ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ

ਸਮਾਣਾ ’ਚ ਕਰਫਿਊ ਦੀ ਉਲੰਘਣਾ ਕਰਦੇ ਨੌਜਵਾਨਾਂ ਖ਼ਿਲਾਫ਼ ਕਾਰਵਾਈ ਕਰਦੀ ਹੋਈ ਪੁਲੀਸ।

ਅਸ਼ਵਨੀ ਗਰਗ
ਸਮਾਣਾ, 25 ਮਾਰਚ
ਅੱਜ ਪੁਲੀਸ ਨੇ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਖਤੀ ਵਰਤਦਿਆਂ ਘਰਾਂ ਤੋਂ ਬਾਹਰ ਫਿਰ ਰਹੇ ਸ਼ਹਿਰ ਦੇ ਲੋਕਾਂ ਨੂੰ ਘਰਾਂ ’ਚ ਰਹਿਣ ਲਈ ਮਜਬੂਰ ਕੀਤਾ ਤੇ ਕਰਫਿਊ ਦੀ ਉਲੰਘਣਾ ਕਰਨ ’ਤੇ 2 ਵਿਅਕਤੀਆਂ ਖ਼ਿਲਾਫ਼ ਕੇਸ ਵੀ ਦਰਜ ਕੀਤਾ। ਐੱਸਡੀਐੱਮ ਸਮਾਣਾ ਵੱਲੋਂ ਲੋਕਾਂ ਨੂੰ ਬਾਹਰ ਨਾ ਨਿਕਲਣ ਦੇ ਆਦੇਸ਼ ਦਿੱਤੇ ਤੇ ਕਿਹਾ ਕਿ ਜ਼ਰੂਰੀ ਸਾਮਾਨ ਹਰ ਵਿਅਕਤੀ ਦੇ ਘਰ ਘਰ ਪਹੁੰਚਾਇਆ ਜਾਵੇਗਾ। ਕਰਫਿਊ ਦੀ ਉਲੰਘਣਾ ਕਰਨ ’ਤੇ ਸਥਾਨਕ ਤਹਿਸੀਲ ਰੋਡ ਵਿੱਚ ਘੁੰਮ ਰਹੇ ਲੋਕਾਂ ਨੂੰ ਪੁਲੀਸ ਮੁਲਾਜਮਾ ਵੱਲੋਂ ਕੰਨ ਫੜਾ ਦਿੱਤੇ ਤੇ ਮੁਰਗਾ ਵੀ ਬਨਾਇਆ। ਸੜਕ ’ਤੇ ਲਿਟਾ ਕੇ ਮੁਆਫੀ ਮੰਗਾਵਾਈ ਤੇ ਅੱਗੇ ਤੋਂ ਘਰੋਂ ਬਾਹਰ ਨਾ ਨਿਕਲਣ ਦੀ ਗੱਲ ਕਹਿਣ ਤੋਂ ਬਾਅਦ ਪੁਲੀਸ ਮੁਲਾਜ਼ਮਾਂ ਵੱਲੋਂ ਛੱਡ ਦਿੱਤਾ ਗਿਆ। ਇਸ ਕਰਫਿਊ ਦੌਰਾਨ ਸਿਟੀ ਥਾਣਾ ਵੱਲੋਂ ਕਿਸ਼ਨ ਕੁਮਾਰ ਵਾਸੀ ਦਰਦੀ ਕਲੋਨੀ ਸਮਾਣਾ ਨੇ ਆਪਣੀ ਕਰਿਆਣੇ ਦੀ ਦੁਕਾਨ ਖੋਲ੍ਹੀ ਸੀ ਤੇ ਸਦਰ ਥਾਣਾ ਵੱਲੋਂ ਰਾਮ ਮਨੋਹਰ ਵਾਸੀ ਪਿੰਡ ਫਤਿਹਗੜ੍ਹ ਛੰਨਾ ਨੇ ਆਪਣੀ ਹਲਵਾਈ ਦੀ ਦੁਕਾਨ ਖੋਲ੍ਹਣ ’ਤੇ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਆਈਪੀਸੀ 188 ਤਹਿਤ ਕੇਸ ਦਰਜ ਕੀਤਾ ਹੈ।
