ਕਲੱਬ ਨੇ ਜਾਗਰੂਕਤਾ ਮੁਹਿੰਮ ਚਲਾਈ

ਜਗਤਾਰ ਸਮਾਲਸਰ
ਏਲਨਾਬਾਦ, 25 ਮਾਰਚ
ਪਿੰਡ ਮਿਠਨਪੁਰਾ ਵਿੱਚ ਪੰਚਾਇਤ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਯੁਵਾ ਕਲੱਬ ਦੇ ਮੈਬਰਾਂ ਨੇ ਪਿੰਡ ਵਿੱਚ ਲੋਕਾਂ ਦੇ ਘਰਾਂ ਅੱਗੇ ਪੋਸਟਰ ਲਗਾ ਕੇ ਲੋਕਾਂ ਨੂੰ ਕਰੋਨਾ ਵਾਇਰਸ ਬਾਰੇ ਜਾਗਰੂਕ ਕੀਤਾ। ਕਲੱਬ ਦੇ ਬੁਲਾਰੇ ਸਮਾਜਸੇਵੀ ਕੁਲਦੀਪ ਮੁੰਦਲੀਆ ਨੇ ਦੱਸਿਆ ਕਿ ਪੰਚਾਇਤ ਦੇ ਆਦੇਸ਼ ਅਤੇ ਸਹਿਯੋਗ ਦੇ ਬਾਅਦ ਕਲੱਬ ਦੇ ਮੈਬਰਾਂ ਨੇ ਪਿੰਡ ਵਿੱਚ ਗਲੀ-ਗਲੀ ਅਤੇ ਘਰ-ਘਰ ਦੇ ਮੁੱਖ ਗੇਟਾਂ ਅੱਗੇ ਪੋਸਟਰ ਲਗਾ ਕੇ ਕਰੋਨਾ ਤੋਂਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਕੇ ਸੁਚੇਤ ਰਹਿਣ ਅਤੇ ਆਪਣੇ-ਆਪਣੇ ਘਰਾਂ ਵਿੱਚ ਰਹਿਣ ਲਈ ਅਪੀਲ ਕੀਤੀ ਅਤੇ ਪਿੰਡ ਦੇ 60 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਨੂੰ ਵਿਸ਼ੇਸ ਰੂਪ ਵਿੱਚ ਸਮਝਾਇਆ ਗਿਆ। ਉਨ੍ਹਾਂ ਨੂੰ ਅਗਲੇ 21 ਦਿਨ ਲਈ ਪਿੰਡ ਦੀ ਸੱਥ ਜਾਂ ਬਾਹਰ ਕਿਸੇ ਵੀ ਜਗ੍ਹਾ ਉੱਤੇ ਨਾ ਜਾਣ ਦੀ ਅਪੀਲ ਕੀਤੀ ਗਈ ਹੈ। ਕਲੱਬ ਦੇ ਪ੍ਰਧਾਨ ਵਿਨੋਦ ਭਾਬੂ ਅਤੇ ਨਿਰਦੇਸ਼ਕ ਪ੍ਰਸ਼ੋਤਮ ਭਾਬੂ ਨੇ ਦੱਸਿਆ ਕਲੱਬ ਵਲੋਂ ਪੂਰੇ ਪਿੰਡ ਵਿੱਚ ਸੈਨੇਟਾਈਜ਼ਰ ਸਪਰੇਅ ਕੀਤੀ ਗਈ ਹੈ। ਇਸ ਮੌਕੇ ਪਿੰਡ ਦੇ ਸਰਪੰਚ ਰਾਜ ਕੁਮਾਰ ਗੋਦਾਰਾ ਨੇ ਵੀ ਆਮ ਲੋਕਾਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਰਿਆਣਾ ਪ੍ਰਦੇਸ਼ ਵਿੱਚ ਧਾਰਾ 144 ਲਾਗੂ ਹੈ ਇਸ ਲਈ ਪਿੰਡ ਵਿੱਚ ਕਿਸੇ ਥਾਂ ’ਤੇ ਵੀ ਚਾਰ ਜਾਂ ਪੰਜ ਆਦਮੀਆਂ ਤੋਂ ਜ਼ਿਆਦਾ ਇੱਕਠੇ ਨਾ ਹੋਇਆ ਜਾਵੇ। ਇਸ ਮੌਕੇ ਦਾਰਾ ਸਿੰਘ ਬਰਾੜ, ਅਮਿਤ ਭਾਬੂ, ਰਾਕੇਸ਼, ਸੰਜੇ ਸੋਲੰਕੀ, ਸੁਰਜੀਤ ਸਿੰਘ ਹੇਅਰ, ਲਾਲ ਚੰਦ ਅਤੇ ਕਿਸ਼ੋਰ ਭਾਬੂ ਮੌਜੂਦ ਸਨ।