ਕਰੋਨਾਵਾਇਰਸ: 26 ਸ਼ੱਕੀ ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 25 ਮਾਰਚ
ਮੁਹਾਲੀ ਵਿੱਚ ਲਗਾਤਾਰ ਦੂਜੇ ਦਿਨ ਕਰੋਨਾਵਾਇਰਸ ਤੋਂ ਪੀੜਤ ਕੋਈ ਮਰੀਜ਼ ਨਾ ਮਿਲਣ ਕਾਰਨ ਸਿਹਤ ਵਿਭਾਗ ਨੇ ਸੁੱਖ ਦਾ ਸਾਹ ਲਿਆ ਹੈ। ਬੀਤੇ ਕੱਲ੍ਹ ਕਰੋਨਾਵਾਇਰਸ ਦੇ ਜਿਹੜੇ ਚਾਰ ਸ਼ੱਕੀ ਮਰੀਜ਼ਾਂ ਦੇ ਖੂਨ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ, ਉਨ੍ਹਾਂ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਇਸ ਖ਼ਤਰਨਾਕ ਵਾਇਰਸ ਤੋਂ ਪੀੜਤ ਜਿਹੜੇ ਪੰਜ ਮਰੀਜ਼ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ ਅਤੇ ਇਨ੍ਹਾਂ ਸਾਰਿਆਂ ਦੀ ਹਾਲਤ ਫਿਲਹਾਲ ਠੀਕ ਹੈ।
ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਅਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਅੱਜ ਦੂਜੇ ਦਿਨ ਵੀ ਕਰੋਨਾਵਾਇਰਸ ਤੋਂ ਕੋਈ ਪੀੜਤ ਮਰੀਜ਼ ਨਹੀਂ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਸਿਹਤ ਵਿਭਾਗ ਨੇ 26 ਹੋਰ ਸ਼ੱਕੀ ਵਿਅਕਤੀਆਂ ਦੇ ਖੂਨ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਦੇ ਅੱਜ ਸੈਂਪਲ ਲਏ ਗਏ ਹਨ, ਉਹ ਸਾਰੇ ਵਿਅਕਤੀ ਇੱਥੋਂ ਦੇ ਫੇਜ਼-3ਏ ਦੀ ਵਸਨੀਕ ਕਰੋਨਾਵਾਇਰਸ ਤੋਂ ਪੀੜਤ ਔਰਤ ਗੁਰਦੇਵ ਕੌਰ (69) ਆਪਣੀ ਵੱਡੀ ਭੈਣ ਰੇਸ਼ਮ ਕੌਰ (74) ਅਤੇ ਸੈਕਟਰ-69 ਦੇ ਵਸਨੀਕ ਅਮਨਦੀਪ ਸਿੰਘ ਦੇ ਸੰਪਰਕ ਵਿੱਚ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੁਹਾਲੀ ਜ਼ਿਲ੍ਹੇ ਵਿੱਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਅਤੇ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਲੋਕਾਂ ਵੱਲੋਂ ਘਰਾਂ ਵਿੱਚ ਰਹਿ ਕੇ ਇਸ ਬਿਮਾਰੀ ਤੋਂ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਹਵਾਈ ਅੱਡੇ ’ਤੇ ਸਾਰੀਆਂ ਕੌਮਾਂਤਰੀ ਅਤੇ ਘਰੇਲੂ ਉਡਾਣਾਂ ਰੱਦ ਹੋਣ ਕਾਰਨ ਹੁਣ ਬਾਹਰਲੇ ਮੁਲਕਾਂ ਜਾਂ ਦੂਜੇ ਸੂਬਿਆਂ ਤੋਂ ਵਿਅਕਤੀ ਮੁਹਾਲੀ ਨਹੀਂ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਵੱਖ-ਵੱਖ ਮੁਲਕਾਂ ’ਚੋਂ ਵਤਨ ਪਰਤੇ ਵਿਅਕਤੀਆਂ ’ਚੋਂ ਕਾਫੀ ਲੋਕ 14 ਦਿਨ ਹਾਊਸ ਆਈਸੋਲੇਸ਼ਨ ਵਿੱਚ ਰਹਿ ਚੁੱਕੇ ਹਨ ਅਤੇ ਕਈ ਵਿਅਕਤੀ ਹਾਲੇ ਵੀ ਹਾਊਸ ਆਈਸੋਲੇਸ਼ਨ ਤਹਿਤ ਘਰਾਂ ਵਿੱਚ ਨਜ਼ਰਬੰਦ ਹਨ।

ਭੁੱਖੀ ਲੜਕੀ ਨੂੰ ਪੀਜੀ ਹਾਊਸ ਵਿੱਚ ਦਿੱਤਾ ਲੰਗਰ
ਮਹਿਲਾ ਕਮਿਸ਼ਨ ਦੀ ਸਾਬਕਾ ਮੁਖੀ ਅਤੇ ਇਲਾਕੇ ਦੀ ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਨੇ ਦੱਸਿਆ ਕਿ ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਦੇ ਦੂਜੇ ਦਿਨ ਵੀ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਫੇਜ਼-8 ਵਿੱਚ ਗੁਰੂ ਕੇ ਲੰਗਰ ਦੀ ਨਿਰੰਤਰ ਸੇਵਾ ਜਾਰੀ ਰਹੀ। ਸ਼ਹਿਰ ਵਿੱਚ ਕਰਫਿਊ ਡਿਊਟੀ ’ਤੇ ਤਾਇਨਾਤ ਸਰਕਾਰੀ ਮੁਲਾਜ਼ਮ, ਪੁਲੀਸ ਜਵਾਨਾਂ ਅਤੇ ਹੋਰ ਲੋੜਵੰਦਾਂ ਅਤੇ ਬਾਹਰਲੇ ਸੂਬਿਆਂ ਅਤੇ ਜ਼ਿਲ੍ਹਿਆਂ ਦੇ ਪੀਜੀ ਵਿੱਚ ਰਹਿੰਦੇ ਬੱਚਿਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇੱਥੋਂ ਦੇ ਸੈਕਟਰ-74 ਵਿੱਚ ਪੀਜੀ ਵਿੱਚ ਲਖਨਊ ਦੀ ਰਹਿਣ ਵਾਲੀ ਇਕ ਲੜਕੀ ਨੂੰ ਐੱਸਜੀਪੀਸੀ ਦੇ ਸੇਵਾਦਾਰ ਨੇ ਕਮਰੇ ਵਿੱਚ ਲੰਗਰ ਪਹੁੰਚਦਾ ਕੀਤਾ। ਇਸ ਲੜਕੀ ਨੇ ਬੀਤੇ ਕੱਲ੍ਹ ਤੋਂ ਕੁਝ ਨਹੀਂ ਖਾਧਾ ਸੀ ਅਤੇ ਉਹ ਭੁੱਖੀ ਸੀ। ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਨਾਲ 9855003638 ਅਤੇ ਉਨ੍ਹਾਂ ਨਾਲ 9814524625 ਨੰਬਰਾਂ ’ਤੇ ਸੰਪਰਕ ਕੀਤਾ ਜਾ ਸਕਦਾ ਹੈ।