ਲਹਿਰਾਗਾਗਾ (ਰਮੇਸ਼ ਭਾਰਦਵਾਜ) ਕਰੋਨਾਵਾਇਰਸ ਤੋਂ ਬਚਾਅ ਲਈ 23 ਮਾਰਚ ਤੋਂ ਸਰਕਾਰ ਵੱਲੋਂ ਲਾਏ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਕੀਤੀ ਹੈ। ਪੁਲੀਸ ਨੇ ਕਰਫਿਊ ਦੀ ਉਲੰਘਣਾ ਕਰਨ ਵਾਲੇ ਮਨੋਜ ਕੁਮਾਰ ਵਾਰਡ 11 ਨੂੰ ਧਾਰਾ 188 ਆਈਪੀਸੀ ਅਧੀਨ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਗਸ਼ਤ ਦੌਰਾਨ ਕਰਫਿਊ ਤੋੜ ਕੇ ਘੁੰਮਦੇ ਕਰਨ ਖੰਨਾ ਖਾਈ ਬਸਤੀ, ਸਹਾਇਕ ਥਾਣੇਦਾਰ ਜੈਲ ਪੋਸਟ ਚੋਟੀਆਂ ਨੇ ਜਾਖਲ ਤੋਂ ਬਰੇਟਾ ਪੈਦਲ ਜਾਂਦੇ ਜਸਵਿੰਦਰ ਸਿੰਘ ਵਾਸੀ ਦਿਆਲਪੁਰਾ, ਬੰਟੂ ਸਿੰਘ ਵਾਸੀ ਹਰਿਆਓ ਤੇ ਦਰਸ਼ਨ ਸਿੰਘ ਵਾਰਡ 8 ਨੂੰ ਓਵਰਬਰਿੱਜ ’ਤੇ ਘੁੰਮਦੇ ਧਾਰਾ-188 ਆਈਪੀਸੀ ਅਧੀਨ ਗ੍ਰਿਫ਼ਤਾਰ ਕੀਤਾ ਹੈ। ਰਾਮ ਸਿੰਘ ਤੇ ਜਸਪ੍ਰੀਤ ਸਿੰਘ ਮਾਸਟਰ ਕਾਲੋਨੀ ਵਾਰਡ ਪੰਜ ਨੂੰ ਵੀ ਇਸੇ ਧਾਰਾ ਅਧੀਨ ਗ੍ਰਿਫ਼ਤਾਰ ਕੀਤਾ ਹੈ। ਨਰੇਸ਼ ਉਕਲਾਣਾ ਹਰਿਆਣਾ ਤੇ ਸੇਖ ਹਸਨ ਵਾਸੀ ਗੋਸ਼ਾ ਹਰਪਿਉਲ ਹਰਿਆਣਾ ਨੂੰ ਕਰਫਿਊ ਤੋੜਨ ’ਤੇ ਧਾਰਾ-188 ਅਧੀਨ ਗ੍ਰਿਫ਼ਤਾਰ ਕੀਤਾ ਹੈ। ਉਧਰ, ਆਕਵਿੰਦਰ ਕੌਰ ਵਾਸੀ ਉਗਰਾਹਾਂ ਖ਼ਿਲਾਫ਼ ਧਾਰਾ-188 ਆਈਪੀਸੀ ਅਧੀਨ ਕੇਸ ਦਰਜ ਕੀਤਾ ਹੈ। ਉੁਸਨੇ ਅਖੰਡ ਪਾਠ ਖੁਲ੍ਹਵਾ ਕੇ ਲੋਕਾਂ ਦਾ ਇਕੱਠ ਕੀਤਾ ਸੀ।

ਕਰਫਿਊ ਦੀ ਉਲੰਘਣਾ ਤੇ ਅਸਲੇ ਸਣੇ ਦੋ ਗ੍ਰਿਫ਼ਤਾਰ

ਰਾਜਪੁਰਾ (ਪੱਤਰ ਪ੍ਰੇਰਕ) ਥਾਣਾ ਸਿਟੀ ਦੀ ਪੁਲੀਸ ਨੇ ਦੋ ਵਿਅਕਤੀਆਂ ਖ਼ਿਲਾਫ਼ ਅਸਲਾ ਐਕਟ ਅਤੇ ਕਰਫਿਊ ਦੀ ਉਲੰਘਣਾਂ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ। ਥਾਣਾ ਸਿਟੀ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਨਵਨੀਤ ਕੌਰ ਨੇ ਕਰੋਨਾਵਾਇਰਸ ਕਾਰਨ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੀ ਪਾਲਣਾਂ ਸੰਬਧੀ ਸਣੇ ਪੁਲੀਸ ਪਾਰਟੀ ਸ਼ਹਿਰ ਦੇ ਗਗਨ ਚੌਕ ’ਚ ਨਾਕਾਬੰਦੀ ਕੀਤੀ ਹੋਈ ਸੀ। ਜਦੋਂ ਉਨ੍ਹਾਂ ਨੇ ਦੋ ਸ਼ੱਕੀ ਨੌਜਵਾਨਾਂ ਗੁਰਪ੍ਰੀਤ ਸਿੰਘ ਵਾਸੀ ਬਾਬਾ ਦੀਪ ਸਿੰਘ ਕਾਲੋਨੀ ਰਾਜਪੁਰਾ ਤੇ ਦਿਲਰਾਜਪ੍ਰੀਤ ਸਿੰਘ ਵਾਸੀ ਪਿੰਡ ਪਿੱਲਖਣੀ ਨੂੰ ਰੋਕ ਕੇ ਉਨ੍ਹਾਂ ਦੀ ਪੁੱਛ-ਪੜਤਾਲ ਕੀਤੀ ਤਾਂ ਇਨ੍ਹਾਂ ਕੋਲੋਂ ਇੱਕ ਪਿਸਤੌਲ ਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਹੋਣ ’ਤੇ ਪੁਲੀਸ ਨੇ ਦੋਵੇਂ ਨੌਜਵਾਨਾਂ ਖ਼ਿਲਾਫ਼ ਆਰਮਜ਼ ਐਕਟ ਤੇ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲੀਸ ਕੁੱਟਮਾਰ ਦੀਆਂ ਵੀਡੀਓ ਵਾਇਰਲ ਕਰਨ ਦੀ ਨਿਖੇਧੀ

ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜਿੱਥੇ ਦੇਸ਼ ’ਚ ਫੈਲੇ ਕਰੋਨਾਵਾਇਰਸ ਦੇ ਮੱਦੇਨਜ਼ਰ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ ਹੈ, ਨਾਲ ਹੀ ਪੁਲੀਸ ਵੱਲੋਂ ਲੋਕਾਂ ਨੂੰ ਘਰਾਂ ਅੰਦਰ ਬਿਠਾਉਣ ਲਈ ਕੀਤੀ ਜਾ ਰਹੀ ਲਾਠੀਚਾਰਜ ਦੀ ਵੀ ਨਿਖੇਧੀ ਕੀਤੀ ਹੈ। ਜਥੇਬੰਦੀ ਵੱਲੋਂ ਜਾਰੀ ਪ੍ਰੈੱਸ ਬਿਆਨ ’ਚ ਕਿਸਾਨ ਆਗੂਆਂ ਜਸਵੰਤ ਸਿੰਘ ਤੋਲਾਵਾਲ, ਸੁਖਪਾਲ ਮਾਣਕ ਕਣਕਵਾਲੀਆ ਤੇ ਰਾਮਪਾਲ ਉਗਰਾਹਾਂ ਨੇ ਕਿਹਾ ਕਿ ਪੁਲੀਸ ਵੱਲੋਂ ਲੋਕਾਂ ਨੂੰ ਘਰਾਂ ’ਚ ਬਿਠਾਉਣ ਲਈ ਡੰਡੇ ਦੀ ਵਰਤੋਂ ਕਰਨਾ ਗ਼ਲਤ ਹੈ ਪਰ ਸਿਤਮ ਦੀ ਗੱਲ ਇਹ ਹੈ ਕਿ ਡੰਡੇ ਦੀ ਵਰਤੋਂ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਕਰਕੇ ਡੰਡਾ ਪੀੜਤਾਂ ਨੂੰ ਜਲੀਲ ਕੀਤਾ ਜਾਣਾ ਨਿੰਦਣਯੋਗ ਹੈ। ਆਗੂਆਂ ਨੇ ਕਿਹਾ ਕਿ ਪੁਲੀਸ ਵੱਲੋਂ ਲੋਕਾਂ ਵਿੱਚ ਦਹਿਸ਼ਤ ਪਾਉਣ ਵਾਸਤੇ ਕਿਤੇ ਡੰਡ ਬੈਠਕਾਂ ਕਢਵਾਈਆਂ ਜਾ ਰਹੀਆਂ ਹਨ, ਕਿਤੇ ਲੋਕਾਂ ਨੂੰ ਸਿੱਧੇ ਲਿਟਾ ਕੇ ਘੁੰਮਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਕਿਸੇ ਵੀਡੀਓ ’ਚ ਕੁਝ ਕੁ ਪੁਲੀਸ ਵਾਲਿਆਂ ਵੱਲੋਂ ਮੂਧਾ ਪਾ ਕੇ ਪਿੱਠ ’ਤੇ ਸੋਟੀਆਂ ਮਾਰੀਆਂ ਜਾ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਕੁੱਟਮਾਰ ਦੀਆਂ ਵੀਡੀਓ ਵਾਇਰਲ ਕਰਨਾ ਕਾਨੂੰਨ ਖ਼ਿਲਾਫ਼ ਹੈ। ਕਾਨੂੰਨ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਕਿਸੇ ਬੰਦੇ ਨੂੰ ਇਸ ਤਰ੍ਹਾਂ ਜੱਗ-ਜ਼ਲੀਲ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਖੇਤ ਮਜ਼ਦੂਰ ਯੂਨੀਅਨ ਦਾ ਆਗੂ ਗੋਪੀਗਿਰ ਪਿੰਡ ਕੁਲਾਰਾਂ ਤੋਂ ਆਪਣੀ ਬੇਟੀ ਨੂੰ ਲੈ ਕੇ ਪਿੰਡ ਕੱਲਰ ਭੈਣੀ ਆ ਰਿਹਾ ਸੀ। ਇਸ ਆਗੂ ਨਾਲ ਪੁਲੀਸ ਵੱਲੋਂ ਉਸ ਦੀ ਬੇਟੀ ਦੇ ਸਾਹਮਣੇ ਹੀ ਕੁੱਟਮਾਰ ਕੀਤੀ ਗਈ ਗਈ ਜਦੋਂਕਿ ਉਸ ਵੱਲੋਂ ਆਪਣੀ ਮਜ਼ਬੂਰੀ ਵੀ ਦੱਸੀ ਗਈ ਸੀ। ਆਗੂਆਂ ਨੇ ਕਿਹਾ ਕਿ ਇਸ ਮੌਕੇ ਕਰੋਨਾਵਾਇਰਸ ਦੀ ਦਹਿਸ਼ਤ ਨਾਲੋਂ ਪੁਲੀਸ ਦੀ ਦਹਿਸ਼ਤ ਵੱਧ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਪੁਲੀਸ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।