ਕਰਫਿਊ ਦੀ ਪ੍ਰਵਾਹ ਕੀਤੇ ਬਿਨਾਂ ਸੰਘਰਸ਼ ਲਈ ਤਿੰਨ ਦਿਨ ਦਾ ਅਲਟੀਮੇਟਮ

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪ੍ਰੈੱਸ ਨੂੰ ਜਾਰੀ ਕੀਤੀ ਤਸਵੀਰ ’ਚ ਮਜ਼ਦੂਰਾਂ ਵੱਲੋਂ ਰੋਸ ਪ੍ਰਗਟਾਏ ਜਾਣ ਦਾ ਦ੍ਰਿਸ਼।

ਬੀਰਬਲ ਰਿਸ਼ੀ,
ਸ਼ੇਰਪੁਰ, 25 ਮਾਰਚ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਘਰਾਂ ’ਚ ਭੁੱਖੇ ਬੈਠੇ ਮਜ਼ਦੂਰ ਪਰਿਵਾਰਾਂ ਦੇ ਹੱਕ ਵਿੱਚ ਡਟਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਗੰਭੀਰ ਮਸਲੇ ’ਤੇ 27 ਮਾਰਚ ਤੱਕ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਨ ਦੀ ਸਲਾਹ ਦਿੰਦਿਆਂ ਦਿੱਤੀ ਤੇ ਨਿਰਧਾਰਤ ਸਮੇਂ ’ਚ ਮਸਲਾ ਹੱਲ ਨਾ ਹੋਣ ’ਤੇ ਮਜ਼ਦੂਰਾਂ ਦੇ ਹੱਕ ਵਿੱਚ ਜਥੇਬੰਦੀ ਕਰਫਿਊ ਦੇ ਬਾਵਜੂਦ ਸੜਕਾਂ ’ਤੇ ਨਿੱਕਲਣ ਲਈ ਮਜ਼ਬੂਰ ਹੋਵੇਗੀ।
ਜ਼ੈੱਡਪੀਐੱਸਸੀ ਦੇ ਮੋਹਰੀ ਮੁਕੇਸ਼ ਮਲੌਦ ਵੱਲੋਂ ਮਜ਼ਦੂਰ ਪਰਿਵਾਰਾਂ ਦੀਆਂ ਫੋਟੋਆਂ ਸਣੇ ਜਾਰੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਪਿੰਡਾਂ ਦੇ ਕਈ ਦਿਨਾਂ ਤੋਂ ਵਿਹਲੇ ਰੋਜ਼ਾਨਾ ਦਿਹਾੜੀ ਕਰਕੇ ਆਪਣੇ ਪਰਿਵਾਰ ਦੇ ਪੇਟ ਪਾਲ ਰਹੇ ਮਜ਼ਦੂਰ ਘਰਾਂ ’ਚ ਭੁੱਖੇ ਬੈਠੇ ਹਨ ਕਿਉਂਕਿ ਜੋ ਟਰਾਲੀਆਂ ਪਿੰਡਾਂ ਵਿੱਚ ਆ ਰਹੀਆਂ ਹਨ ਉਨ੍ਹਾਂ ਤੋਂ ਸਾਮਾਨ ਲੈਣ ਲਈ ਮਜ਼ਦੂਰ ਪਰਿਵਾਰਾਂ ਕੋਲ ਪੈਸੇ ਨਹੀਂ। ਆਗੂਆਂ ਕਿਹਾ ਕਿ ਭਾਵੇਂ ਉਸਾਰੀ ਕਾਮਿਆਂ ਨੂੰ ਖਾਤਿਆਂ ’ਚ ਪੈਸੇ ਪਾਏ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ, ਕਰਫਿਊ ਦੌਰਾਨ ਉਨ੍ਹਾਂ ਕੋਲ ਆਪਣੇ ਪੈਸੇ ਕਢਵਾਏ ਜਾਣ ਦਾ ਵੀ ਕੋਈ ਜ਼ਰੀਆ ਨਹੀਂ ਰਿਹਾ। ਉਸਾਰੀ ਮਜ਼ਦੂਰਾਂ ਦੀਆਂ ਲਾਲ ਕਾਪੀਆਂ ਸਿਰਫ਼ ਗੁਰਦਾਸਪੁਰ ਤੇ ਪਠਾਨਕੋਟ ’ਚ ਕਾਫ਼ੀ ਗਿਣਤੀ ’ਚ ਹਨ ਪਰ ਬਾਕੀ ਸੂਬੇ ’ਚ ਇਸਦੀ ਗਿਣਤੀ ਇਸ ਦੇ ਮੁਕਾਬਲੇ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਆਪਣੀ ਜਥੇਬੰਦੀ ਦੇ ਕਾਰਕੁਨਾਂ ਨੂੰ ਪਿੰਡਾਂ ’ਚ ਉਨ੍ਹਾਂ ਵਿਅਕਤੀਆਂ ਦੀਆਂ ਲਿਸਟਾਂ ਬਣਾਉਣ ਲਈ ਕਹਿ ਦਿੱਤਾ ਹੈ ਜਿਹੜੇ ਮਜ਼ਦੂਰੀ ਕਰਦੇ ਹੋਣ, ਉਨ੍ਹਾਂ ’ਚੋ ਕੋਈ ਸਰਕਾਰੀ ਮੁਲਾਜ਼ਮ ਤੇ ਵੱਡਾ ਕਾਰੋਬਾਰੀ ਨਾ ਹੋਵੇ। ਆਗੂਆਂ ਨੇ ਦੱਸਿਆ ਕਿ ਇਹ ਲਿਸਟਾਂ ਦੇਣ ਲਈ ਉਨ੍ਹਾਂ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਵਾਟਸਐਪ ਨੰਬਰ ’ਤੇ ਸੁਨੇਹਾ ਦੇ ਕੇ ਜਥੇਬੰਦੀ ਦੇ ਦੋ ਆਗੂਆਂ ਨਾਲ ਗੱਲਬਾਤ ਲਈ ਕਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹੈਲਪ ਲਾਈਨ ਨੰਬਰ, ਲੈਂਡ ਲਾਈਨ ਸਣੇ ਤਿੰਨ ਵੱਖ-ਵੱਖ ਫੋਨਾਂ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ ਜਿਸ ਕਰਕੇ ਮੰਗ ਪੱਤਰ ਵਾਟਸਐਪ ਕਰਕੇ 27 ਮਾਰਚ ਨੂੰ ਗੱਲਬਾਤ ਦਾ ਸਮਾਂ ਮੰਗਿਆ ਹੈ।
ਜ਼ੈੱਡਪੀਐੱਸਸੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਕਡਾਉਨ ਦਾ ਸਮਾਂ ਵਧਾ ਕੇ ਖੇਤੀ ਧੰਦੇ ਨਾਲ ਜੁੜੇ ਕਿਸਾਨਾਂ, ਮਜ਼ਦੂਰਾਂ ਤੇ ਹੋਰ ਵਰਗਾਂ ਦਾ ਖ਼ਿਆਲ ਨਹੀਂ ਰੱਖਿਆ।

ਮਾਮਲੇ ’ਤੇ ਗੌਰ ਹੋਵੇਗੀ: ਏਡੀਸੀ

ਏਡੀਸੀ ਵਿਕਾਸ ਰਜਿੰਦਰ ਬੱਤਰਾ ਨੇ ਕਿਹਾ ਕਿ ਜੋ ਮੰਗ ਪੱਤਰ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਭੇਜਿਆ ਹੈ ਉਸਦੀਆਂ ਜਾਇਜ਼ ਮੰਗਾਂ ’ਤੇ ਗੌਰ ਹੋਵੇਗੀ ਉਂਜ ਤੁਸੀ ਡਿਪਟੀ ਕਮਿਸ਼ਨਰ ਨਾਲ ਗੱਲ ਕਰ ਲਵੋ। ਡੀਸੀ ਸੰਗਰੂਰ ਨੂੰ ਫੋਨ ਕੀਤਾ ਤਾਂ ਉਨ੍ਹਾਂ ਆਪਣੇ ਫੋਨ ਸੰਦੇਸ਼ ਰਾਹੀਂ ਹੋਰ ਅਧਿਕਾਰੀਆਂ ਦੇ ਨੰਬਰਾਂ ’ਤੇ ਗੱਲ ਕਰਨ ਲਈ ਕਹਿ ਦਿੱਤਾ।