ਕਰਫ਼ਿਊ ਟਰੈਕ ’ਤੇ, ਜ਼ਿੰਦਗੀ ਲੀਹੋਂ ਲੱਥੀ

ਮਾਨਸਾ ਦੇ ਇੱਕ ਬਜ਼ਾਰ ਵਿੱਚ ਚੀਨ ਦੀ ਤਰਜ਼ ’ਤੇ ਸਪਰੇਅ ਕਰਦੇ ਕਾਮੇ। -ਫੋਟੋ: ਸੁਰੇਸ਼

ਸ਼ਗਨ ਕਟਾਰੀਆ
ਬਠਿੰਡਾ, 25 ਮਾਰਚ
ਅੱਜ ਜ਼ਿਲ੍ਹੇ ਅੰਦਰ ਕਰਫ਼ਿਊ ਬਾਦਸਤੂਰ ਦੀ ਲੀਹ ’ਤੇ ਰਿਹਾ। ਕਰਫ਼ਿਊ ਉਲੰਘਣਾ ਦੀਆਂ ਕੋਸ਼ਿਸ਼ਾਂ ਘਟੀਆਂ ਅਤੇ ਇਸ ਦੇ ਨਾਲ ਹੀ ਪੁਲੀਸ ਕੁਟਾਪਾ ਵੀ ਮੱਠਾ ਹੋਇਆ। ਲੋਕਾਂ ਨੇ ਘਰਾਂ ’ਚੋਂ ਨਿੱਕਲਣ ਦੀ ਕੁਤਾਹੀ ਘੱਟ ਹੀ ਕੀਤੀ। ਸ਼ਹਿਰ ਦੀਆਂ ਸੜਕਾਂ ’ਤੇ ਦੂਰ-ਦੂਰ ਤੱਕ ਸਿਵਾਏ ਪੁਲੀਸ ਦੇ ਕਿਧਰੇ ਵੀ ਚਿੜੀ ਨਹੀਂ ਫੜਕੀ। ਅੱਜ ਪ੍ਰਸ਼ਾਸਨ ਨੇ ਘਰਾਂ ’ਚ ਦੜੇ ਲੋਕਾਂ ਲਈ ਰਸੋਈ ’ਚ ਰੋਜ਼ ਵਰਤੋਂ ਦੀਆਂ ਵਸਤਾਂ ਸਪਲਾਈ ਕੀਤੀਆਂ।
ਪਹਿਲੇ ਦੋ ਦਿਨਾਂ ਦੀ ਤੁਲਨਾ ’ਚ ਲੋਕਾਂ ਨੇ ਅੱਜ ਕਰਫ਼ਿਊ ਤੋੜਨ ਦੀ ਕਾਰਵਾਈਆਂ ਘੱਟ ਕੀਤੀਆਂ। ਮਜਬੂਰੀ ਵਾਚਣ ’ਤੇ ਪੁਲੀਸ ਨੇ ਉਨ੍ਹਾਂ ਨਾਲ ਉਹੋ ਜਿਹਾ ਵਰਤਾਓ ਕੀਤਾ। ਤਫ਼ਰੀ ਮਾਰਨ ਵਾਲਿਆਂ ਨੂੰ ਪੁਲੀਸ ਨੇ ‘ਧਰ’ ਲਿਆ ਜਦ ਕਿ ਬਾਕੀ ਸਮਝਾ-ਬੁਝਾ ਕੇ ਘਰੀਂ ਤੋਰ ਦਿੱਤੇ। ਫ਼ਲ, ਸਬਜ਼ੀ, ਦੁੱਧ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਅੱਜ ਘਰਾਂ ਤੇ ਗਲੀਆਂ ’ਚ ਜਾ ਕੇ ਵੇਚੀਆਂ ਗਈਆਂ। ਖ਼ਰੀਦਦਾਰਾਂ ਨੇ ਇਕ ਦੂਜੇ ਤੋਂ ਡੇਢ ਤੋਂ ਦੋ ਗਜ਼ ਦੀ ਵਿੱਥ ਨਾਲ ਕਤਾਰ ਬਣਾ ਕੇ ਵਸਤਾਂ ਖ਼ਰੀਦੀਆਂ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਵਸਤਾਂ ਦੀ ਸਪਲਾਈ ਯੋਗ ਕੀਮਤ ’ਤੇ ਹੋਈ ਜਦ ਕਿ ਲੋਕਾਂ ਨੇ ਗ਼ੈਰ-ਮਿਆਰੀ ਅਤੇ ਮਹਿੰਗੇ ਹੋਣ ਦੀ ਗੱਲ ਕਹੀ। ਆਬਾਦੀਆਂ ਨੇੜਲੇ ਆਰ.ਓ ’ਜ਼ ਤੋਂ ਲੋਕ ਪਾਣੀ ਦੀਆਂ ਕੇਨੀਆਂ ਭਰਵਾ ਕੇ ਘਰੀਂ ਲੈ ਗਏ। ਦਿਹਾੜੀਦਾਰ ਗਰੀਬ ਪਰਿਵਾਰਾਂ ਦੀ ਵੱਡੀ ਤ੍ਰਾਸਦੀ ਇਹ ਹੈ ਕਿ ਸਰਕਾਰ ਵੱਲੋਂ ਅਜੇ ਕੋਈ ਵਿੱਤੀ ਮਦਦ ਨਹੀਂ ਆਈ। ਖੀਸੇ ਖਾਲੀ ਹੋਣ ਕਾਰਣ ਮੁੱਲ ਉਹ ਕੁਝ ਖ਼ਰੀਦਣ ਦੇ ਸਮਰੱਥ ਨਹੀਂ। ਉਨ੍ਹਾਂ ਸਰਕਾਰ ਨੂੰ ਮਦਦ ਦੀ ਬੇਨਤੀ ਕੀਤੀ ਹੈ।
ਸਖ਼ਤੀ ਦੇ ਪ੍ਰਛਾਵੇਂ ਹੇਠ ਚੱਲਦੇ ਕਰਫ਼ਿਊ ਦੌਰਾਨ ਅੱਜ ਪੁਲੀਸ ਵੱਲੋਂ ਸ਼ਹਿਰ ਅੰਦਰ ਮਾਰਚ ਕੀਤਾ ਗਿਆ। ਐਸਐਸਪੀ ਡਾ. ਨਾਨਕ ਸਿੰਘ ਅਤੇ ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਵੀ ਮਾਰਚ ’ਚ ਸ਼ਾਮਲ ਹੋਏ। ਅਧਿਕਾਰੀਆਂ ਵੱਲੋਂ ਲੋਕਾਂ ਨੂੰ ਘਰਾਂ ’ਚ ਰਹਿਣ ਦੀ ਅਪੀਲ ਅਤੇ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਗਿਆ।

ਕਿਸੇ ਨੂੰ ਸਹੇ ਦੀ, ਕਿਸੇ ਨੂੰ ਪਹੇ ਦੀ…

ਕਰੋਨਾ ਦੀ ਮੁਸੀਬਤ ਸਿਰ ਵੱਡੀ ਮੁਸੀਬਤ ਬਣ ਚੜ੍ਹੇ ਕਰਫ਼ਿਊ ਮੌਕੇ ਬਹੁਤਿਆਂ ਨੂੰ ਰੋਟੀ ਦਾ ਫ਼ਿਕਰ ਹੈ ਪਰ ਪਿਆਕੜਾਂ ਨੂੰ ਦਾਰੂ ਨਾ ਮਿਲਣ ਦੀ ਚਿੰਤਾ ਹੈ। ਉਨ੍ਹਾਂ ਸੁਝਾਅ ਦਿੱਤਾ ਹੈ ਕਿ ਹੋਰਨਾਂ ਖਾਣ-ਪੀਣ ਵਾਲੀਆਂ ਵਸਤਾਂ ਵਾਂਗ ਹੀ ਠੇਕਿਆਂ ’ਤੇ ਸ਼ਰਾਬ ਵੀ ਮਿਲਣੀ ਚਾਹੀਦੀ ਹੈ।

ਮੈਡੀਕਲ ਸਟੋਰਾਂ ’ਤੇ ਭੀੜ ਵਧਣ ਕਰ ਕੇ ਪੁਲੀਸ ਨੇ ਫੇਰੀ ਡਾਂਗ

ਮੈਡੀਕਲ ਸਟੋਰ ’ਤੇ ਲੱਗੀਆਂ ਮਰੀਜ਼ਾਂ ਦੀਆਂ ਲਾਈਨਾਂ ਦਾ ਦ੍ਰਿਸ਼। -ਫੋਟੋ: ਐਨ.ਪੀ. ਸਿੰਘ

ਬੁਢਲਾਡਾ (ਪੱਤਰ ਪੇ੍ਰਕ): ਇੱਥੇ ਕਰੋਨਾਵਾਇਰਸ ਕਰਫਿਊ ਤਹਿਤ ਸ਼ਹਿਰ ਦੇ ਵੱਖ ਵੱਖ ਰੋਗਾਂ ਨਾਲ ਪੀੜਤ ਲੋਕਾਂ ਨੂੰ ਕਰਫਿਊ ’ਚ ਢਿੱਲ ਦਿੰਦਿਆਂ ਇੱਥੋਂ ਦੀ ਰੇਲਵੇ ਰੋਡ ’ਤੇ ਸਥਿਤ ਦੋ ਮੈਡੀਕਲ ਸਟੋਰ ਗਰਗ ਮੈਡੀਕਲ ਹਾਲ ਅਤੇ ਅਸ਼ੋਕਾ ਮੈਡੀਕੋਜ਼ ਦੀਆਂ ਦੁਕਾਨਾਂ ਮਰੀਜ਼ਾਂ ਲਈ ਖੋਲ੍ਹ ਦਿੱਤੀਆਂ ਗਈਆਂ ਸਨ। ਦੇਖਦਿਆਂ ਹੀ ਦੇਖਦਿਆਂ ਇਨ੍ਹਾਂ ਮੈਡੀਕਲ ਸਟੋਰਾਂ ਉੱਤੇ ਮਰੀਜ਼ ਔਰਤਾਂ ਅਤੇ ਆਦਮੀਆਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਲਾਈਨਾਂ ਵਿੱਚ ਲੱਗੇ ਮਰੀਜ਼ ਧੱਕਾ ਮੁੱਕੀ ਵੀ ਹੋਣ ਲੱਗ ਪਏ। ਪ੍ਰਸ਼ਾਸਨ ਵੱਲੋਂ ਇੱਕ ਦਿਨ ਵਿੱਚ ਇੱਕ ਮੈਡੀਕਲ ਸਟੋਰ ਖੋਲ੍ਹੇ ਜਾਣ ਦੀ ਆਗਿਆ ਦਿੱਤੀ ਗਈ ਸੀ। ਕਿਸੇ ਨਾ ਸਮਝੀ ਕਾਰਨ ਦੋ ਮੈਡੀਕਲ ਸਟੋਰ ਖੁੱਲ੍ਹਣ ਨਾਲ ਲੋਕਾਂ ਦੀ ਭੀੜ ਵੱਧ ਗਈ ਅਤੇ ਰੇਲਵੇ ਰੋਡ ਦੀ ਆਵਾਜਾਈ ਪੁਲੀਸ ਗਸ਼ਤ ਅਤੇ ਸਿਹਤ ਵਿਭਾਗ ਦੇ ਅਫ਼ਸਰਾਂ ਅਤੇ ਸਿਹਤ ਕਰਮੀਆਂ ਦੇ ਕਾਰਜਾਂ ਵਿੱਚ ਭਾਰੀ ਅੜਿੱਕਾ ਬਣ ਗਈ। ਥਾਣਾ ਮੁਖੀ ਨੇ ਮੌਕੇ ’ਤੇ ਪੁੱਜ ਕੇ ਇਹ ਦੋਵੇਂ ਮੈਡੀਕਲ ਸਟੋਰ ਬੰਦ ਕਰਵਾ ਦਿੱਤੇ। ਇੱਥੇ ਵੀ ਪੁਲੀਸ ਨੂੰ ਵੱਖ ਵੱਖ ਰੋਗਾਂ ਤੋਂ ਪੀੜਤ ਦਵਾਈਆਂ ਖਰੀਦਣ ਵਾਲੇ ਲੋਕਾਂ ਨੂੰ ਸਮਝਾ ਕੇ ਪਿਆਰ ਨਾਲ ਘਰੋਂ ਘਰੀ ਤੋਰਿਆ ਤੇ ਨਾ ਮੰਨਣ ਵਾਲਿਆਂ ਨੂੰ ਡੰਡਾ ਦਿਖਾਇਆ। ਇਸੇ ਤਰ੍ਹਾਂ ਸਿਵਲ ਹਸਪਤਾਲ ਵਿੱਚ ਛੋਟੀਆਂ ਮੋਟੀਆਂ ਬਿਮਾਰੀਆਂ ਦੀ ਦਵਾਈ ਲੈਣ ਵਾਲੇ ਮਰੀਜ਼ ਲਾਈਨ ਵਿੱਚ ਲੱਗੇ ਦੇਖੇ ਗਏ।ਸਰਕਾਰੀ ਪਰਚੀ ਕੱਟਣ ਵਾਲੇ ਸਿਹਤ ਮੁਲਾਜ਼ਮ ਦਾ ਕਹਿਣਾ ਸੀ ਕਿ ਬੀਤੇ ਕੱਲ੍ਹ ਵੀ ਹਸਪਤਾਲ ਵਿੱਚ ਖੁਰਕ, ਖੰਘ, ਢਿੱਡ ਦਰਦ, ਫੋੜੇ-ਫਿਨਸੀਆਂ ਦੀ ਦਵਾਈ ਲੈਣ ਵਾਲਿਆਂ ਦੀ ਗਿਣਤੀ 120 ਸੀ।ਉਨ੍ਹਾਂ ਕਿਹਾ ਕਿ ਅੱਜ ਬੀਮਾਰ ਮਰੀਜ਼ਾਂ ਦੀ ਗਿਣਤੀ ਕੱਲ ਨਾਲੋਂ ਵੱਧ ਸਕਦੀ ਹੈ।

