ਕਰਮਜੀਤ ਗਰੇਵਾਲ ਨੇ 10 ਭਾਸ਼ਾਵਾਂ ਵਿੱਚ ਬਾਲ ਗੀਤ ਗਾਏ
ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਜੂਨ
ਕੌਮੀ ਪੁਰਸਕਾਰ ਪ੍ਰਾਪਤ ਅਧਿਆਪਕ ਤੇ ਬਾਲ ਸਾਹਿਤਕਾਰ ਕਰਮਜੀਤ ਸਿੰਘ ਗਰੇਵਾਲ ਨੇ ਬਾਲ ਸਾਹਿਤ ਦੇ ਖੇਤਰ ਵਿੱਚ ਨਵੀਂ ਪਹਿਲਕਦਮੀ ਕੀਤੀ ਹੈ। ਉਨ੍ਹਾਂ ਭਾਰਤ ਦੀਆਂ 10 ਭਾਸ਼ਾਵਾਂ (ਤਾਮਿਲ, ਤੇਲਗੂ, ਗੁਜਰਾਤੀ, ਕੰਨੜ, ਡੋਗਰੀ, ਅਸਾਮੀ, ਬੰਗਾਲੀ, ਬੋਡੋ ਅਤੇ ਹਿੰਦੀ) ਆਦਿ ਵਿੱਚ ਬਾਲ ਗੀਤ ਗਾਏ ਹਨ। ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ ਲੁਧਿਆਣਾ ਵਿੱਚ ਪੰਜਾਬੀ ਵਿਸ਼ਾ ਪੜ੍ਹਾ ਰਹੇ ਇਸ ਅਧਿਆਪਕ ਨਾਲ ਸਕੂਲ ਦੇ ਵਿਦਿਆਰਥੀਆਂ ਨੇ ਸਾਥ ਦਿੱਤਾ ਹੈ। ਇਹਨਾਂ ਗੀਤਾਂ ਨੂੰ ਪੰਜਾਬ ਦੇ ਨਾਲ-ਨਾਲ ਹੋਰ ਰਾਜਾਂ ਤੋਂ ਵੀ ਭਰਵਾਂ ਹੁੰਗਾਰਾ ਮਿਲਿਆ ਹੈ।
ਕਰਮਜੀਤ ਸਿੰਘ ਗਰੇਵਾਲ ਨੇ ਬੱਚਿਆਂ ਲਈ ਬਾਲ ਗੀਤ, ਬਾਲ ਨਾਟਕ ਅਤੇ ਬਾਲ ਕਹਾਣੀਆਂ ਦੀਆਂ 11 ਪੁਸਤਕਾਂ ਲਿਖੀਆਂ ਹਨ। ਉਨ੍ਹਾਂ ਦੀ ਇੱਕ ਪੁਸਤਕ ਨੂੰ ਸਰਵੋਤਮ ਬਾਲ ਪੁਸਤਕ ਪੁਰਸਕਾਰ, ਵਰਨਮਾਲਾ ਵੀਡੀਓ ਨੂੰ ਅਮੈਰਕਨ ਇੰਡੀਆ ਫਾਊਂਡੇਸ਼ਨ ਟਰੱਸਟ ਵੱਲੋਂ ਪਹਿਲਾ ਇਨਾਮ, ਉਨ੍ਹਾਂ ਦੀ ਲਿਖੀ ਲੋਰੀ ਨੂੰ ਭਾਰਤ ਸਰਕਾਰ ਵੱਲੋਂ ਸਵਾ ਲੱਖ ਰੁਪਏ ਦਾ ਇਨਾਮ ਵੀ ਮਿਲਿਆ ਹੈ। ਸ੍ਰੀ ਗਰੇਵਾਲ ਨੇ ਦੱਸਿਆ ਕਿ ਉਹ ਭਵਿੱਖ ਵਿੱਚ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਦੇ ਬਾਲ ਗੀਤ ਤਿਆਰ ਕਰਨ ਦੇ ਨਾਲ਼-ਨਾਲ ਦੁਨੀਆਂ ਦੀਆਂ ਹੋਰ ਭਾਸ਼ਾਵਾਂ ਦੇ ਬਾਲ ਗੀਤ ਵੀ ਤਿਆਰ ਕਰਨਗੇ। ਇਸ ਨਾਲ਼ ਜਿੱਥੇ ਸਾਡੇ ਬੱਚਿਆਂ ਨੂੰ ਇਹ ਗੀਤ ਸੁਣਨ ਦਾ ਆਨੰਦ ਮਿਲੇਗਾ ਉੱਥੇ ਉਹ ਜਾਣ ਵੀ ਸਕਣਗੇ ਕਿ ਬਾਕੀ ਭਾਸ਼ਾਵਾਂ ਵਿੱਚ ਕਿਸ ਤਰ੍ਹਾਂ ਦੇ ਗੀਤ ਪ੍ਰਚਲਿਤ ਹਨ।