For the best experience, open
https://m.punjabitribuneonline.com
on your mobile browser.
Advertisement

ਕਰੂਜ਼ਰ ਹਾਦਸਾ: ਭਾਖੜਾ ਦੇ ਪੁਲ ’ਤੇ ਮਿੱਟੀ ਦੀਆਂ ਬੋਰੀਆਂ ਦੀ ਰੋਕ ਲਾਈ

05:23 AM Feb 05, 2025 IST
ਕਰੂਜ਼ਰ ਹਾਦਸਾ  ਭਾਖੜਾ ਦੇ ਪੁਲ ’ਤੇ ਮਿੱਟੀ ਦੀਆਂ ਬੋਰੀਆਂ ਦੀ ਰੋਕ ਲਾਈ
ਭਾਖੜਾ ਨਹਿਰ ਦੇ ਕਿਨਾਰਿਆਂ ’ਤੇ ਬੋਰੀਆਂ ਭਰਦੇ ਹੋਏ ਮਨਰੇਗਾ ਮਜ਼ਦੂਰ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 4 ਫਰਵਰੀ
ਪੰਜਾਬ ਦੀ ਹੱਦ ਨਾਲ ਲੱਗਦੇ ਹਰਿਆਣਾ ਦੇ ਸਰਦਾਰੇਵਾਲਾ ਭਾਖੜਾ ਪੁਲ ’ਤੇ ਵਾਪਰੇ ਕਰੂਜ਼ਰ ਹਾਦਸੇ ਤੋਂ ਬਾਅਦ ਹਰਿਆਣਾ ਦਾ ਸਿੰਚਾਈ ਵਿਭਾਗ ਜਾਗ ਗਿਆ ਹੈ। ਵਿਭਾਗ ਨੇ ਪੁਲ ਨੇੜੇ ਪਟੜੀ ’ਤੇ ਸੁਰੱਖਿਆ ਲਈ ਮਿੱਟੀ ਨਾਲ ਭਰੀਆਂ ਬੋਰੀਆਂ ਲਾ ਕੇ ਰੋਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਹਾਦਸੇ ਤੋਂ ਬਾਅਦ ਹਰਿਆਣੇ ਦੇ ਸਿੰਚਾਈ ਵਿਭਾਗ ਵੱਲੋਂ ਪੁਲ ਦੇ ਆਲੇ-ਦੁਆਲੇ ਟਰੈਕ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਨਾਲ ਹਾਦਸਿਆਂ ਨੂੰ ਰੋਕਿਆ ਜਾ ਸਕੇਗਾ।
ਅੱਜ ਇਸ ਭਾਖੜਾ ਪੁਲ ਨੂੰ ਮਨਰੇਗਾ ਮਜ਼ਦੂਰਾਂ ਦੀ ਮਦਦ ਨਾਲ ਮਿੱਟੀ ਦੀਆਂ ਬੋਰੀਆਂ ਭਰ ਕੇ ਬਕਸਿਆਂ ਵਿੱਚ ਰੱਖੀਆਂ ਗਈਆਂ। ਪਿੰਡ ਸਰਦਾਰੇਵਾਲਾ ’ਚ ਭਾਖੜਾ ਨਹਿਰ ਦੇ ਪੁਲ ਦੀ ਪਟੜੀ ਤੇ ਸੁਰੱਖਿਆ ਦੀਵਾਰ ਨਾ ਹੋਣ ਕਾਰਨ ਲੰਘੀ 31 ਜਨਵਰੀ ਰਾਤ ਨੂੰ ਵੱਡਾ ਹਾਦਸਾ ਵਾਪਰ ਗਿਆ ਸੀ। ਇਥੇ ਕੋਈ ਰੋਕ ਨਾ ਹੋਣ ਕਾਰਨ 14 ਲੋਕਾਂ ਨੂੰ ਲੈਕੇ ਜਾ ਰਹੀ ਕਰੂਜ਼ਰ ਗੱਡੀ ਨਹਿਰ ਵਿੱਚ ਡਿੱਗ ਗਈ ਸੀ ਜਿਸ ਕਾਰਨ 12 ਲੋਕ ਪਾਣੀ ਦੇ ਵਹਾਅ ਵਿੱਚ ਰੁੜ੍ਹ ਗਏ ਸਨ। ਇਸ ਤੋਂ ਪਹਿਲਾਂ ਵੀ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ।