ਚੀਨ ਦੀ ਤਰਜ਼ ’ਤੇ ਕੀਤਾ ਕੈਮੀਕਲ ਦਾ ਛਿੜਕਾਅ

ਮਾਨਸਾ (ਜੋਗਿੰਦਰ ਸਿੰਘ ਮਾਨ): ਚੀਨ ਦੀ ਤਰਜ਼ ‘ਤੇ ਅੱਜ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਫਾਇਰ ਬਿਗ੍ਰੇਡ ਵਾਲੇ ਵੱਡੇ ਟੈਂਕ ਰਾਹੀਂ ਛਿੜਕਾਅ ਕਰਵਾਇਆ ਗਿਆ ਤਾਂ ਜੋ ਸ਼ਹਿਰ ਦੀਆਂ ਦੁਕਾਨਾਂ ਸਮੇਤ ਹੋਰ ਬੈਠਣ-ਉਠਣ ਵਾਲੀਆਂ ਥਾਵਾਂ ਨੂੰ ਇਸ ਤੋਂ ਮੁਕਤ ਕਰਵਾਇਆ ਜਾ ਸਕੇ। ਇਹ ਛਿੜਕਾਅ ਸਬੰਧੀ 500 ਲੀਟਰ ਕੈਮੀਕਲ (ਸੋਡੀਅਮ ਹਾਈਪੋਕਲੋਰਾਈਡ) ਤਲਵੰਡੀ ਸਾਬੋ ਪਾਵਰ ਪਲਾਂਟ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਗਿਆ, ਜਿਸ ਤੋਂ ਤੁਰੰਤ ਬਾਅਦ ਫਾਇਰ ਬਿਗ੍ਰੇਡ ਦੇ ਮੁਲਾਜ਼ਮਾਂ ਨੇ ਇੱਕ ਵਿਸ਼ੇਸ਼ ਛਿੜਕਾਅ ਵਰਦੀ ਪਾ ਕੇ ਇਸ ਕੈਮੀਕਲ ਨੂੰ ਛਿੜਕਿਆ ਗਿਆ। ਪੰਜਾਬ ਪੁਲੀਸ ਦੇ ਜਵਾਨਾਂ ਨੇ ਵੀ ਇਸ ਸਪਰੇਅ ਦਾ ਸਿਨੇਮਾ ਰੋਡ ‘ਤੇ ਆਮ ਵਿਭਾਗੀ ਵਰਦੀ ਪਾ ਕੇ ਛਿੜਕਾਅ ਕੀਤਾ ਗਿਆ। ਮਾਨਸਾ ਦੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਅਤੇ ਐਸਐਸਪੀ ਡਾ.ਨਰਿੰਦਰ ਭਾਰਗਵ ਨੇ ਦੱਸਿਆ ਕਿ ਬੇਸ਼ੱਕ ਲੋਕ ਘਰਾਂ ਵਿਚੋਂ ਬਾਹਰ ਨਾ ਨਿਕਲ ਕੇ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲੱਗੇ ਹਨ,ਪਰ ਪ੍ਰਸ਼ਾਸਨ ਨੇ ਸ਼ਹਿਰ ਦੇ ਉਨ੍ਹਾਂ ਹਿੱਸਿਆਂ ਜਿੱਥੇ ਬਹੁਤ ਸਾਰੇ ਲੋਕ ਉਠਦੇ-ਬੈਠਦੇ ਅਤੇ ਜਾਂਦੇ-ਆਉਂਦੇ ਰਹੇ ਹਨ, ਉਪਰ ਇਸ ਛਿੜਕਾਅ ਨੂੰ ਪਹਿਲ ਦੇ ਆਧਾਰ ‘ਤੇ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਰੇਲਵੇ ਸਟੇਸ਼ਨਾਂ, ਹਸਪਤਾਲਾਂ ਅਤੇ ਬੱਸ ਅੱਡਿਆਂ ਉਪਰ ਲਾਕਡਾਊਨ ਤੋਂ ਪਹਿਲਾਂ ਆਉਂਦੇ-ਜਾਂਦੇ ਰਹੇ ਹਨ, ਜਿਸ ਕਾਰਨ ਇਸ ਛਿੜਕਾਅ ਨੂੰ ਉਥੇ ਵੀ ਪਹਿਲ ਦੇ ਅਧਾਰ ‘ਤੇ ਕਰਵਾਇਆ ਗਿਆ ਹੈ।

