ਕਲੱਬ ’ਚ ਨਿੱਕਰ ਪਾ ਕੇ ਦਾਖ਼ਲ ਹੋਣ ਤੋਂ ਰੋਕਣ ’ਤੇ ਐਕਸੀਅਨ ਨੇ ਬਿਜਲੀ ਕੱਟੀ
ਸਰਬਜੀਤ ਸਿੰਘ ਭੱਟੀ
ਅੰਬਾਲਾ, 1 ਜੁਲਾਈ
ਅੰਬਾਲਾ ਛਾਉਣੀ ਦੇ ਪ੍ਰਸਿੱਧ ਫਿਨਿਕਸ ਕਲੱਬ ’ਚ ਨਿੱਕਰ (ਸ਼ੌਰਟਸ) ਪਾ ਕੇ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨਾ ਯਮੁਨਾਨਗਰ ਤਾਇਨਾਤ ਉੱਤਰ ਬਿਜਲੀ ਵੰਡ ਨਿਗਮ ਦੇ ਐਕਸੀਅਨ ਹਰੀਸ਼ ਗੋਇਲ ਨੂੰ ਮਹਿੰਗਾ ਪੈ ਗਿਆ। ਬਿਜਲੀ ਮੰਤਰੀ ਅਨਿਲ ਵਿੱਜ ਨੇ ਮਾੜੇ ਵਿਹਾਰ ਅਤੇ ਅਧਿਕਾਰਾਂ ਦੇ ਦੁਰਵਰਤੋਂ ਦੇ ਦੋਸ਼ਾਂ ਤਹਿਤ ਐਕਸੀਨ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਹੈ। ਬੀਤੀ ਸ਼ਾਮ ਹਰੀਸ਼ ਗੋਇਲ ਕਲੱਬ ਦੀ ਬਾਰ ’ਚ ਸ਼ੌਰਟਸ ਪਾ ਕੇ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਕਲੱਬ ਦੇ ਨਿਯਮਾਂ ਅਨੁਸਾਰ ਅਜਿਹੀ ਪੁਸ਼ਾਕ ’ਚ ਦਾਖ਼ਲਾ ਸਖ਼ਤ ਮਨ੍ਹਾਂ ਹੈ। ਦੋ ਮੁਲਾਜ਼ਮਾਂ ਨੇ ਉਸ ਨੂੰ ਨਿਯਮ ਦੱਸੇ ਤੇ ਅੰਦਰ ਜਾਣ ਤੋਂ ਰੋਕ ਦਿੱਤਾ। ਇਸ ਮਗਰੋਂ ਗੋਇਲ ਗੁੱਸੇ ’ਚ ਆ ਗਿਆ ਤੇ ਕਥਿਤ ਗ਼ਲਤ ਵਿਹਾਰ ਕਰਨ ਲੱਗਿਆ। ਇੰਨਾ ਹੀ ਨਹੀਂ ਇਸ ਘਟਨਾ ਤੋਂ ਕੁਝ ਸਮੇਂ ਬਾਅਦ ਉਸ ਨੇ ਕਲੱਬ ਦੀ ਬਿਜਲੀ ਸਪਲਾਈ ਵੀ ਕੱਟ ਦਿੱਤੀ, ਜਦਕਿ ਇਸ ਸਮੇਂ ਕਲੱਬ ’ਚ ਲਗਪਗ 50 ਪਰਿਵਾਰ ਮੌਜੂਦ ਸਨ। ਕਲੱਬ ਪ੍ਰਬੰਧਕ ਸ਼ੈਲੇਂਦਰ ਖੰਨਾ (ਸ਼ੈਲੀ) ਵੱਲੋਂ ਬਿਜਲੀ ਮੰਤਰੀ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਗਿਆ ਕਿ ਗੋਇਲ ਨੇ ਕਲੱਬ ਮੈਨੇਜਰ ਬਲਿੰਦਰ ਸਿੰਘ ਨੂੰ ਫ਼ੋਨ ’ਚ ਕਿਹਾ, ‘ਕੀ ਗੱਲ ਆ, ਤੁਹਾਡੀ ਲਾਈਟ ਚਲੀ ਗਈ ਤੇ ਜਨਰੇਟਰ ਚੱਲ ਰਿਹਾ, ਕਿਵੇਂ ਲੱਗ ਰਿਹਾ?’ ਬਿਜਲੀ ਮੰਤਰੀ ਵਿੱਜ ਨੇ ਕਿਹਾ ਕਿ ਲੋਕ ਸੇਵਕ ਦਾ ਅਜਿਹਾ ਵਿਹਾਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।