ਕਰੰਟ ਲੱਗਣ ਕਾਰਨ ਪੰਜ ਮੱਝਾਂ ਮਰੀਆਂ

ਗੁਰਨਾਮ ਸਿੰਘ ਚੌਹਾਨ
ਪਾਤੜਾਂ, 19 ਅਗਸਤ
ਪਿੰਡ ਦੁਗਾਲ ਕਲਾਂ ਦੇ ਖੇਤਾਂ ਵਿੱਚ ਘਰ ਬਣਾ ਕੇ ਰਹਿੰਦੇ ਕਿਸਾਨ ਦੇ ਪਸ਼ੂਆਂ ਨੂੰ ਪਾਣੀ ਪਿਲਾਉਣ ਲਈ ਬਣਾਈ ਗਈ ਖੇਲ ਵਿੱਚ ਕਰੰਟ ਆ ਜਾਣ ਕਾਰਨ ਕਿਸਾਨ ਦੇ ਪੰਜ ਪਸ਼ੂ ਮੌਤ ਦੇ ਮੂੰਹ ਜਾ ਪਏ ਹਨ। ਜਿਸ ਕਰਕੇ ਕਿਸਾਨ ਨੂੰ ਵੱਡੇ ਆਰਥਿਕ ਘਾਟੇ ਦਾ ਸਾਹਮਣਾ ਕਰਨਾ ਪਿਆ ਹੈ। ਦੁਗਾਲ ਵਾਸੀ ਕਿਸਾਨ ਅੰੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਖੇਤੀ ਦੇ ਨਾਲ ਨਾਲ ਦੁਧਾਰੂ ਪਸ਼ੂ ਰੱਖ ਕੇ ਉਨ੍ਹਾਂ ਦਾ ਦੁੱਧ ਵੇਚ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ ਕਿ ਬੀਤੀ ਰਾਤ ਉਨ੍ਹਾਂ ਦੇ ਪਰਿਵਾਰ ਉਤੇ ਉਸ ਵੇਲੇ ਕਹਿਰ ਬਣਕੇ ਆਈ ਜਦੋਂ ਉਨ੍ਹਾਂ ਪਸ਼ੂਆਂ ਨੂੰ ਪਾਣੀ ਪਿਲਾਉਣ ਲਈ ਛੱਡੀਆਂ ਤਾਂ ਖੇਲ ਤੋਂ ਪਾਣੀ ਪੀ ਰਹੀਆਂ 5 ਝੋਟੀਆਂ ਪਾਣੀ ਵਿੱਚੋਂ ਕਰੰਟ ਲੱਗਣ ਕਾਰਨ ਇੱਕਦਮ ਡਿੱਗ ਪਈਆਂ। ਬਚਾਅ ਲਈ ਕਿਸਾਨ ਨੇ ਤੁਰੰਤ ਪਸ਼ੂਆਂ ਦੇ ਡਾਕਟਰ ਨੂੰ ਬੁਲਾਇਆ ਜਿਸ ਨੇ ਇਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਕਰੰਟ ਨਾਲ ਮਰੀਆਂ ਮੱਝਾਂ ’ਚ ਇੱਕ ਮੱਝ ਸੂਣ ਵਾਲੀ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਸ਼ੂਆਂ ਦੇ ਮਰਨ ਨਾਲ 3 ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਪਹੁੰਚੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪਹਿਲਾਂ ਝੰਬੋ ਡਰੇਨ ਵਿੱਚ ਹੜ੍ਹ ਆਉਣ ਨਾਲ ਕਿਸਾਨ ਦੀ ਝੋਨੇ ਦੀ ਫ਼ਸਲ ਮਾਰੀ ਗਈ ਹੈ ਜਿਸ ਨੂੰ ਦੁਬਾਰਾ ਲਗਾਉਣ ਉੱਤੇ ਵੱਡਾ ਖਰਚ ਹੋਇਆ ਹੈ ਤੇ ਹੁਣ ਫਿਰ ਪਾਣੀ ਆਉਣ ਨਾਲ ਫ਼ਸਲ ਦੇ ਮਰਨ ਦਾ ਖਦਸ਼ਾ ਹੈ। ਦੂਜੇ ਪਾਸੇ ਕਰੰਟ ਲੱਗਣ ਨਾਲ ਪਸ਼ੂਆਂ ਦੇ ਮਰਨ ਨਾਲ ਇਸ ਕਿਸਾਨ ਨੂੰ ਹੋਰ ਵੀ ਵੱਡੀ ਮਾਰ ਪਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਕਿਸਾਨ ਦੀ ਮਾਲੀ ਮਦਦ ਕੀਤੀ ਜਾਵੇ।