ਕਰੋਨਾ ਵਾਇਰਸ: ਲੌਕਡਾਊਨ ਤੇ ਹੁਣ ਕਰਫਿਊ!

ਡਾ. ਸ਼ਿਆਮ ਸੁੰਦਰ ਦੀਪਤੀ
ਵਿਸ਼ਵ ਸਿਹਤ ਸੰਸਥਾ (ਡਬਲਿਊਐਚਓ) ਨੂੰ 31 ਦਸੰਬਰ 2019 ਨੂੰ ਕਰੋਨਾ (ਕੋਵਿਡ-19) ਦੇ ਪਹਿਲੇ ਮਰੀਜ਼ ਬਾਰੇ ਦੱਸਿਆ ਗਿਆ। ਇਸ ਬਾਰੇ ਭਾਵੇਂ ਕਿਹਾ ਜਾ ਰਿਹਾ ਹੈ ਕਿ ਪਤਾ ਨਵੰਬਰ ਵਿਚ ਹੀ ਲੱਗ ਗਿਆ ਸੀ। ਇਸ ਦੇ ਤੇਜ਼ੀ ਨਾਲ ਫੈਲਣ ਅਤੇ ਚੀਨ ਦੀਆਂ ਹੱਦਾਂ ਤੋਂ ਬਾਹਰ ਯੂਰਪ ਵਿਚ ਪਹੁੰਚਣ ’ਤੇ ਦੇਸ਼-ਵਿਦੇਸ਼ ਦੇ ਮੀਡੀਆ ਨੇ ਇਕ ਪਾਸੇ ਚੀਨ ਨੂੰ ਦੋਸ਼ੀ ਠਹਿਰਾਇਆ ਤੇ ਨਾਲ ਹੀ ਆਮ ਲੋਕਾਂ ਲਈ ਹਦਾਇਤਾਂ ਜਾਰੀ ਕੀਤੀਆਂ ਜਿਸ ਵਿਚ ਇਸ ਦੇ ਫੈਲਣ ਦੇ ਢੰਗ, ਮਾਸਕ, ਹੱਥ ਧੋਣਾ ਜਾਂ ਸੈਨੇਟਾਈਜ਼ਰ ਦਾ ਇਸਤੇਮਾਲ ਅਤੇ ਸਮਾਜਿਕ ਦੂਰੀ (ਸੋਸ਼ਲ ਡਿਸਟੈਂਸਿੰਗ) ਦੀ ਗੱਲ ਕਹੀ ਗਈ।
ਅਸੀਂ ਭਾਰਤ ਵਿਚ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਅੱਜ ਵੀ ਨਹੀਂ ਲੈ ਰਹੇ ਹਾਂ। ਇਸ ਸਬੰਧੀ ਕਈ ਤਰ੍ਹਾਂ ਦੇ ਮਜ਼ਾਕ ਬਣਾਏ ਗਏ ਕਿ ਹੱਥ ਜੋੜਨ ਦੀ ਭਾਰਤੀ ਪਰੰਪਰਾ ਕਿਵੇਂ ਦੁਨੀਆਂ ਸਿੱਖ ਰਹੀ ਹੈ ਜਾਂ ਅਸੀਂ ਤਾਂ ਗੰਦੀ ਹਵਾ, ਪ੍ਰਦੂਸ਼ਿਤ ਦੁੱਧ ਤੇ ਪਾਣੀ ਪੀ ਕੇ ਵੱਡੇ ਹੋਏ ਹਾਂ, ਕਰੋਨਾ ਸਾਡਾ ਕੀ ਵਿਗਾੜ ਲਵੇਗਾ। ਜਦੋਂ ਦੇਸ਼ ਵਿਚ ਇਸ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਧਣੀ ਸ਼ੁਰੂ ਹੋਈ ਤਾਂ ਯੂਰਪ ਅਤੇ ਚੀਨ ਤੋਂ ਆਉਣ ਵਾਲੇ ਲੋਕਾਂ ਲਈ ਜਾਂਚ-ਪਰਖ (ਸਕਰੀਨਿੰਗ) ਤੇ ਸ਼ੱਕੀ ਬੰਦੇ ਲਈ ਇਕਾਂਤਵਾਸ ਸ਼ੁਰੂ ਕੀਤਾ ਗਿਆ।