ਆਸ-ਪਾਸ ਦੇ ਪਿੰਡਾਂ ਦੇ ਲੋਕ ਪਿਛਲੇ ਲੰਮੇ ਸਮੇਂ ਤੋਂ ਵਿਭਾਗ ਤੋਂ ਪੁਲ ਦੇ ਆਲੇ-ਦੁਆਲੇ ਪਟੜੀਆਂ ਤੇ ਰੋਕ ਬਣਾਉਣ ਜਾਂ ਰੇਲਿੰਗ ਲਗਾਉਣ ਦੀ ਮੰਗ ਕਰ ਰਹੇ ਸਨ ਪਰ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ।
ਹਰਿਆਣਾ ਸਿੰਚਾਈ ਵਿਭਾਗ ਦੇ ਜੂਨੀਅਰ ਇੰਜਨੀਅਰ ਰਾਜਨ ਨੇ ਦੱਸਿਆ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਪੁਲ ਦੀਆਂ ਪਟੜੀਆਂ ’ਤੇ ਮਿੱਟੀ ਦੀਆਂ ਬੋਰੀਆਂ ਨਾਲ ਭਰੇ ਬਕਸੇ ਰੱਖਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਪੰਜਾਬ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੇ ਰਿਫਲੈਕਟਰ, ਇੰਡੀਕੇਟਰ ਬੋਰਡ ਅਤੇ ਲਾਈਟਾਂ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਪਿੰਡ ਰਿਉਂਦ ਕਲਾਂ ਦੇ ਸਰਪੰਚ ਜਸਵਿੰਦਰ ਸਿੰਘ ਨੰਬਰਦਾਰ ਅਤੇ ਸਸਪਾਲੀ ਦੇ ਹਰਪਾਲ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਜਲਦੀ ਹੀ ਪੁਲ ਦੇ ਆਲੇ ਦੁਆਲੇ ਪੱਕੀ ਸੁਰੱਖਿਆ ਕੰਧ ਜਾਂ ਰੇਲਿੰਗ ਲਗਾਈ ਜਾਵੇ ਅਤੇ ਪੁਲ ਦੇ ਆਲੇ ਦੁਆਲੇ ਇੰਡੀਕੇਟਰ ਬੋਰਡ ਅਤੇ ਰਿਫਲੈਕਟਰ ਵੀ ਲਗਾਏ ਜਾਣ ਤਾਂ ਜੋ ਲੋਕ ਹਨੇਰੇ ਵਿੱਚ ਨਹੀਂ ਦੇਖਿਆ ਜਾ ਸਕਦਾ ਹੈ ਜਾਂ ਧੁੰਦ ਦੇ ਦਿਨਾਂ ਵਿੱਚ, ਡਰਾਈਵਰ ਪੁਲ ਬਾਰੇ ਸੁਚੇਤ ਹੋ ਸਕਦੇ ਹਨ। ਪਿੰਡ ਵਾਸੀਆਂ ਨੇ ਪੰਚਾਇਤ ਜਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੁਲ ’ਤੇ ਵੱਡੀਆਂ ਸਟਰੀਟ ਲਾਈਟਾਂ ਲਗਾਈਆਂ ਜਾਣ ਤਾਂ ਜੋ ਰਾਤ ਸਮੇਂ ਪੁਲ ਦੇ ਆਲੇ-ਦੁਆਲੇ ਦਾ ਇਲਾਕਾ ਰੌਸ਼ਨ ਰਹਿ ਸਕੇ।

Advertisement

Advertisement
Advertisement
Author Image

Parwinder Singh

View all posts

Advertisement