ਕਲੋਨੀ ਵਾਸੀਆਂ ਵੱਲੋਂ ਚੋਣ ਕਮਿਸ਼ਨਰ ਨੂੰ ਪੱਤਰ
ਪੱਤਰ ਪ੍ਰੇਰਕ
ਯਮੁਨਾਨਗਰ, 10 ਮਾਰਚ
ਚੋਣਾਂ ਵਿੱਚ ਦਿਨ-ਬ-ਦਿਨ ਘਟਦੀ ਵੋਟ ਫ਼ੀਸਦ ’ਤੇ ਸਖ਼ਤ ਰਵੱਈਆ ਅਪਣਾਉਣਾ ਚਾਹੀਦਾ ਹੈ ਅਤੇ ਵੋਟ ਨਾ ਪਾਉਣ ਵਾਲੇ ਵੋਟਰਾਂ ਵਿਰੁੱਧ ਜੁਰਮਾਨੇ ਦੀ ਵਿਵਸਥਾ ਕਰਨੀ ਚਾਹੀਦੀ ਹੈ । ਇਸ ਤੋਂ ਇਲਾਵਾ ਆਪਣੀ ਵੋਟ ਦੀ ਵਰਤੋਂ ਕਰਨ ਵਾਲੇ ਵੋਟਰ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਇਹ ਮੰਗ ਗਰੀਨ ਪਾਰਕ ਕਲੋਨੀ ਵੈਲਫੇਅਰ ਐਸੋਸੀਏਸ਼ਨ (ਰਜਿਸਟਰਡ) ਨੇ ਮੁੱਖ ਚੋਣ ਕਮਿਸ਼ਨਰ ਨੂੰ ਭੇਜੇ ਪੱਤਰ ਵਿੱਚ ਕੀਤੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਮਹਿਤਾ ਨੇ ਕਿਹਾ ਕਿ ਦੇਸ਼ ਭਰ ਵਿੱਚ ਚੋਣਾਂ ‘ਤੇ ਅਰਬਾਂ ਰੁਪਏ ਖਰਚ ਕੀਤੇ ਜਾਂਦੇ ਹਨ ਪਰ ਦਿਨ ਪ੍ਰਤੀ ਦਿਨ ਘੱਟ ਰਹੀ ਵੋਟ ਫ਼ੀਸਦ ਬਹੁਤ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਵੋਟਿੰਗ ਫ਼ੀਸਦ ਵਿੱਚ ਕਮੀ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰੀ ਪ੍ਰਣਾਲੀ ’ਤੇ ਵੀ ਸਵਾਲ ਖੜ੍ਹੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਲੋਕ ਸਭਾ, ਵਿਧਾਨ ਸਭਾ ਅਤੇ ਨਗਰ ਨਿਗਮ ਦੀਆਂ ਚੋਣਾਂ ਹੁੰਦੀਆਂ ਹਨ ਅਤੇ ਤਿੰਨੋਂ ਤਰ੍ਹਾਂ ਦੀਆਂ ਚੋਣਾਂ ਵਿੱਚ ਵੋਟ ਫ਼ੀਸਦ ਲਗਾਤਾਰ ਘੱਟ ਰਹੀ ਹੈ। ਸ੍ਰੀ ਮਹਿਤਾ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਵੋਟਰਾਂ ਦੀਆਂ ਜ਼ਿੰਮੇਵਾਰੀਆਂ ਤੈਅ ਕਰਨੀਆਂ ਪੈਣਗੀਆਂ ਤਾਂ ਹੀ ਵੋਟਿੰਗ ਫ਼ੀਸਦ ਵਧ ਸਕਦੀ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ ਪ੍ਰਤੀ ਸਖ਼ਤ ਫੈਸਲਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਮੀਰ ਪਰਿਵਾਰਾਂ ਦੇ ਵੋਟਰਾਂ, ਜੋ ਵੋਟ ਨਹੀਂ ਪਾਉਂਦੇ, ਦੇ ਵਿਦੇਸ਼ ਜਾਣ ’ਤੇ ਪਾਬੰਦੀ ਲਗਾਉਣੀ ਚਾਹੀਦੀ ਹ । ਇਸ ਤੋਂ ਇਲਾਵਾ ਗਰੀਬ ਪਰਿਵਾਰਾਂ ਨੂੰ ਦਿੱਤੇ ਜਾ ਰਹੇ ਮੁਫ਼ਤ ਰਾਸ਼ਨ ਨੂੰ ਰੋਕਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਇਸ ਮੌਕੇ ਵਿਨੋਦ ਸੇਠੀ, ਨਰੇਸ਼ ਮਹਿਤਾ, ਜਗਮੋਹਨ ਢਲ, ਧੀਰ ਸਿੰਘ ਸੈਣੀ, ਕ੍ਰਿਸ਼ਨ ਲਾਲ ਭਾਟੀਆ, ਓਮ ਪ੍ਰਕਾਸ਼ ਭਾਟੀਆ, ਸਵਰਨ ਸਿੰਘ, ਓਮ ਪ੍ਰਕਾਸ਼ ਕਪੂਰ ਅਤੇ ਸ੍ਰੀ ਖੁਰਾਣਾ ਮੁੱਖ ਤੌਰ ‘ਤੇ ਮੌਜੂਦ ਸਨ ।