ਆਪਣੇ ਰਾਹ ਚੱਲੇ ਹਾਂ

ਓਮਕਾਰ ਸੂਦ ਬਹੋਨਾ
ਆਪਣੀ ਉਮਰ ਬਿਤਾ ਚੱਲੇ ਹਾਂ।
ਉਮਰ ਦੇ ਸੋਹਿਲੇ ਗਾ ਚੱਲੇ ਹਾਂ।
ਜਿੰਨੀ ਉਮਰ ਮਿਲੀ ਸੀ ਓਨਾ,
ਜੀਵਨ ਪੰਧ ਮੁਕਾ ਚੱਲੇ ਹਾਂ।
ਯਾਦਾਂ ਦੇ ਵਿੱਚ ਰਹਿ ਜਾਣਾ ਹੈ,
ਆਪਣੀ ਅਉਧ ਹੰਢਾ ਚੱਲੇ ਹਾਂ।
ਮਰ-ਮਰ ਜੀਂਦੇ ਰਹੇ ਹਾਂ, ਫਿਰ ਵੀ-
ਦੂਜਿਆਂ ਤਾਈਂ ਰੁਸ਼ਨਾ ਚੱਲੇ ਹਾਂ।
ਆਪਣੇ ਰੱਤ ਨਾਲ ਰੌਸ਼ਨ ਕਰਕੇ,
ਅਣਖ ਦੀ ਜੋਤ ਜਗਾ ਚੱਲੇ ਹਾਂ।
ਬੁਰਿਆਂ ਲੋਕਾਂ ਦੇ ਸੰਗ ਰਹਿ ਵੀ,
ਚੰਗੇ ਕਰਮ ਕਮਾ ਚੱਲੇ ਹਾਂ।
ਉੱਧੜ ਗਏ ਹਾਂ ਧੁਰ ਅੰਦਰ ਤੱਕ,
ਰੂਹ ’ਤੇ ਜ਼ਖ਼ਮ ਕਰਾ ਚੱਲੇ ਹਾਂ।
ਪੀੜਾਂ ਹੀ ਪੀੜਾਂ ਸੀ ਪੱਲੇ,
ਪੀੜਾਂ ’ਚੋਂ ਸੁਖ ਪਾ ਚੱਲੇ ਹਾਂ।
ਉਫ਼ ਕਹੀ ਨਾ ਮੁਖੜੇ ਵਿੱਚੋਂ,
ਜੀਵਨ ਪੰਧ ਮੁਕਾ ਚੱਲੇ ਹਾਂ।
ਔੜਾਂ-ਸੋਕਿਆਂ ਦੇ ਵਿੱਚ ਜੀਣਾ,
ਦੂਜਿਆਂ ਤਾਈਂ ਸਿਖਾ ਚੱਲੇ ਹਾਂ।
ਲਿਖੀਂ ਬਹੋਨੇ ਸਾਡੀਆਂ ਗੱਲਾਂ,
ਅਸੀਂ ਤਾਂ ਆਪਣੇ ਰਾਹ ਚੱਲੇ ਹਾਂ।
ਸੰਪਰਕ: 96540-36080
* * *

ਗ਼ਜ਼ਲ

ਦੀਪਿਕਾ ਅਰੋੜਾ
ਹਾਲੇ ਤਾਂ ਰਾਖ਼ ਚੁਗਦੀ ਹਾਂ ਮੈਂ ਬਲ਼ਦੇ ਰਿਸ਼ਤਿਆਂ ਵਿੱਚੋਂ,
ਕਦੇ ਕੱਢ ਹੀ ਲਿਆਂਵਾਂਗੀ ਕਿ ਖ਼ੁਦ ਨੂੰ ਹਾਉਕਿਆਂ ਵਿੱਚੋਂ।

ਮਹਿਲ ਰੇਤਾ ਦੇ ਟਿੱਬੇ ’ਤੇ ਕਿਸੇ ਵੀ ਜਦ ਉਸਾਰੇ ਨੇ,
ਥਪੇੜੇ ਰੋੜ੍ਹ ਲੈ ਜਾਂਦੇ ਨਿਕਲ ਕੇ ਸਾਗਰਾਂ ਵਿੱਚੋਂ।

ਜਗਾ ਦੀਵਾ ਵਫ਼ਾਵਾਂ ਦਾ ਸੀ ਜਿਸ ਹੱਥੀਂ ਬੁਝਾ ਦਿੱਤਾ,
ਅਜੇ ਵੀ ਖ਼ੁਦ ਨੂੰ ਭਾਲਾਂ ਕਿਉਂ ਮੈਂ ਉਹਦੇ ਰੋਸਿਆਂ ਵਿੱਚੋਂ।

ਤਜ਼ਰਬੇ ਹੀ ਦਿਸ਼ਾਵਾਂ ਨੂੰ ਲਿਆਵਣ ਖਿੱਚ ਕੇ ਵੱਲ ਆਪਣੇ,
ਪਤਾ ਮੰਜ਼ਿਲ ਦਾ ਮਿਲਦਾ ਹੈ ਯਕੀਨਨ ਰਸਤਿਆਂ ਵਿੱਚੋਂ।

ਕਰੇ ਹੱਸਣਾ-ਹਸਾਉਣਾ ਵੀ ਕਦੇ ਮਾਹੌਲ ਨੂੰ ਬੋਝਿਲ,
ਕਈ ਮੋਤੀ ਪਏ ਕਿਰਦੇ ਇਨ੍ਹਾਂ ਹੀ ਹਾਸਿਆਂ ਵਿੱਚੋਂ।

