ਕਰੋਨਾ ਤੋਂ ਖ਼ਬਰਦਾਰ!
ਗੁਰਬਿੰਦਰ ਸਿੰਘ ਮਾਣਕ
ਇਕ ਵਾਰ ਫਿਰ ਕਰੋਨਾ ਵਾਇਰਸ ਨੇ ਦੇਸ਼ ਵਿੱਚ ਡਰ, ਸਹਿਮ ਤੇ ਖੌਫ ਦਾ ਮਾਹੌਲ ਸਿਰਜ ਦਿੱਤਾ ਹੈ। ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਅਚਨਚੇਤ ਕਰੋਨਾ ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਕੇਰਲਾ ਤੇ ਮਹਾਰਾਸ਼ਟਰ ਵਿੱਚ ਹੋਈਆਂ ਮੌਤਾਂ ਨੇ ਵੀ ਲੋਕਾਂ ਦੇ ਸਾਹ ਸੁਕਾ ਦਿੱਤੇ ਹਨ। ਗੁਜਰਾਤ, ਮੱਧ ਪ੍ਰਦੇਸ਼, ਪੰਜਾਬ, ਰਾਜਸਥਾਨ ਵਿੱਚ ਵੀ ਮੌਤਾਂ ਹੋਈਆਂ ਹਨ। ਇਹ ਤਾਂ ਉਹ ਕੇਸ ਹਨ ਜਿਹੜੇ ਹਸਪਤਾਲਾਂ ਤੱਕ ਪਹੁੰਚੇ ਹਨ। ਜਿਹੜੇ ਲੋਕ ਕਿਸੇ ਡਰ ਕਾਰਨ ਅਜੇ ਹਸਪਤਾਲਾਂ ਵਿੱਚ ਨਹੀਂ ਪਹੁੰਚੇ, ਉਨ੍ਹਾਂ ਦੀ ਗਿਣਤੀ ਕਿੰਨੀ ਹੋਵੇਗੀ, ਇਸ ਦਾ ਅਨੁਮਾਨ ਲਗਾਉਣਾ ਔਖਾ ਨਹੀਂ।
ਦੁਨੀਆ ਨੂੰ ਤਾਂ ਅਜੇ ਤੱਕ ਪਿਛਲੀ ਵਾਰ ਵਾਲਾ ਕਰੋਨਾ ਹੀ ਨਹੀਂ ਭੁੱਲਿਆ ਹੈ। ਉਸ ਸਮੇਂ ਇਸ ਦੀ ਸ਼ੁਰੂਆਤ ਪਹਿਲੀ ਦਸੰਬਰ 2019 ਨੂੰ ਚੀਨ ਦੇ ਸ਼ਹਿਰ ਵੁਹਾਨ ਵਿੱਚ ਹੋਈ ਸੀ। ਹੈਰਾਨੀ ਵਾਲੀ ਗੱਲ ਇਹ ਸੀ ਕਿ ਚੀਨ ਵਿੱਚ ਕਰੋਨਾ ਦੇ ਕੇਸ ਤਾਂ ਪੰਜ ਲੱਖ ਤੋਂ ਵੀ ਵੱਧ ਆਏ ਸਨ, ਪਰ ਮੌਤਾਂ ਦਾ ਅੰਕੜਾ ਕੇਵਲ 5272 ਸੀ। ਹੋਰ ਦੇਸ਼ਾਂ ਵਿੱਚ ਕਿਤੇ ਵੱਧ ਮੌਤਾਂ ਕਰੋਨਾ ਕਾਰਨ ਹੋਈਆਂ ਸਨ। ਉਸ ਸਮੇਂ ਅਮਰੀਕਾ ਵਿੱਚ ਕਰੋਨਾ ਦੇ 11.2 ਕਰੋੜ ਕੇਸਾਂ ਵਿੱਚੋਂ 12 ਲੱਖ ਮੌਤਾਂ, ਬ੍ਰਾਜ਼ੀਲ ਵਿੱਚ ਕਰੋਨਾ ਦੇ 3.8 ਕਰੋੜ ਕੇਸਾਂ ਵਿੱਚੋਂ 7 ਲੱਖ, ਭਾਰਤ ਵਿੱਚ 4.5 ਕਰੋੜ ਕੇਸਾਂ ਵਿੱਚੋਂ 5.3 ਲੱਖ ਮੌਤਾਂ ਦੇ ਅੰਕੜੇ ਸਰਕਾਰਾਂ ਨੇ ਦੱਸੇ ਸਨ। ਗੈਰ-ਸਰਕਾਰੀ ਰਿਪੋਰਟਾਂ ਅੰਦਰ ਇਹ ਅੰਕੜੇ ਕਿਤੇ ਵੱਧ ਦੱਸੇ ਗਏ ਸਨ।
ਉਸ ਸਮੇਂ ਕਰੋਨਾ ਮਹਾਮਾਰੀ ਨੇ ਦੁਨੀਆ ਦੇ ਅਤਿ ਵਿਕਸਤ ਦੇਸ਼ਾਂ ਨੂੰ ਵੀ ਵਖ਼ਤ ਪਾ ਦਿੱਤਾ ਸੀ। ਇਨ੍ਹਾਂ ਦੇਸ਼ਾਂ ਦੇ ਵਿਕਸਤ ਸਿਹਤ ਪ੍ਰਬੰਧ ਵੀ ਕਰੋਨਾ ਵਾਇਰਸ ਅੱਗੇ ਇਕ ਤਰ੍ਹਾਂ ਹਾਰ ਗਏ ਸਨ। ਸਾਡੇ ਦੇਸ਼ ਵਿੱਚ ਤਾਂ ਸਿਹਤ ਸੇਵਾਵਾਂ ਪਹਿਲਾਂ ਹੀ ‘ਬਿਮਾਰ’ ਹਨ। ਕਰੋਨਾ ਮਹਾਮਾਰੀ ਅੱਗੇ ਸਾਰਾ ਸਰਕਾਰੀ ਪ੍ਰਬੰਧ ਡਾਵਾਂਡੋਲ ਹੋ ਗਿਆ ਸੀ। ਇਕ ਕਰੋਨਾ ਵਾਇਰਸ ਦਾ ਖ਼ੌਫ਼, ਦੂਜਾ ਸਰਕਾਰੀ ਹਸਪਤਾਲਾਂ ਦੇ ਖੋਖਲੇ ਢਾਂਚੇ ਬਾਰੇ ਸੋਚ ਕੇ ਹੀ ਕੋਈ ਮਰੀਜ਼ ਇਨ੍ਹਾਂ ਸਿਹਤ ਕੇਂਦਰਾਂ ਵਿੱਚ ਜਾਣ ਲਈ ਤਿਆਰ ਨਹੀਂ ਸੀ। ਲੋਕ ਕਹਿਣ ਲੱਗ ਪਏ ਸਨ ਕਿ ਇੱਥੋਂ ਕੋਈ ਮਰੀਜ਼ ਸਹੀ ਸਲਾਮਤ ਨਹੀਂ ਪਰਤਦਾ।
ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਉਸ ਸਮੇਂ ਡਾਕਟਰਾਂ, ਨਰਸਾਂ ਤੇ ਹੋਰ ਸਿਹਤ ਅਮਲੇ ਨੇ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਕਰੋਨਾ ਮਰੀਜ਼ਾਂ ਦਾ ਇਲਾਜ ਕੀਤਾ। ਜਦੋਂ ਮਰੀਜ਼ ਦੇ ਖੂਨ ਦੇ ਰਿਸ਼ਤੇ ਤੇ ਸਾਕ-ਸਬੰਧੀ ਵੀ ਮੂੰਹ ਮੋੜ ਗਏ ਸਨ, ਉਸ ਸਮੇਂ ਸਿਹਤ ਕਰਮੀਆਂ ਨੇ ਹੀ ਮਰੀਜ਼ ਸੰਭਾਲਣ ਦੇ ਯਤਨ ਕੀਤੇ ਸਨ; ਇਥੋਂ ਤੱਕ ਕਿ ਬਹੁਤੇ ਲੋਕ ਆਪਣੇ ਨੇੜਲਿਆਂ ਦੀਆਂ ਲਾਸ਼ਾਂ ਲੈਣ ਵੀ ਨਹੀਂ ਆਏ। ਬਹੁਤੀਆਂ ਲਾਸ਼ਾਂ ਦੇ ਸਸਕਾਰ ਵੀ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਸਿਹਤ ਕਰਮੀਆਂ ਤੇ ਸਮਾਜ ਸੇਵਕਾਂ ਨੇ ਹੀ ਕੀਤੇ। ਉਸ ਸਮੇਂ ਨਿੱਕੇ ਜਿਹੇ ਵਾਇਰਸ ਦਾ ਖ਼ੌਫ਼ ਹੀ ਇੰਨਾ ਸੀ ਕਿ ਮਰੀਜ਼ ਤੋਂ ਵੀ ਆਪਣੇ ਨੇੜਲੇ ਦੂਰ ਭੱਜਦੇ ਸਨ, ਤੇ ਮੌਤ ਤੋਂ ਬਾਅਦ ਵੀ ਕੋਈ ਉੱਧਰ ਨੂੰ ਮੂੰਹ ਨਹੀਂ ਕਰਦਾ ਸੀ। ਉਸ ਸਮੇਂ ਪ੍ਰਾਈਵੇਟ ਹਸਪਤਾਲਾਂ ਨੇ ਮਰੀਜ਼ਾਂ ਦੀ ਬਹੁਤ ਲੁੱਟ ਕੀਤੀ। ਮਾਹਿਰ ਕਹਿੰਦੇ ਸਨ ਕਿ ਇਸ ਵਾਇਰਸ ਦੀ ਦਵਾਈ ਹੀ ਕੋਈ ਨਹੀਂ ਹੈ, ਪਰ ਪ੍ਰਾਈਵੇਟ ਹਸਪਤਾਲਾਂ ਨੇ ਮਰੀਜ਼ਾਂ ਨੂੰ ਕਈ-ਕਈ ਦਿਨ ਦਾਖਲ ਕਰੀ ਰੱਖਿਆ ਅਤੇ ਲੱਖਾਂ ਦੇ ਬਿੱਲ ਬਣਾਏ। ਮੌਤਾਂ ਤਾਂ ਇਨ੍ਹਾਂ ਹਸਪਤਾਲਾਂ ਵਿੱਚ ਵੀ ਬਹੁਤ ਹੋਈਆਂ। ਅਸਲ ਵਿੱਚ ਬਹੁਤੇ ਲੋਕ ਡਰ, ਸਹਿਮ ਤੇ ਖ਼ੌਫ਼ ਕਾਰਨ ਹੀ ਮੌਤ ਦੇ ਮੂੰਹ ਜਾ ਪਏ।
ਮਹਾਮਾਰੀ ਸਮੇਂ ਇਕ ਤਰ੍ਹਾਂ ਦੀ ਅਫਰਾ-ਤਫਰੀ ਮੱਚੀ ਹੋਈ ਸੀ। ਉਨ੍ਹੀਂ ਦਿਨੀਂ ਤਾਂ ਸਾਧਾਰਨ ਖੰਘ/ਜ਼ੁਕਾਮ ਵਾਲੇ ਸ਼ਖ਼ਸ ਨੇੜੇ ਜਾਣ ਲਈ ਵੀ ਕੋਈ ਤਿਆਰ ਨਹੀਂ ਸੀ। ਉਸ ਸਮੇਂ ਸਰਕਾਰ ਨੇ ਵੀ ਕਈ ਫੈਸਲੇ ਕਾਹਲੀ ਤੇ ਬਿਨਾਂ ਕਿਸੇ ਯੋਜਨਾਬੰਦੀ ਦੇ ਆਮ ਲੋਕਾਂ ’ਤੇ ਇਕ ਤਰ੍ਹਾਂ ਨਾਲ ਜਬਰੀ ਠੋਸੇ। ਪਹਿਲਾਂ ਹੀ ਘਬਰਾਏ ਲੋਕਾਂ ਨੂੰ ਜਦੋਂ ਅਚਾਨਕ ਤਾਲਾਬੰਦੀ ਦਾ ਦਰਦ ਸਹਿਣਾ ਪਿਆ ਤਾਂ ਹਰ ਪਾਸੇ ਦਹਿਸ਼ਤ ਦਾ ਮਾਹੌਲ ਬਣ ਗਿਆ। ਹਜ਼ਾਰਾਂ ਕਾਮੇ ਆਪਣੇ ਪਰਿਵਾਰਾਂ ਨੂੰ ਲੈ ਕੇ ਆਪਣੀਆਂ ਗਠੜੀਆਂ ਚੁੱਕੀ ਆਪੋ-ਆਪਣੇ ਘਰਾਂ ਨੂੰ ਪਰਤਣ ਲਈ ਵਾਹੋਦਾਹੀ ਸੜਕਾਂ ’ਤੇ ਦੌੜਨ ਲੱਗੇ। ਭੁੱਖੇ ਪਿਆਸੇ, ਜ਼ਖਮੀ ਹੋਏ ਪੈਰਾਂ ਨਾਲ ਤੁਰ ਰਹੇ ਇਨ੍ਹਾਂ ਕਾਮਿਆਂ ਨੂੰ ਰਾਹਾਂ ਵਿੱਚ ਵੀ ਪੁਲੀਸ ਦਾ ਜਬਰ ਸਹਿਣਾ ਪਿਆ। ਸੈਂਕੜੇ ਮੀਲ ਸਫਰ ਕਰਦੇ ਬਹੁਤ ਸਾਰੇ ਤਾਂ ਆਪਣੇ ਘਰਾਂ ਤੱਕ ਵੀ ਨਾ ਪਹੁੰਚ ਸਕੇ। ਕਰੋਨਾ ਦੀ ਮਾਰ ਤੋਂ ਤਾਂ ਸ਼ਾਇਦ ਉਹ ਬਚ ਜਾਂਦੇ, ਪਰ ਹਕੂਮਤ ਦੇ ਗਲਤ ਫੈਸਲਿਆਂ ਕਾਰਨ ਉਹ ਰਾਹਾਂ ਦੀ ਧੂੜ ਵਿੱਚ ਹੀ ਗੁਆਚ ਗਏ। ਸਰਕਾਰ ਨੇ ਪੁਲੀਸ ਨੂੰ ਵੀ ਪੂਰੀ ਖੁੱਲ੍ਹ ਦਿੱਤੀ ਹੋਈ ਸੀ। ਜਿਹੜਾ ਵੀ ਕਿਸੇ ਜ਼ਰੂਰੀ ਕੰਮ ਕਾਰਨ ਘਰੋਂ ਨਿਕਲਦਾ, ਪੁਲੀਸ ਬਿਨਾਂ ਕੁਝ ਸੁਣਿਆਂ ਉਸ ’ਤੇ ਡੰਡੇ ਵਰ੍ਹਾਉਂਦੀ ਰਹੀ।
ਉਨ੍ਹਾਂ ਦਿਨਾਂ ਵਿੱਚ ਪੰਜਾਬ ਵਿੱਚ ਕਰਫਿਊ ਵਾਲੀ ਸਥਿਤੀ ਦੌਰਾਨ ਆਮ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਵਿੱਚੋਂ ਲੰਘਣਾ ਪਿਆ। ਹੋਣਾ ਤਾਂ ਇਹ ਚਾਹੀਦਾ ਸੀ ਕਿ ਪੁਲੀਸ ਲੋਕਾਂ ਦੀ ਦੋਸਤ ਬਣ ਕੇ, ਪਿਆਰ ਨਾਲ ਜਨਤਾ ਨੂੰ ਸਮਝਾਉਣ ਦਾ ਯਤਨ ਕਰਦੀ। ਬਿਨਾਂ ਕਿਸੇ ਦੀ ਪ੍ਰੇਸ਼ਾਨੀ ਸੁਣਿਆਂ, ਹਰ ਇਕ ’ਤੇ ਬੇਰਹਿਮੀ ਨਾਲ ਡੰਡੇ ਵਰ੍ਹਾਉਣ ਲੱਗ ਜਾਣਾ ਕਿਥੋਂ ਦੀ ਸਿਆਣਪ ਹੈ? ਕੁਝ ਨੌਜਵਾਨ ਜ਼ਰੂਰ ਅਜਿਹੇ ਹੋਣਗੇ, ਜਿਨ੍ਹਾਂ ਨੇ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੋਵੇਗੀ, ਪਰ ਉਨ੍ਹਾਂ ਨਾਲ ਵੀ ਅਜਿਹਾ ਮਾੜਾ ਵਰਤਾਉ ਕਰਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਹੁਣ ਜਦੋਂ ਇਕ ਵਾਰ ਫਿਰ ਕਰੋਨਾ ਆਣ ਢੁੱਕਿਆ ਹੈ ਤਾਂ ਲੋਕ ਇਕ ਵਾਰ ਫਿਰ ਦਹਿਸ਼ਤਜ਼ਦਾ ਹਨ। ਅਸਲ ਵਿੱਚ ਕਰੋਨਾ ਮਹਾਮਾਰੀ ਤੋਂ ਬਾਅਦ ਕੇਂਦਰ ਤੇ ਰਾਜ ਸਰਕਾਰਾਂ ਨੂੰ ਇਹ ਸਬਕ ਸਿੱਖਣ ਦੀ ਲੋੜ ਸੀ ਕਿ ਜੇ ਇਹੋ ਜਿਹੀ ਮਹਾਮਾਰੀ ਆ ਜਾਵੇ ਤਾਂ ਉਸ ਦਾ ਕਿਵੇਂ ਮੁਕਾਬਲਾ ਕਰਨਾ ਹੈ। ਕੀ ਸਰਕਾਰਾਂ ਨੇ ਸਿਹਤ ਪ੍ਰਬੰਧਾਂ ਦਾ ਜਾਇਜ਼ਾ ਲੈ ਕੇ ਉਸ ਦੀ ਕਾਇਆ-ਕਲਪ ਕਰਨ ਦੇ ਕੋਈ ਯਤਨ ਕੀਤੇ ਹਨ ਤਾਂ ਕਿ ਮਹਾਮਾਰੀ ਫੈਲਣ ਦੀ ਸੂਰਤ ਵਿੱਚ ਲੋਕਾਂ ਨੂੰ ਭਟਕਣਾ ਨਾ ਪਏ? ਕੀ ਹਸਪਤਾਲਾਂ ਦੀ ਕਾਰਗੁਜ਼ਾਰੀ ਪਹਿਲਾਂ ਨਾਲੋਂ ਬਿਹਤਰ ਹੋਈ ਹੈ? ਕੀ ਲੋੜੀਂਦੀ ਗਿਣਤੀ ਵਿੱਚ ਡਾਕਟਰ, ਨਰਸਾਂ ਤੇ ਸਿਹਤ ਅਮਲਾ ਅਤੇ ਲੋੜੀਂਦੀ ਮਾਤਰਾ ਵਿੱਚ ਦਵਾਈਆਂ, ਜ਼ਰੂਰੀ ਯੰਤਰ, ਆਕਸੀਜਨ ਸਿਲੰਡਰ ਤੇ ਮਰੀਜ਼ਾਂ ਲਈ ਵਾਰਡ ਪਹਿਲਾਂ ਨਾਲੋਂ ਵਧੇਰੇ ਮਾਤਰਾ ਵਿੱਚ ਮੌਜੂਦ ਹਨ? ਕੇਵਲ ਹਵਾਈ ਵਾਅਦੇ ਜਾਂ ਦਾਅਵੇ ਹੀ ਨਹੀਂ, ਸਗੋਂ ਸਰਕਾਰਾਂ ਨੇ ਲੋਕਾਂ ਦੀ ਭਲਾਈ ਲਈ ਅਜਿਹੇ ਸੰਕਟਮਈ ਸਮੇਂ ਸਾਰੇ ਪ੍ਰਬੰਧ ਕਰਨੇ ਹੁੰਦੇ ਹਨ। ਕਰੋਨਾ ਮਹਾਮਾਰੀ ਤੋਂ ਬਾਅਦ ਸਰਕਾਰਾਂ ਨੂੰ ਕਾਫੀ ਸਮਾਂ ਮਿਲ ਗਿਆ ਸੀ ਕਿ ਉਹ ਸਿਹਤ ਪ੍ਰਣਾਲੀ ਸੁਧਾਰਨ ਦੇ ਉਪਰਾਲੇ ਕਰਦੀਆਂ। ਜਦੋਂ ਇਸ ਤਰ੍ਹਾਂ ਦੀ ਕੋਈ ਮਹਾਮਾਰੀ ਫੈਲ ਜਾਵੇ ਤਾਂ ਸਾਰੇ ਪ੍ਰਾਈਵੇਟ ਹਸਪਤਾਲ ਵੀ ਸਰਕਾਰ ਦੇ ਆਦੇਸ਼ਾਂ ਅਨੁਸਾਰ ਚੱਲਣੇ ਚਾਹੀਦੇ ਹਨ ਤਾਂ ਕਿ ਦੇਸ਼ ’ਤੇ ਆਏ ਸੰਕਟ ਦਾ ਸਹੀ ਤਰ੍ਹਾਂ ਨਾਲ ਮੁਕਾਬਲਾ ਕੀਤਾ ਜਾ ਸਕੇ।
ਇਹ ਠੀਕ ਹੈ ਕਿ ਪਹਿਲੇ ਤਜਰਬੇ ਤੋਂ ਲੋਕਾਂ ਨੇ ਵੀ ਬਹੁਤ ਕੁਝ ਸਿੱਖਿਆ ਹੈ, ਪਰ ਹਰ ਸ਼ਖ਼ਸ ਨੂੰ ਹਰ ਤਰ੍ਹਾਂ ਦੀ ਸਾਵਧਾਨੀ ਵਰਤਣ ਦੀ ਲੋੜ ਹੈ। ਸਾਫ-ਸਫਾਈ ਦਾ ਵਿਸ਼ੇਸ਼ ਖਿਆਲ ਰੱਖਣਾ ਸਭ ਤੋਂ ਵੱਧ ਜ਼ਰੂਰੀ ਹੈ। ਆਪਣੀ ਮਰਜ਼ੀ ਨਾਲ ਹੀ ਦਵਾਈਆਂ ਖਾਣ ਤੋਂ ਬਚਣ ਦੀ ਲੋੜ ਹੈ। ਬਿਨਾਂ ਕਿਸੇ ਕਾਰਨ ਤੋਂ ਵੱਡੇ ਇਕੱਠ ਵਿੱਚ ਜਾਣ ਤੋਂ ਬਚਣ ਵਿੱਚ ਹੀ ਭਲਾਈ ਹੈ। ਇਹੋ ਜਿਹੇ ਸਮੇਂ ਅਫ਼ਵਾਹਾਂ ਦਾ ਬਾਜ਼ਾਰ ਵੀ ਗਰਮ ਹੁੰਦਾ ਹੈ, ਇਸ ਤੋਂ ਵੀ ਬਚਣ ਦੀ ਲੋੜ ਹੈ। ਪਹਿਲਾਂ ਹੀ ਕਿਸੇ ਰੋਗ ਤੋਂ ਪੀੜਤ ਸ਼ਖ਼ਸ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ। ਮਾਹਿਰਾਂ ਦੀਆਂ ਹਦਾਇਤਾਂ ਨੂੰ ਅਪਣਾਉਣ ਦੀ ਲੋੜ ਹੈ।
ਸੰਪਰਕ: 98153-56086