ਕਰਫਿਊ ਕਾਰਨ ਹਰੀਆਂ ਸਬਜ਼ੀਆਂ ਦੀ ਵਿਕਰੀ ਘਟੀ

ਪਿੰਡ ਭੈਣੀਬਾਘਾ ਵਿੱਚ ਕਰਫਿਊ ਦੌਰਾਨ ਹਰੇ ਮਟਰਾਂ ਨੂੰ ਆਪਣੇ ਖੇਤ ਵਿੱਚ ਟਰੈਕਟਰ ਨਾਲ ਵਾਹ ਰਿਹਾ ਇੱਕ ਕਿਸਾਨ। ਫੋਟੋ: ਮਾਨ

ਜੋਗਿੰਦਰ ਸਿੰਘ ਮਾਨ
ਮਾਨਸਾ, 25 ਮਾਰਚ
ਕਰੋਨਾਵਾਇਰਸ ਦੀ ਮਾਰ ਹੇਠ ਜਿੱਥੇ ਅਨੇਕਾਂ ਕਾਰਜ ਖੜ੍ਹ ਗਏ ਹਨ, ਉਥੇ ਸਭ ਤੋਂ ਵੱਡੀ ਮੁਸ਼ਕਲ ਖੇਤੀ ਵਿੰਭਿਨਤਾ ਤਹਿਤ ਸਬਜ਼ੀਆਂ ਵੇਚਕੇ ਗੁਜ਼ਾਰਾ ਕਰਨ ਵਾਲੇ ਕਿਸਾਨਾਂ ਨੂੰ ਆਉਣ ਲੱਗੀ ਹੈ। ਰਾਜ ਭਰ ਦੀਆਂ ਸਬਜ਼ੀ ਮੰਡੀਆਂ ਬੰਦ ਹੋਣ ਤੋਂ ਬਾਅਦ ਜਦੋਂ ਕਿਸਾਨਾਂ ਦੀਆਂ ਸਬਜ਼ੀਆਂ ਵਿਕਣ ਲਈ ਕੋਈ ਥਾਂ ਨਾ ਰਹੀ ਤਾਂ ਅੱਕੇ ਹੋਏ ਕਿਸਾਨਾਂ ਵੱਲੋਂ ਅੱਜ ਅਨੇਕਾਂ ਥਾਵਾਂ ਉਪਰ ਹਰੇ ਮਟਰਾਂ ਸਮੇਤ ਹੋਰ ਸਬਜ਼ੀਆਂ ਨੂੰ ਖੇਤਾਂ ਵਿੱਚ ਮਜਬੂਰਨ ਵਾਹ ਦਿੱਤਾ ਗਿਆ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਿੰਡ ਭੈਣੀਬਾਘਾ ਵਿੱਚ ਕਿਸਾਨਾਂ ਦੀਆਂ ਸਬਜ਼ੀਆਂ ਦਾ ਬੁਰਾ ਹਾਲ ਹੈ, ਕਰਫਿਊ ਕਾਰਨ ਜਿਥੇ ਸਭ ਕੁੱਝ ਬੰਦ ਹੈ, ਉਥੇ ਖਾਣ ਪੀਣ ਦੀਆਂ ਚੀਜ਼ਾਂ ਨੂੰ ਬੰਦ ਕੀਤਾ ਗਿਆ ਹੈ। ਕਿਸਾਨ ਆਗੂ ਨੇ ਕਿਹਾ ਕਿ ਸਿਹਤ ਸਹੂਲਤਾਂ ਦੇ ਨਾਲ ਸਬਜ਼ੀ, ਮੰਡੀਆਂ ਨੂੰ ਕੁੱਝ ਘੰਟੇ ਛੋਟ ਦੇਣੀ ਚਾਹੀਦੀ ਹੈ, ਕਿਉਂਕਿ ਕਿਸਾਨਾਂ ਦਾ ਆਰਥਿਕ ਨੁਕਸਾਨ ਨਾ ਹੋਵੇ। ਅੱਜ ਪਿੰਡ ਦੇ ਕਿਸਾਨਾਂ ਨੇ ਮਟਰਾਂ ਦੀ ਫਸਲ ਨੂੰ ਖੇਤਾਂ ਵਿੱਚ ਖਿਲਾਰ ਕੇ ਟਰੈਕਟਰ ਨਾਲ ਵਾਹ ਦਿੱਤਾ।