ਕਦੇ ਗ਼ਮ ਦਾ ਬਸੇਰਾ ਹੀ ਇਲਾਜ-ਏ-ਗ਼ਮ ਹੈ ਬਣ ਜਾਂਦਾ,
ਕਿ ਜੀਣਾ ਆ ਗਿਆ ਸਾਨੂੰ ਨਿਕਲ ਕੇ ਸਦਮਿਆਂ ਵਿੱਚੋਂ।
ਸੰਪਰਕ: 90411-60739
* * *

ਪਾਣੀ ਦੀ ਸੰਭਾਲ

ਗੁਰਤੇਜ ਸਿੰਘ ਖੁਡਾਲ
ਆਓ ਆਪਾਂ ਸਾਰੇ ਰਲ ਕੇ,
ਸਾਂਝਾ ਉਪਰਾਲਾ ਕਰੀਏ,
ਪਾਣੀ ਨੂੰ ਅਸੀਂ ਕਿਵੇਂ ਬਚਾਈਏ,
ਮਿਲ ਵਿਚਾਰਾਂ ਕਰੀਏ।

ਪਾਣੀ ਨਾਲ ਹੈ ਜੀਵਨ ਸਾਡਾ,
ਬੱਚਤ ਪਾਣੀ ਦੀ ਕਰੀਏ,
ਪਾਣੀ ਵਰਤੀਏ ਸੋਚ ਸਮਝ ਕੇ,
ਆਪਾਂ ਸਭ ਨੂੰ ਚੌਕਸ ਕਰੀਏ।

ਘਟ ਗਿਆ ਪਾਣੀ ਮੁੱਲ ਨਹੀਂ ਮਿਲਣਾ,
ਸੋਚ ਸਮਝ ਕੇ ਵਰਤੋਂ ਕਰੀਏ,
ਪਾਣੀ ਦੀ ਅਨਮੋਲ ਦਾਤ ਲਈ,
ਸ਼ੁਕਰ ਰੱਬ ਦਾ ਕਰੀਏ।

ਖੁਡਾਲ ਪਾਣੀ ਨੂੰ ਸਾਂਭ ਕੇ ਰੱਖੀਏ,
ਕਦਰ ਪਾਣੀ ਦੀ ਕਰੀਏ।
ਸੰਪਰਕ: 94641-29118
* * *

ਕਮਾਲ ਕਰ ਦਿੱਤਾ

ਪਲਕਦੀਪ ਕੌਰ
ਤੂੰ ਅੱਜ ਮੈਨੂੰ ਨਿਹਾਲ ਕਰ ਦਿੱਤਾ
ਕਮਾਲ ਕਰ ਦਿੱਤਾ
ਕਮਾਲ ਕਰ ਦਿੱਤਾ
ਤੂੰ ਮੇਰਾ ਕਰਜ਼ਦਾਰ
ਵਾਲ ਵਾਲ ਕਰ ਦਿੱਤਾ
ਕਮਾਲ ਕਰ ਦਿੱਤਾ
ਕਮਾਲ ਕਰ ਦਿੱਤਾ
ਇੱਕ ਸੁਪਨਾ ਸੀ
ਉਹ ਪੂਰਾ ਹੋਵੇਗਾ
ਇੱਕ ਸਫ਼ਰ ਮੁਕਾਵਾਂਗੇ
ਸਫ਼ਰਾਂ ’ਤੇ ਚਲਾਂਗੇ
ਤੇ ਇੱਕ ਦੂਜੇ ਦੇ ਹੋ ਜਾਵਾਂਗੇ
ਤੂੰ ਮੈਨੂੰ
ਦੁੱਖ ਸੁੱਖ ਦਾ ਭਾਈਵਾਲ ਕਰ ਦਿੱਤਾ
ਕਮਾਲ ਕਰ ਦਿੱਤਾ
ਕਮਾਲ ਕਰ ਦਿੱਤਾ
ਤੂੰ ਮੇਰੀ ਜ਼ਿੰਦਗੀ ਦਾ
ਪਲ ਪਲ ਜ਼ਾਇਆ ਹੋਣ ਨਾ ਦੇਵੀਂ
ਮੈਂ ਰੋਈ ਹਾਂ ਬਹੁਤ
ਤੂੰ ਮੈਨੂੰ ਰੋਣ ਨਾ ਦੇਵੀਂ
ਤੂੰ ਮੇਰੀ ਘੜੀ ਰੁਸ਼ਨਾਈ ਏ
ਤੇ ਰੋਸ਼ਨ ਹਰ ਸਾਲ ਕਰ ਦਿੱਤਾ
ਕਮਾਲ ਕਰ ਦਿੱਤਾ
ਕਮਾਲ ਕਰ ਦਿੱਤਾ
ਇਹ ਖ਼ਿਆਲ ਰੱਖੀਂ ਕਿ
ਪਲਕ ਦੀ ਕਿਤੇ ਅੱਖ ਨਾ ਭਰ ਆਵੇ
ਉਹ ਤੈਨੂੰ ਜਿੱਤਣ ਆਈ ਏ
ਜਿੱਤਦੀ ਜਿੱਤਦੀ ਨਾ ਹਰ ਜਾਵੇ
ਤੂੰ ਚੰਨ ਦੀ ਚਾਨਣੀ ਨਾਲ ਸੋਹਣਿਆ
ਖ਼ਿਆਲ ਭਰ ਦਿੱਤਾ
ਕਮਾਲ ਕਰ ਦਿੱਤਾ
ਕਮਾਲ ਕਰ ਦਿੱਤਾ

Advertisement
Author Image

Ravneet Kaur

View all posts

Advertisement