ਕਲਾਸਨ ਨੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ
ਕੇਪਟਾਊਨ, 2 ਜੂਨ
ਦੱਖਣੀ ਅਫ਼ਰੀਕਾ ਦੇ ਬੱਲੇਬਾਜ਼ ਐੱਚ. ਕਲਾਸਨ ਨੇ ਕੰਮ ਅਤੇ ਜ਼ਿੰਦਗੀ ਵਿੱਚ ਸੰਤੁਲਨ ਲਿਆਉਣ ਲਈ ਕੌਮਾਂਤਰੀ ਕ੍ਰਿਕਟ ਦੀਆਂ ਸਾਰੀਆਂ ਵਨਗੀਆਂ ਤੋਂ ਸੰਨਿਆਸ ਲੈ ਲਿਆ ਹੈ। 33 ਸਾਲਾ ਕਲਾਸਨ ਨੇ ਪਿਛਲੇ ਸਾਲ ਜਨਵਰੀ ਵਿੱਚ ਟੈਸਟ ਕ੍ਰਿਕਟ ਤੋਂ ਸੰਨਿਆਸ ਲਿਆ ਸੀ ਤੇ ਹੁਣ ਉਸ ਨੇ ਟੀ-20 ਅਤੇ ਇੱਕ ਰੋਜ਼ਾ ਕ੍ਰਿਕਟ ਤੋਂ ਵੀ ਸੰਨਿਆਸ ਲੈ ਲਿਆ ਹੈ। ਦੱਖਣੀ ਅਫਰੀਕਾ ਲਈ ਉਸ ਨੇ ਚਾਰ ਟੈਸਟ, 60 ਇੱਕ ਰੋਜ਼ਾ ਅਤੇ 58 ਟੀ-20 ਮੈਚਾਂ ਵਿੱਚ 2764 ਦੌੜਾਂ ਬਣਾਈਆਂ ਹਨ। ਕਲਾਸਨ ਨੇ ਸੰਨਿਆਸ ਬਾਰੇ ਇੰਸਟਾਗ੍ਰਾਮ ’ਤੇ ਕਿਹਾ, ‘ਮੈਂ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਕੀਤਾ ਹੈ। ਮੈਨੂੰ ਇਹ ਫੈਸਲਾ ਕਰਨ ਵਿੱਚ ਕਾਫੀ ਸਮਾਂ ਲੱਗਿਆ ਕਿ ਭਵਿੱਖ ਵਿੱਚ ਮੇਰੇ ਅਤੇ ਮੇਰੇ ਪਰਿਵਾਰ ਲਈ ਬਿਹਤਰ ਕੀ ਹੈ। ਇਹ ਬਹੁਤ ਮੁਸ਼ਕਲ ਫੈਸਲਾ ਸੀ ਪਰ ਮੈਂ ਇਸ ਤੋਂ ਖੁਸ਼ ਹਾਂ।’ ਦੁਨੀਆ ਭਰ ਦੀਆਂ ਟੀ-20 ਲੀਗਾਂ ਵਿੱਚ ਮਸ਼ਹੂਰ ਬੱਲੇਬਾਜ਼ ਕਲਾਸਨ ਆਈਪੀਐੱਲ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡਦਾ ਹੈ ਅਤੇ ਉਸ ਨੇ ਹਾਲ ਹੀ ਵਿੱਚ ਸੈਂਕੜਾ ਵੀ ਜੜਿਆ ਸੀ। ਭਾਰਤ ਵਿਰੁੱਧ ਟੀ-20 ਵਿਸ਼ਵ ਕੱਪ ਫਾਈਨਲ ਖੇਡ ਚੁੱਕੇ ਕਲਾਸਨ ਨੇ ਕਿਹਾ, ‘ਦੇਸ਼ ਲਈ ਖੇਡਣਾ ਪਹਿਲੇ ਦਿਨ ਤੋਂ ਹੀ ਮਾਣ ਵਾਲੀ ਗੱਲ ਰਹੀ ਹੈ। ਹੁਣ ਮੈਂ ਆਪਣੇ ਪਰਿਵਾਰ ਨਾਲ ਵਧੇਰੇ ਸਮਾਂ ਬਿਤਾ ਸਕਾਂਗਾ।’ ਉਸ ਨੇ ਕਿਹਾ, ‘ਦੱਖਣੀ ਅਫਰੀਕਾ ਲਈ ਖੇਡਦਿਆਂ ਮੈਨੂੰ ਉਨ੍ਹਾਂ ਮਹਾਨ ਸ਼ਖਸੀਅਤਾਂ ਨੂੰ ਮਿਲਣ ਦਾ ਮੌਕਾ ਮਿਲਿਆ, ਜਿਨ੍ਹਾਂ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦੀ ਹਾਂ। ਮੈਂ ਆਪਣੇ ਸਾਰੇ ਕੋਚਾਂ ਦਾ ਵੀ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੇਰੇ ’ਤੇ ਭਰੋਸਾ ਰੱਖਿਆ।’ -ਪੀਟੀਆਈ