ਕਰਾਟੇ ਮੁਕਾਬਲਿਆਂ ’ਚ ਲੜਕੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਪੱਤਰ ਪ੍ਰੇਰਕ
ਤਰਨ ਤਾਰਨ, 3 ਫਰਵਰੀ
ਸਰਕਾਰੀ ਹਾਈ ਸਕੂਲ ਪੰਜਵੜ੍ਹ ਦੀਆਂ ਵਿਦਿਆਰਥਣਾਂ ਨੇ ‘ਰਾਣੀ ਲਕਸ਼ਮੀ ਬਾਈ ਆਤਮ ਸੁਰੱਖਿਆ, ਕਰਾਟੇ’ ਦੇ ਬਲਾਕ ਪੱਧਰ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ| ਸਕੂਲ ਇੰਚਾਰਜ ਸਰਬਜੀਤ ਕੌਰ ਨੇ ਅੱਜ ਇੱਥੇ ਦੱਸਿਆ ਕਿ ਬਲਾਕ ਪੱਧਰ ਦੇ ਇਹ ਮੁਕਾਬਲੇ ਸਰਕਾਰੀ ਕੰਨਿਆਂ ਹਾਈ ਸਕੂਲ, ਸੁਰਸਿੰਘ ਦੇ ਖੇਡ ਮੈਦਾਨ ਵਿੱਚ ਜ਼ਿਲ੍ਹਾ ਖੇਡ ਕੋਆਰਡੀਨੇਟਰ ਜੁਗਰਾਜ ਸਿੰਘ ਦੀ ਅਗਵਾਈ ਵਿੱਚ ਕਰਵਾਏ ਗਏ ਸਨ| ਇਨ੍ਹਾਂ ਵਿੱਚ ਬਲਾਕ ਦੇ ਵੱਖ ਵੱਖ ਸਕੂਲਾਂ ਦੀਆਂ ਲੜਕੀਆਂ ਨੇ ਸ਼ਾਨਦਾਰ ਪੇਸ਼ਕਾਰੀ ਕੀਤੀ| ਸਕੂਲ ਦੇ ਸ਼ਰੀਰਿਕ ਸਿੱਖਿਆ ਵਿਸ਼ੇ ਦੇ ਡੀਪੀਈ ਸ਼ਮੀ ਚੌਧਰੀ ਦੀ ਅਗਵਾਈ ਵਿੱਚ ਸਿਖਲਾਈ ਪ੍ਰਾਪਤ ਲੜਕੀਆਂ ਵਿੱਚੋਂ ਨੀਸ਼ਾ ਕੌਰ ਨੇ ਦੂਸਰਾ ਅਤੇ ਕਸ਼ਿਸ਼ ਤੇ ਸਿਮਰਨ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ| ਲੜਕੀਆਂ ਦੇ ਅੱਜ ਸਕੂਲ ਪਰਤਨ ’ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ| ਇਸ ਮੌਕੇ ਵਿਦਿਆਰਥੀਆਂ ਨੂੰ ਸਕੂਲ ਦੇ ਇੰਚਾਰਜ ਸਰਬਜੀਤ ਕੌਰ ਨੇ ਸੰਬੋਧਨ ਕਰਦਿਆਂ ਲੜਕੀਆਂ ਨੂੰ ਸਵੈ-ਰੱਖਿਆ ਲਈ ਕਰਾਟੇ ਦੀ ਸਿਖਲਾਈ ਲੈਣ ਦੀ ਪ੍ਰੇਰਨਾ ਦਿੱਤੀ|