ਡੀਸੀ ਤੇ ਐੱਸਐੱਸਪੀ ਨੇ ਲੋਕਾਂ ਨੂੰ ਦੁੱਧ ਦੇ ਪੈਕੇਟ ਤੇ ਰਾਸ਼ਨ ਵੰਡਿਆ

ਕਰਫਿਊ ਦੌਰਾਨ ਲੋਕਾਂ ਦੇ ਘਰਾਂ ਨੇੜੇ ਜਾ ਕੇ ਦੁੱਧ ਦੇ ਪੈਕੇਟ ਵੰਡਦੇ ਹੋਏ ਮਾਨਸਾ ਦੇ ਡੀਸੀ ਤੇ ਐੱਸਐੱਸਪੀ। -ਫੋਟੋ: ਮਾਨ

ਮਾਨਸਾ (ਪੱਤਰ ਪੇ੍ਰਕ): ਮਾਨਸਾ ਦੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਅਤੇ ਐੱਸਐੱਸਪੀ ਡਾ.ਨਰਿੰਦਰ ਭਾਰਗਵ ਵੱਲੋਂ ਅੱਜ ਕਰਫਿਊ ਦੌਰਾਨ ਡੇਰਾ ਬਾਬਾ ਭਾਈ ਗੁਰਦਾਸ ਨਜ਼ਦੀਕ ਰਹਿਣ ਵਾਲੇ ਲੋਕਾਂ ਨੂੰ ਦੁੱਧ ਦੇ ਪੈਕੇਟ ਰਾਸ਼ਨ ਅਤੇ ਸਬਜ਼ੀਆਂ ਦੀ ਵੰਡ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਰੋਨਾਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਲੋਕਾਂ ਨੂੰ ਬਿਲਕੁਲ ਵੀ ਘਰਾਂ ਤੋਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਹੈ। ਇਹ ਫੈਸਲਾ ਲੋਕਾਂ ਦੀ ਸਿਹਤ ਅਤੇ ਸਮੁੱਚੇ ਸਮਾਜ ਦੇ ਭਲੇ ਲਈ ਸੂਬਾ ਸਰਕਾਰ ਵੱਲੋਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੇ ਰੋਜ਼ਾਨਾ ਵਰਤੋਂ ਵਿਚ ਆਉਣ ਵਾਲਾ ਸਮਾਨ ਜਿਵੇਂ ਕਿ ਦੁੱਧ, ਫਲ, ਸਬਜੀਆਂ ਆਦਿ ਘਰ ਵਿਚ ਹੀ ਮੁਹੱਈਆ ਕਰਵਾਉਣ ਦੀ ਯੋਜਨਾ ਬਣਾਈ ਗਈ ਹੈ।

