ਕਾਰਵਰ (ਕਰਨਾਟਕ), 4 ਫਰਵਰੀਉੱਤਰ ਕੰਨੜ ਜ਼ਿਲ੍ਹੇ ਵਿੱਚ ਗਾਂ ਚੋਰੀ ਦੀਆਂ ਘਟਨਾਵਾਂ ਕਾਰਨ ਜ਼ਿਲ੍ਹੇ ਦੇ ਇੰਚਾਰਜ ਮੰਤਰੀ ਮਨਕਲ ਐੱਸ. ਵੈਦਿਆ ਨੇ ਗਾਂ ਤਸਕਰੀ ’ਚ ਸ਼ਾਮਲ ਲੋਕਾਂ ਨੂੰ ਸੜਕਾਂ ਜਾਂ ਚੌਰਾਹਿਆਂ ’ਤੇ ਜਨਤਕ ਤੌਰ ’ਤੇ ਗੋਲੀ ਮਾਰਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹੇ ਵਿੱਚ ਅਜਿਹੀਆਂ ਗਤੀਵਿਧੀਆਂ ਜਾਰੀ ਨਹੀਂ ਰਹਿਣ ਦੇਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਗਾਵਾਂ ਅਤੇ ਗਾਂ ਪਾਲਕਾਂ ਦੇ ਹਿੱਤਾਂ ਦੀ ਰਾਖੀ ਲਈ ਸਾਰੇ ਜ਼ਰੂਰੀ ਕਦਮ ਚੁੱਕ ਰਿਹਾ ਹੈ। ਵੈਦਿਆ ਦਾ ਇਹ ਬਿਆਨ ਹਾਲ ਹੀ ਵਿੱਚ ਹੋਨਾਵਰ ਨੇੜੇ ਗਾਂ ਮਾਰਨ ਕਾਰਨ ਲੋਕਾਂ ਵਿੱਚ ਗੁੱਸੇ ਦੇ ਮੱਦੇਨਜ਼ਰ ਆਇਆ ਹੈ।ਉਨ੍ਹਾਂ ਕਿਹਾ, ‘ਗਾਂ ਚੋਰੀ ਦੀਆਂ ਘਟਨਾਵਾਂ ਕਈ ਸਾਲਾਂ ਤੋਂ ਵਾਪਰ ਰਹੀਆਂ ਹਨ। ਮੈਂ ਐੱਸਪੀ ਨੂੰ ਕਿਹਾ ਕਿ ਇਸ ਨੂੰ ਕਿਸੇ ਵੀ ਕੀਮਤ ’ਤੇ ਰੋਕਿਆ ਜਾਣਾ ਚਾਹੀਦਾ ਹੈ। ਇਹ ਗਲਤ ਹੈ। ਅਸੀਂ ਗਾਵਾਂ ਦੀ ਪੂਜਾ ਕਰਦੇ ਹਾਂ। ਅਸੀਂ ਇਸ ਨੂੰ ਪਿਆਰ ਨਾਲ ਪਾਲਦੇ ਹਾਂ। ਅਸੀਂ ਇਸ ਦਾ ਦੁੱਧ ਪੀ ਕੇ ਵੱਡੇ ਹੋਏ ਹਾਂ।’ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਪੁਲੀਸ ਨੂੰ ਇਸ ਅਪਰਾਧ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।ਉਨ੍ਹਾਂ ਕਿਹਾ, ‘ਕੁੱਝ ਮਾਮਲਿਆਂ ਵਿੱਚ ਗ੍ਰਿਫ਼ਤਾਰੀਆਂ ਹੋਈਆਂ ਹਨ। ਜੇ ਇਹ ਘਟਨਾਵਾਂ ਜਾਰੀ ਰਹੀਆਂ ਤਾਂ, ਸ਼ਾਇਦ ਮੈਨੂੰ ਇਹ ਨਹੀਂ ਕਹਿਣਾ ਚਾਹੀਦਾ ਪਰ ਮੈਂ ਇਹ ਯਕੀਨੀ ਬਣਾਵਾਂਗਾ ਕਿ ਮੁਲਜ਼ਮਾਂ ਨੂੰ ਸੜਕ ’ਤੇ ਜਾਂ ਚੌਕ ਵਿੱਚ ਖੜ੍ਹੇ ਕਰਕੇ ਗੋਲੀ ਮਾਰ ਦਿੱਤੀ ਜਾਵੇ। ਕੰਮ ਕਰੋ, ਕਮਾਓ ਅਤੇ ਖਾਓ। ਜ਼ਿਲ੍ਹੇ ਵਿੱਚ ਰੁਜ਼ਗਾਰ ਦੇ ਕਈ ਸਾਧਨ ਹਨ। ਅਸੀਂ ਕਿਸੇ ਵੀ ਕੀਮਤ ’ਤੇ ਗਾਂ ਤਸਕਰੀ ਵਿੱਚ ਸ਼ਾਮਲ ਲੋਕਾਂ ਦਾ ਸਮਰਥਨ ਨਹੀਂ ਕਰਾਂਗੇ।’ -ਪੀਟੀਆਈ