ਭਾਰਤ ਵਾਸੀ ਅੱਜ ਦੂਸਰੇ ਪੜਾਅ ਵਿਚ ਰਹਿ ਰਹੇ ਹਨ ਤੇ ਤੀਸਰੇ ਪੜਾਅ ਦੇ ਖ਼ਤਰੇ ਤੋਂ ਡਰੇ ਹੋਏ ਹਨ। ਭਾਰਤ ਵਾਸੀ ਚਾਹੁੰਦੇ ਹਨ ਕਿ ਹਾਲਾਤ ਹੋਰ ਬਦਤਰ ਨਾ ਹੋਣ। ਹੁਣ ਜਿਸ ਤਰ੍ਹਾਂ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ, ਉਸ ਤੋਂ ਸਾਨੂੰ ਸਾਰਿਆਂ ਨੂੰ ਸੋਝੀ ਆਉਂਦੀ ਜਾ ਰਹੀ ਹੈ ਕਿ ਭਲਕ ਕਿਹੋ ਜਿਹਾ ਹੋਣ ਵਾਲਾ ਹੈ। ਹਰੇਕ ਦੇਸ਼ ਦੀ ਹਾਲਤ ਭਾਵੇਂ ਵੱਖਰੀ ਹੈ, ਬਿਮਾਰੀ ਅਤੇ ਮੌਤ ਦੀ ਦਰ ਦੇ ਵੱਖਰੇ-ਵੱਖਰੇ ਕਾਰਨ ਹਨ ਪਰ ਇਕ ਗੱਲ ਤਾਂ ਸਾਫ਼ ਹੈ ਕਿ ਇਸ ਦੇ ਫੈਲਣ ਦੀ ਰਫ਼ਤਾਰ ਕਾਫ਼ੀ ਤੇਜ਼ ਹੈ।
ਇਸ ਰਫ਼ਤਾਰ ਦਾ ਅੰਦਾਜ਼ਾ ਵਿਸ਼ਵ ਸਿਹਤ ਸੰਸਥਾ ਦੇ ਨਿਰਦੇਸ਼ਕ ਵੱਲੋਂ ਦੁਨੀਆਂ ਵਿਚ ਕੋਵਿਡ-19 ਨੂੰ ਲੈ ਕੇ ਕੀਤੀ ਗਈ ਬਿਆਨਬਾਜ਼ੀ ਤੋਂ ਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਹੈ ਕਿ ਕੋਵਿਡ-19 ਦੇ ਪ੍ਰਭਾਵ ਵਾਲੇ ਦੇਸ਼ਾਂ ਵਿਚ ਇਸ ਰੋਗ ਤੋਂ ਪੀੜਤਾਂ ਦੀ ਗਿਣਤੀ ਪਹਿਲੇ 67 ਦਿਨਾਂ ਵਿਚ ਇਕ ਲੱਖ ਪਹੁੰਚੀ, ਫਿਰ ਅਗਲੇ 11 ਦਿਨਾਂ ਵਿਚ ਇਕ ਲੱਖ ਹੋਰ ਜੁੜੇ ਤੇ ਫਿਰ ਅਗਲੇ 4 ਦਿਨਾਂ ਵਿਚ ਇਹ ਕਰੀਬ ਤਿੰਨ ਲੱਖ ਦਾ ਅੰਕੜਾ ਪਾਰ ਕਰ ਗਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਜਨਤਾ ਕਰਫਿਊ ਦਾ ਸੱਦਾ ਦਿੱਤਾ ਜੋ ਸਫਲ ਰਿਹਾ ਪਰ ਉਸ ਤੋਂ ਬਾਅਦ ਲੋਕਾਂ ਨੇ ਪ੍ਰਵਾਹ ਨਹੀਂ ਕੀਤੀ ਜਿਸ ਕਾਰਨ ਸਰਕਾਰ ਨੂੰ ਸਖਤ ਫੈਸਲੇ ਲੈਣੇ ਪਏ।