ਇਸੇ ਤਰ੍ਹਾਂ ਪਿੰਡ ਫਫੜੇ ਭਾਈਕੇ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਦੱਸਿਆ ਕਿ ਜਦੋਂ ਕਰਫਿਊ ਕਾਰਨ ਥਾਂ-ਥਾਂ ’ਤੇ ਪੁਲੀਸ ਦੇ ਨਾਕੇ ਲੋਕ ਹਿੱਤਾਂ ਲਈ ਲਾਏ ਗਏ ਹਨ ਤਾਂ ਆਮ ਕਿਸਾਨ ਅਜਿਹੀਆਂ ਪੁਲੀਸ ਦੀਆਂ ਡਿਊਟੀ ਦੇ ਰਹੀਆਂ ਟੁਕੜੀਆਂ ਅਤੇ ਨਾਕੇਬੰਦੀਆਂ ਦੇ ਚੱਕਰਾਂ ਤੋਂ ਘਬਰਾਕੇ ਸਬਜ਼ੀ ਵੇਚਣ ਲਈ ਮੰਡੀ ਵਿੱਚ ਜਾਣ ਤੋਂ ਪਿੱਛੇ ਹੱਟਣ ਲੱਗਿਆ ਹੈ। ਇਸੇ ਤਰ੍ਹਾਂ ਇਹ ਵੀ ਪਤਾ ਲੱਗਿਆ ਹੈ ਕਿ ਕਿਸਾਨਾਂ ਦੀਆਂ ਇਸ ਵੇਲੇ ਖ਼ਤਮ ਹੋ ਰਹੇ ਸਰਦੀ ਦੇ ਮੌਸਮ ਵਾਲੀਆਂ ਸਾਰੀਆਂ ਸਬਜ਼ੀਆਂ ਦੀ ਹਰ ਰੋਜ਼ ਤੋੜਾਈ ਕਰਨੀ ਪੈਂਦੀ ਹੈ, ਪਰ ਉਨ੍ਹਾਂ ਨੂੰ ਜਦੋਂ ਖੇਤਾਂ ਤੱਕ ਖਰੀਦਣ ਵਾਲਾ ਕੋਈ ਗਾਹਕ ਨਾ ਆਉਣ ਲੱਗਿਆ ਤਾਂ ਅੱਕੇ ਹੋਏ ਕਿਸਾਨਾਂ ਨੇ ਉਨ੍ਹਾਂ ਖੇਤਾਂ ਵਿੱਚ ਹੀ ਵਾਹੁਣਾ ਸ਼ੁਰੂ ਕਰ ਦਿੱਤਾ ਹੈ।
ਇਸੇ ਦੌਰਾਨ ਮਾਨਸਾ ਦੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਜਿਹੜੇ ਕਿਸਾਨਾਂ ਨੂੰ ਸਬਜ਼ੀ ਵੇਚਣ ਦੀ ਦਿੱਕਤ ਆਉਂਦੀ ਹੈ, ਉਹ ਖੇਤਾਂ ਵਿੱਚ ਇਸ ਵਾਹੁਣ ਦੀ ਥਾਂ ਵੇਚਣ ਨੂੰ ਤਰਜ਼ੀਹ ਦੇਣ ਅਤੇ ਜੇਕਰ ਵੇਚਣ ਲਈ ਕੋਈ ਤਕਲੀਫ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸੰਪਰਕ ਕਰਨ ਤਾਂ ਜੋ ਇਸ ਸਮੇਂ ਸਬਜ਼ੀ ਦੀ ਜ਼ਰੂਰਤ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਬਕਾਇਦਾ ਮੰਡੀਕਰਨ ਕਰਵਾਇਆ ਜਾ ਸਕੇ।