ਪਿੰਡਾਂ ਵਾਲੇ ਨਹੀਂ ਕਰ ਰਹੇ ਸਰਕਾਰੀ ਹੁਕਮਾਂ ਦੀ ਪ੍ਰਵਾਹ

ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਕਰਫਿਊ ਦੇ ਤੀਜੇ ਦਿਨ ਇਤਿਹਾਸਕ ਨਗਰ ਤਲਵੰਡੀ ਸਾਬੋ ਮੁਕੰਮਲ ਬੰਦ ਰਿਹਾ। ਪਰ ਬਹੁਤੇ ਪਿੰਡਾਂ ਅੰਦਰ ਪੇਂਡੂ ਲੋਕ ਇਨ੍ਹਾਂ ਹੁਕਮਾਂ ਦੀ ਧੱਜੀਆਂ ਉਡਾਉਂਦੇ ਦੇਖੇ ਗਏ, ਜੋ ਇਕੱਠੇ ਹੋ ਕੇ ਗੱਪਾਂ ਮਾਰ ਰਹੇ ਸਨ। ਕਰਫਿਊ ਕਾਰਨ ਸਥਾਨਕ ਸ਼ਹਿਰ ਅੱਜ ਤੀਜੇ ਦਿਨ ਵੀ ਮੁਕੰਮਲ ਬੰਦ ਰਿਹਾ। ਪੁਲੀਸ ਵੱਲੋਂ ਜਿੱਥੇ ਸ਼ਹਿਰ ਦੇ ਮੁੱਖ ਰਸਤਿਆਂ, ਚੌਕਾਂ ਵਿੱਚ ਨਾਕੇਬੰਦੀ ਕੀਤੀ ਹੋਈ ਸੀ ਉਥੇ ਗਸ਼ਤ ਜਾਰੀ ਰਹੀ, ਉੱਥੇ ਗੁਆਂਢੀ ਰਾਜ ਹਰਿਆਣਾ ਨਾਲ ਲੱਗਦੀ ਹੱਦ ਅੱਜ ਵੀ ਸੀਲ ਰਹੀ। ਰੋਜ਼ਾਨਾ ਦਿਹਾੜੀ ਕਰਕੇ ਰੋਟੀ ਖਾਣ ਵਾਲੇ ਲੋਕਾਂ ਨੂੰ ਕਰਫਿਊ ਕਾਰਨ ਕੰਮ ਬੰਦ ਹੋਣ ਕਰਕੇ ਰੋਜ਼ੀ-ਰੋਟੀ ਦੀ ਸਮੱਸਿਆ ਆਉਣ ਲੱਗ ਪਈ। ਪਿੰਡਾਂ ਅੰਦਰ ਲੋਕ ਕਰਫਿਊ ਦੇ ਹੁਕਮਾਂ ਦੀ ਪ੍ਰਵਾਹ ਨਹੀਂ ਕਰ ਰਹੇ।ਕਈ ਪਿੰਡਾਂ ਵਿੱਚ ਪੁਲੀਸ ਨੇ ਗਸ਼ਤ ਦੌਰਾਨ ਇਕੱਠੇ ਹੋਏ ਲੋਕਾਂ ਨੂੰ ਭਜਾਇਆ ਵੀ, ਪਰ ਫਿਰ ਵੀ ਲੋਕ ਬਹੁਤੇ ਪਿੰਡਾਂ ਅੰਦਰ ਪੇਂਡੂ ਲੋਕ ਥਾਂ-ਥਾਂ ਟੋਲੀਆਂ ਬਣਾ ਕੇ ਗੱਪਾਂ ਮਾਰਦੇ ਰਹੇ।