ਦੇਸ਼ ਭਰ ਵਿਚ ਲੌਕਡਾਊਨ ਦਾ ਮਤਲਬ ਇਹ ਹੈ ਕਿ ਦੇਸ਼ ਵਾਸੀ ਤੀਜੇ ਪੜਾਅ ਵਿਚ ਜਾਣ ਤੋਂ ਬਚ ਸਕਣ। ਦਰਅਸਲ, ਸਾਡੇ ਕੋਲ ਇਸ ਤੋਂ ਇਲਾਵਾ ਕੋਈ ਚਾਰਾ ਵੀ ਨਹੀਂ ਹੈ। ਸਾਡੇ ਕੋਲ ਇਸ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਦੀਆਂ ਸਹੂਲਤਾਂ ਨਹੀਂ ਹਨ ਤੇ ਰਾਤੋ-ਰਾਤ ਤਿਆਰੀ ਵੀ ਨਹੀਂ ਹੋ ਸਕਦੀ। ਇਸ ਵੇਲੇ ਸਾਮਾਨ ਖਰੀਦਿਆ ਜਾ ਸਕਦਾ ਹੈ, ਬੈੱਡ ਖਰੀਦੇ ਜਾ ਸਕਦੇ ਹਨ ਪਰ ਇਨ੍ਹਾਂ ਨੂੰ ਰੱਖਣ ਲਈ ਥਾਂ ਦੀ ਘਾਟ ਹੈ। ਧਰਮਸ਼ਾਲਾ, ਸਕੂਲ ਨੂੰ ਦੋ-ਚਾਰ ਦਿਨਾਂ ਵਿਚ ਆਈਸੀਯੂ ਨਹੀਂ ਬਣਾਇਆ ਜਾ ਸਕਦਾ।
ਇਸ ਲਈ ਇਕੋ ਇਕ ਰਾਹ ਹੈ ਕਿ ਇਹਤਿਆਤ ਵਰਤਿਆ ਜਾਵੇ। ਦੂਜੀ ਗੱਲ ਬਚਾਅ ਤੇ ਉਸ ਲਈ ਹੁਣ ਦੀ ਤਰੀਕ ਵਿਚ, ਇਸ ਪੜਾਅ ’ਤੇ ਮਾਸਕ, ਹੱਥ ਧੋਣ ਆਦਿ ਤੋਂ ਵੀ ਅੱਗੇ, ਸਮਾਜਿਕ ਦੂਰੀ ਤੋਂ ਵੀ ਅੱਗੇ, ਆਪਣੇ ਆਪ ਨੂੰ ਬਿਮਾਰੀ ਦੇ ਇਨਕੁਬੇਸ਼ਨ ਪੀਰੀਅਡ (ਜਰਮ ਸਰੀਰ ਵਿਚ ਜਾਣ ਤੋਂ ਲੱਛਣ ਪੈਦਾ ਹੋਣ ਤੱਕ ਦਾ ਸਮਾਂ) ਤੱਕ ਖ਼ੁਦ ਨੂੰ ਵੱਖਰੇ ਕਰ ਲਈਏ ਤਾਂ ਜੋ ਕੋਈ ਹੋਰ ਵਿਅਕਤੀ ਇਸ ਦੀ ਲਪੇਟ ’ਚ ਨਾ ਆ ਜਾਵੇ। ਜੇਕਰ ਜਰਮ ਲੈ ਚੁੱਕੇ ਹਾਂ ਤਾਂ ਸਮੇਂ ਸਿਰ ਇਲਾਜ ਲਈ ਤਿਆਰ ਰਹੀਏ।
ਇਕ ਗੱਲ ਚੇਤੇ ਰੱਖਣ ਵਾਲੀ ਹੈ: ਸਹਿਮਣ ਦੀ ਲੋੜ ਨਹੀਂ, ਅਫ਼ਵਾਹਾਂ ਨੂੰ ਅੱਖੋਂ ਪਰੋਖੇ ਕਰੋ, ਕਿਸੇ ਵੀ ਹਾਲਤ ’ਚ ਘਬਰਾਓ ਨਾ, ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਵਿਚਰੀਏ, ਬੱਸ ਸੰਜੀਦਗੀ ਨਾਲ ਇਸ ਨੂੰ ਲਈਏ ਤੇ ਦੁਨੀਆਂ ਦੇ ਤਜਰਬੇ ਦਾ ਫ਼ਾਇਦਾ ਲਈਏ।
*ਪ੍ਰੋਫੈਸਰ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ।
ਸੰਪਰਕ: 98158-08506