For the best experience, open
https://m.punjabitribuneonline.com
on your mobile browser.
Advertisement

ਕਰਤਾਰ ਪੁਰਿ ਕਰਤਾ ਵਸੈ ਸੰਤਨ ਕੈ ਪਾਸਿ

04:01 AM Mar 16, 2025 IST
ਕਰਤਾਰ ਪੁਰਿ ਕਰਤਾ ਵਸੈ ਸੰਤਨ ਕੈ ਪਾਸਿ
Advertisement

ਬਿੰਦਰ ਸਿੰਘ ਖੁੱਡੀ ਕਲਾਂ

Advertisement

ਦੇਸ਼ਵੰਡ ਦੌਰਾਨ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਅਤੇ ਸੇਵਾ ਸੰਭਾਲ ਦੀ ਅਰਦਾਸ ਸਿੱਖਾਂ ਵੱਲੋਂ ਰੋਜ਼ਾਨਾ ਸਵੇਰੇ ਸ਼ਾਮ ਕੀਤੀ ਜਾਂਦੀ ਹੈ।ਇਨ੍ਹਾਂ ਵਿਛੜੇ ਗੁਰਧਾਮਾਂ ਵਿੱਚੋਂ ਇੱਕ ਹੈ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ’ਤੇ ਸੁਸ਼ੋਭਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ। ਇਹ ਗੁਰਦੁਆਰਾ ਭਾਰਤ ਪਾਕਿਸਤਾਨ ਸਰਹੱਦ ਤੋਂ ਪੰਜ ਕਿਲੋਮੀਟਰ ਦੇ ਕਰੀਬ ਦੀ ਦੂਰੀ ’ਤੇ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ’ਚ ਸਥਿਤ ਹੈ। ਦੇਸ਼ਵੰਡ ਉਪਰੰਤ ਭਾਰਤ ਦੀਆਂ ਸੰਗਤਾਂ ਦੂਰ ਤੋਂ ਹੀ ਇਸ ਗੁਰਦੁਆਰਾ ਸਾਹਿਬ ਦੇ ਦੀਦਾਰੇ ਕਰਦਿਆਂ ਨਤਮਸਤਕ ਹੋ ਸਕਦੀਆਂ ਸਨ। ਆਮ ਸ਼ਰਧਾਲੂਆਂ ਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਵੀਜ਼ਾ ਮਿਲਣਾ ਆਸਾਨ ਨਹੀਂ ਸੀ। ਸਿੱਖ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਦੀ ਅਰਦਾਸ ਉਸ ਵੇਲੇ ਪ੍ਰਵਾਨ ਹੋ ਗਈ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਨੇ ਇਸ ਗੁਰਦੁਆਰਾ ਸਾਹਿਬ ਤੱਕ ਕੌਰੀਡੋਰ ਦਾ ਨਿਰਮਾਣ ਕਰਕੇ ਸਿੱਖ ਸੰਗਤਾਂ ਨੂੰ ਇੱਕ ਦਿਨ ਲਈ ਗੁਰੂਘਰ ਦੇ ਦਰਸ਼ਨ ਕਰਨ ਦੀ ਇਜਾਜ਼ਤ ਦੇਣ ਦਾ ਮਤਾ ਪਾਸ ਕੀਤਾ। ਸ਼ਰਧਾਲੂਆਂ ਨੂੰ ਗੁਰੂਘਰ ਦੇ ਦਰਸ਼ਨਾਂ ਲਈ ਇਜ਼ਾਜਤ ਦੇਣ ਦੀ ਇਸ ਸਕੀਮ ਨੂੰ ਵੀਜ਼ਾ ਮੁਕਤ ਇਲੈਕਟ੍ਰਾਨਿਕ ਟਰੈਵਲ ਆਥੋਰਾਈਜੇਸ਼ਨ ਸਕੀਮ ਦਾ ਨਾਮ ਦਿੱਤਾ ਗਿਆ। ਇਸ ਯੋਜਨਾ ਤਹਿਤ ਭਾਰਤ ਸਰਕਾਰ ਵੱਲੋਂ ਸ਼ਰਧਾਲੂਆਂ ਨੂੰ ਇੱਕ ਦਿਨ ਲਈ ਇਲੈਕਟ੍ਰਾਨਿਕ ਟਰੈਵਲ ਆਥੋਰਾਈਜੇਸ਼ਨ (ਈ.ਟੀ.ਏ) ਜਾਰੀ ਕੀਤੀ ਜਾਂਦੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਲੇ ਤਕਰੀਬਨ ਅਠਾਰਾਂ ਵਰ੍ਹੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਬਿਤਾਏ। ਸਿੱਖ ਧਰਮ ਦੇ ਪ੍ਰਚਾਰ ਅਤੇ ਪਸਾਰ ਦੀਆਂ ਯਾਤਰਾਵਾਂ ਉਪਰੰਤ ਗੁਰੂ ਸਾਹਿਬ ਨੇ ਇਸ ਧਰਤੀ ’ਤੇ ਖ਼ੁਦ ਹਲ ਚਲਾ ਕੇ ਖੇਤੀ ਕਰਦਿਆਂ ਕਿਰਤ ਦਾ ਸਿਧਾਂਤ ਦਿੱਤਾ। ਗੁਰੂ ਸਾਹਿਬ ਇਸ ਧਰਤੀ ’ਤੇ ਹੀ ਜੋਤੀ ਜੋਤਿ ਸਮਾਏ। ਗੁਰੂ ਸਾਹਿਬ ਦੀ ਇਸ ਧਰਤੀ ਦੇ ਦਰਸ਼ਨਾਂ ਅਤੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਦੀ ਮੇਰੀ ਮਨੋਕਾਮਨਾ ਉਸ ਵੇਲੇ ਪੂਰੀ ਹੋਈ ਜਦੋਂ ਮੇਰਾ ਦੋਸਤ ਬਲਜਿੰਦਰ ਸਿੰਘ ਸਾਡੇ ਸਾਂਝੇ ਦੋਸਤ ਗੁਲਾਬ ਸਿੰਘ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਾਣ ਲਈ ਭਾਰਤ ਸਰਕਾਰ ਦੀ ਵੈੱਬਸਾਈਟ ’ਤੇ ਅਪਲਾਈ ਕਰਨ ਉਪਰੰਤ ਆਈ ਪੁਲੀਸ ਪੜਤਾਲ ’ਤੇ ਗਵਾਹ ਵਜੋਂ ਦਸਤਖ਼ਤ ਕਰਨ ਗਿਆ। ਗਵਾਹ ਵਜੋਂ ਦਸਤਖ਼ਤ ਕਰਨ ਗਏ ਬਲਜਿੰਦਰ ਸਿੰਘ ਨੇ ਖ਼ੁਦ ਦਰਸ਼ਨਾਂ ਲਈ ਵੈੱਬਸਾਈਟ ’ਤੇ ਅਪਲਾਈ ਕਰਦਿਆਂ ਮੈਨੂੰ ਵੀ ਦਰਸ਼ਨਾਂ ਲਈ ਜਾਣ ਬਾਰੇ ਕਿਹਾ। ਸ੍ਰੀ ਕਰਤਾਰਪੁਰ ਸਾਹਿਬ ਦੇ ਦੀਦਾਰਿਆਂ ਦੇ ਬਣਦੇ ਸਬੱਬ ਤੋਂ ਸੁਭਾਗਾ ਸਮਾਂ ਹੋਰ ਭਲਾ ਕਿਹੜਾ ਹੋ ਸਕਦਾ ਸੀ। ਮੈਂ ਝੱਟ ਹਾਮੀ ਭਰ ਦਿੱਤੀ। ਸਾਡੀ ਅਰਜ਼ੀਆਂ ਦੇਣ ਅਤੇ ਹੋਰ ਸਾਰੀ ਕਾਰਵਾਈ ਮਿੱਤਰ ਹਰਜੀਤ ਸਿੰਘ ਖੇੜੀ ਨੇ ਕੀਤੀ।
ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦਰਸ਼ਨਾਂ ਲਈ ਅਸੀਂ 2 ਜਨਵਰੀ 2025 ਨੂੰ ਜਾਣਾ ਸੀ। ਹਰਜੀਤ ਸਿੰਘ ਖੇੜੀ ਨੇ 1 ਜਨਵਰੀ 2025 ਨੂੰ ਸਵੇਰੇ ਸਾਢੇ ਸੱਤ ਕੁ ਵਜੇ ਦੇ ਕਰੀਬ ਆਪਣੇ ਸੱਤ ਮਿੱਤਰਾਂ ਸਮੇਤ ਟੈਂਪੂ ਟਰੈਵਲਰ ਰਾਹੀਂ ਆਪਣੇ ਪਿੰਡ ਖੇੜੀ ਖੁਰਦ ਤੋਂ ਬਰਨਾਲੇ ਵੱਲ ਚਾਲੇ ਪਾ ਲਏ। ਅਸੀਂ ਪੰਜ ਮੈਂਬਰਾਂ ਨੇ ਬਰਨਾਲੇ ਤੋਂ ਨਾਲ ਰਲਣਾ ਸੀ। ਕਈ ਦਿਨਾਂ ਦੀ ਖਿੜੀ ਧੁੱਪ ਉਪਰੰਤ ਉਸ ਦਿਨ ਕਾਫ਼ੀ ਧੁੰਦ ਪਈ ਸੀ।
ਬਰਨਾਲੇ ਇਕੱਠੇ ਹੋ ਕੇ ਅਸੀਂ ਸਾਰੇ ਜੈਕਾਰਿਆਂ ਦੀ ਗੂੰਜ ਨਾਲ ਯਾਤਰਾ ’ਤੇ ਨਿਕਲ ਪਏ। ਅਸੀਂ ਹਰੀਕੇ ਪੱਤਣ ਹੁੰਦੇ ਹੋਏ ਗੋਇੰਦਵਾਲ ਸਾਹਿਬ ਅਤੇ ਖਡੂਰ ਸਾਹਿਬ ਵਿਖੇ ਸੁਸ਼ੋਭਿਤ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕੀਤੇ ਅਤੇ ਲੰਗਰ ਛਕਿਆ। ਉਪਰੰਤ ਕਲਾਨੌਰ ਵਿਖੇ ਤਖ਼ਤ-ਏ-ਅਕਬਰੀ ਵੇਖਿਆ। ਇੱਥੋਂ ਚਾਲੇ ਪਾਉਂਦਿਆਂ ਅਸੀਂ ਵਾਇਆ ਬਟਾਲਾ ਸਿੱਧਾ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਵਿਖੇ ਰੁਕੇ। ਇੱਥੇ ਪਹੁੰਚਣ ਤੱਕ ਧੁੰਦ ਦੀ ਚਾਦਰ ਮੁੜ ਬਹੁਤ ਗਹਿਰੀ ਹੋ ਚੁੱਕੀ ਸੀ।
ਤਕਰੀਬਨ ਛੇ ਕੁ ਵਜੇ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਪਹੁੰਚ ਸਭ ਤੋਂ ਪਹਿਲਾਂ ਕਮਰੇ ਬੁੱਕ ਕਰਵਾਏ। ਗੁਰਦੁਆਰਾ ਪ੍ਰਬੰਧਕਾਂ ਵੱਲੋਂ ਸਾਨੂੰ ਤੇਰਾਂ ਮੈਂਬਰਾਂ ਨੂੰ ਤਿੰਨ ਕਮਰੇ ਅਲਾਟ ਕਰ ਦਿੱਤੇ ਗਏ। ਕਮਰਿਆਂ ’ਚ ਸਾਮਾਨ ਰੱਖਣ ਉਪਰੰਤ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇੱਥੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੇ ਠਹਿਰਨ ਸਮੇਤ ਤਮਾਮ ਹੋਰ ਪ੍ਰਬੰਧ ਬਹੁਤ ਵਧੀਆ ਤਰੀਕੇ ਨਾਲ ਕੀਤੇ ਗਏ ਹਨ, ਪਰ ਸੰਗਤਾਂ ਦੀ ਗਿਣਤੀ ਬਹੁਤ ਘੱਟ ਸੀ। ਲੰਗਰ ਪ੍ਰਸ਼ਾਦਾ ਛਕਣ ਉਪਰੰਤ ਅਸੀਂ ਡੇਰਾ ਬਾਬਾ ਨਾਨਕ ਦੇ ਬਾਜ਼ਾਰ ਵਿੱਚੋਂ ਲੰਘਦਿਆਂ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਵਿਖੇ ਪਹੁੰਚ ਕੇ ਬਾਬਾ ਨਾਨਕ ਦੇ ਚੋਲਾ ਸਾਹਿਬ ਦੇ ਦਰਸ਼ਨ ਕੀਤੇ। ਇੱਥੋਂ ਵਾਪਸ ਕਮਰਿਆਂ ’ਚ ਆ ਸਵੇਰੇ ਸਮੇਂ ਸਿਰ ਚਾਲੇ ਪਾਉਣ ਦੀਆਂ ਵਿਉਂਤਾਂ ਨਾਲ ਸੌਂ ਗਏ।
ਅਗਲੀ ਸਵੇਰ ਸਾਡੇ ਸਾਰੇ ਮੈਂਬਰ ਸਮੇਂ ਸਿਰ ਤਿਆਰ ਸਨ। ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਸਹੀ ਸਵਾ ਕੁ ਅੱਠ ਵਜੇ ਟੈਂਪੂ ਟਰੈਵਲਰ ਰਾਹੀਂ ਅਸੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵੱਲ ਚਾਲੇ ਪਾ ਦਿੱਤੇ। ਸੁਰੱਖਿਆ ਕਰਮੀ ਲੜਕੀ ਨੇ ਗੇਟ ’ਤੇ ਸਾਡੇ ਦਸਤਾਵੇਜ਼ਾਂ ਦੀ ਚੈਕਿੰਗ ਕਰਨ ਉਪਰੰਤ ਸਾਨੂੰ ਸਿਰਫ਼ ਕੋਰੋਨਾ ਰਿਪੋਰਟ ਅਤੇ ਈ-ਟਰੈਵਲ ਟਿਕਟ ਸਮੇਤ ਅਸਲੀ ਪਾਸਪੋਰਟ ਕੋਲ ਰੱਖਣ ਲਈ ਕਿਹਾ ਜਦੋਂਕਿ ਅਸੀਂ ਪਾਸਪੋਰਟ ਅਤੇ ਆਧਾਰ ਕਾਰਡ ਦੀਆਂ ਕਾਪੀਆਂ ਵੀ ਨਾਲ ਨੱਥੀ ਕੀਤੀਆਂ ਹੋਈਆਂ ਸਨ। ਇੱਥੋਂ ਹਰੀ ਝੰਡੀ ਮਿਲਣ ਉਪਰੰਤ ਅਸੀਂ ਪਾਰਕਿੰਗ ਖੇਤਰ ਵਿੱਚ ਪਹੁੰਚੇ ਤਾਂ ਇੱਕ ਸਾਥੀ ਦਾ ਮੋਬਾਈਲ ਨਹੀਂ ਸੀ ਮਿਲ ਰਿਹਾ। ਉਹ ਸ਼ਾਇਦ ਗੁਰਦੁਆਰਾ ਸਾਹਿਬ ਦੇ ਕਮਰੇ ਵਿੱਚ ਭੁੱਲ ਆਇਆ ਸੀ। ਸਾਨੂੰ ਪਾਰਕਿੰਗ ਖੇਤਰ ਵਿੱਚ ਉਤਾਰ ਹਰਜੀਤ ਖੇੜੀ ਉਸ ਸਾਥੀ ਸਮੇਤ ਗੁਰਦੁਆਰਾ ਸ੍ਰੀ ਡੇਰਾ ਬਾਬਾ ਨਾਨਕ ਸਾਹਿਬ ਵੱਲ ਮੋਬਾਈਲ ਲੱਭਣ ਚਲੇ ਗਏ। ਉਨ੍ਹਾਂ ਦੇ ਵਾਪਸ ਆਉਣ ਤੱਕ ਅਸੀਂ ਸੁੰਦਰ ਫੁੱਲ ਬੂਟਿਆਂ ਅਤੇ ਬੁੱਤਾਂ ਨਾਲ ਸਜਾਏ ਪਾਰਕਿੰਗ ਖੇਤਰ ’ਚ ਗੇੜਾ ਲਗਾਇਆ। ਪਾਰਕਿੰਗ ਖੇਤਰ ਦੇ ਨਾਲ ਹੀ ਬਣੀ ਇਕਲੌਤੀ ਦੁਕਾਨ ਤੋਂ ਰੁਮਾਲਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲੰਗਰਾਂ ਲਈ ਸਮੱਗਰੀ ਖਰੀਦ ਅਸੀਂ ਚੈਕਿੰਗ ਖੇਤਰ ਵਿੱਚ ਦਾਖਲ ਹੋਏ। ਇਸ ਵਿਸ਼ਾਲ ਇਮਾਰਤ ਵਾਲੇ ਖੇਤਰ ’ਚ ਏਅਰਪੋਰਟ ਦੀ ਤਰਜ਼ ’ਤੇ ਚੈਕਿੰਗ ਦੇ ਤਿੰਨ ਚਾਰ ਪੜਾਵਾਂ ਵਿੱਚੋਂ ਲੰਘਦਿਆਂ ਅਸੀਂ ਬਾਹਰ ਨਿਕਲੇ ਤਾਂ ਭਾਰਤ ਸਰਕਾਰ ਦੇ ਈ-ਰਿਕਸ਼ਾ ’ਚ ਸਵਾਰ ਹੋ ਕੇ ਕੌਮਾਂਤਰੀ ਲਕੀਰ ਵੱਲ ਨੂੰ ਚਾਲੇ ਪਾ ਦਿੱਤੇ। ਇੱਥੇ ਫਿਰ ਸੁਰੱਖਿਆ ਕਰਮੀਆਂ ਨੇ ਸਾਡੇ ਦਸਤਾਵੇਜ਼ਾਂ ਦੀ ਚੈਕਿੰਗ ਕੀਤੀ ਅਤੇ ਸਾਨੂੰ ਅੱਗੇ ਵਧਣ ਦੀ ਇਜਾਜ਼ਤ ਦਿੱਤੀ। ਭਾਰਤ-ਪਾਕਿਸਤਾਨ ਸਰਹੱਦ ਦੀ ਪਾਰ ਕਰਦਿਆਂ ਹੀ ਅਸੀਂ ਬਾਬਾ ਨਾਨਕ ਦੀ ਧਰਤੀ ਨੂੰ ਨਮਸਕਾਰ ਕਰ ਅੱਗੇ ਵਧੇ ਤਾਂ ਪਾਕਿਸਤਾਨ ਸਰਕਾਰ ਦੀਆਂ ਚੰਡੀਗੜ੍ਹ ਟਰਾਂਸਪੋਰਟ ਵਰਗੀਆਂ ਨਵੀਆਂ ਨਕੋਰ ਅਤੇ ਸੁੰਦਰ ਬੱਸਾਂ ਭਾਰਤੀ ਯਾਤਰੀਆਂ ਦੀ ਉਡੀਕ ਕਰ ਰਹੀਆਂ ਸਨ। ਬੱਸ ’ਚ ਸਵਾਰ ਹੋ ਕੇ ਅਸੀਂ ਅੱਗੇ ਵਧਣ ਲੱਗੇ। ਤਕਰੀਬਨ ਅੱਧਾ ਕੁ ਕਿਲੋਮੀਟਰ ਦੇ ਸਫ਼ਰ ਉਪਰੰਤ ਪਾਕਿਸਤਾਨ ਦਾ ਚੈਕਿੰਗ ਖੇਤਰ ਆ ਗਿਆ। ਬੱਸ ’ਚੋਂ ਉੱਤਰੇ ਤਾਂ ਕਾਊਂਟਰ ’ਤੇ ਬੈਠੇ ਪਾਕਿਸਤਾਨੀ ਦੂਰੋਂ ਹੀ ਹੱਥ ਨਾਲ ਕੋਲ ਬੁਲਾ ਰਹੇ ਸਨ। ਅਸੀਂ ਕੋਲ ਗਏ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਇਨ੍ਹਾਂ ਕਾਊਂਟਰਾਂ ਤੋਂ ਭਾਰਤੀ ਕਰੰਸੀ ਨੂੰ ਪਾਕਿਸਤਾਨੀ ਕਰੰਸੀ ’ਚ ਤਬਦੀਲ ਕਰਵਾ ਲਉ ਅਤੇ ਅੱਗੇ ਕਾਊਂਟਰ ’ਤੇ ਵੀਹ ਅਮਰੀਕੀ ਡਾਲਰ ਯਾਤਰੀ ਫੀਸ ਜਮ੍ਹਾਂ ਕਰਵਾ ਦਿਓ। ਅਸੀਂ ਸਭ ਨੇ ਆਪੋ ਆਪਣੀ ਜ਼ਰੂਰਤ ਅਨੁਸਾਰ ਭਾਰਤੀ ਕਰੰਸੀ ਬਦਲੇ ਪਾਕਿਸਤਾਨੀ ਕਰੰਸੀ ਲੈ ਲਈ। ਇਨ੍ਹਾਂ ਨੇ ਸਾਨੂੰ ਭਾਰਤੀ ਕਰੰਸੀ ਤੋਂ ਦੋ ਰੁਪਏ ਅੱਸੀ ਪੈਸੇ ਜ਼ਿਆਦਾ ਦੇ ਹਿਸਾਬ ਨਾਲ ਪਾਕਿਸਤਾਨੀ ਕਰੰਸੀ ਦੇ ਦਿੱਤੀ। ਸਬੰਧਿਤ ਕਾਊਂਟਰ ’ਤੇ ਵੀਹ ਅਮਰੀਕੀ ਡਾਲਰ ਫੀਸ ਜਮ੍ਹਾਂ ਕਰਵਾਉਂਦਿਆਂ ਰਸੀਦ ਪ੍ਰਾਪਤ ਕਰਕੇ ਅਸੀਂ ਪਾਕਿਸਤਾਨੀ ਚੈਕਿੰਗ ਇਮਾਰਤ ’ਚ ਦਾਖਲ ਹੋਏ। ਸਾਮਾਨ ਦੀ ਸਕੈਨਿੰਗ ਅਤੇ ਦਸਤਾਵੇਜ਼ਾਂ ਦੀ ਚੈਕਿੰਗ ੳੇਪਰੰਤ ਬਾਹਰ ਨਿਕਲੇ ਤਾਂ ਅੱਗੇ ਫਿਰ ਪਾਕਿਸਤਾਨ ਦੀ ਨਵੀਂ ਨਕੋਰ ਬੱਸ ’ਚ ਸਵਾਰ ਹੋ ਚਾਲੇ ਪਾ ਦਿੱਤੇ।ਤਕਰੀਬਨ ਅੱਧਾ ਕੁ ਕਿਲੋਮੀਟਰ ਦੀ ਦੂਰੀ ’ਤੇ ਫਿਰ ਚੈਕਿੰਗ ਖੇਤਰ ਆਇਆ। ਬੱਸ ’ਚੋਂ ਉਤਰ ਕੇ ਅਸੀਂ ਸਾਮਾਨ ਦੀ ਸਕੈਨਿੰਗ ਕਰਵਾਈ ਅਤੇ ਦਸਤਾਵੇਜ਼ ਚੈੱਕ ਕਰਵਾਏ। ਇਸ ਮਗਰੋਂ ਇੱਕ ਸਾਧਾਰਨ ਜਿਹੀ ਇਮਾਰਤ ਵਿੱਚ ਦੋ ਪਾਕਿਸਤਾਨੀ ਕੁੜੀਆਂ ਫਿਰ ਪਾਸਪੋਰਟ ਚੈੱਕ ਕਰ ਰਹੀਆਂ ਸਨ।ਇਸ ਚੈਕਿੰਗ ਉਪਰੰਤ ਦਰਸ਼ਨੀ ਡਿਉਢੀ ਕੋਲ ਗਏ ਤਾਂ ਇੱਕ ਪਾਕਿਸਤਾਨੀ ਕਰਮੀ ਨੇ ਸਭ ਯਾਤਰੀਆਂ ਦਾ ਪੰਜਾਬੀ ਭਾਸ਼ਾ ’ਚ ਬਹੁਤ ਪਿਆਰੇ ਲਹਿਜੇ ਨਾਲ ਸਵਾਗਤ ਕੀਤਾ ਅਤੇ ਗੁਰਦੁਆਰਾ ਸਾਹਿਬ ਦੇ ਰਸਤੇ ਸਮੇਤ ਸਰੋਵਰ, ਲੰਗਰ ਹਾਲ ਅਤੇ ਮਾਰਕੀਟ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਸਰਕਾਰੀ ਹਦਾਇਤਾਂ ਤੋਂ ਵੀ ਜਾਣੂੰ ਕਰਵਾਇਆ।ਹਦਾਇਤਾਂ ਅਤੇ ਜਾਣਕਾਰੀ ਹਾਸਿਲ ਕਰ ਅੱਗੇ ਵਧੇ ਤਾਂ ਇਮਾਰਤ ਦੇ ਸੱਜੇ ਹੱਥ ਜੋੜਾ ਘਰ ਸੀ ਅਤੇ ਸਾਹਮਣੇ ਇੱਕ ਕਾਊਂਟਰ ’ਤੇ ਯਾਤਰੀਆਂ ਵੱਲੋਂ ਲੰਗਰਾਂ ਲਈ ਲਿਆਂਦੀ ਸਮੱਗਰੀ ਪ੍ਰਾਪਤ ਕੀਤੀ ਜਾ ਰਹੀ ਸੀ। ਜੁੱਤੇ ਇਕੱਠੇ ਉਤਾਰਨ ਲਈ ਉਨ੍ਹਾਂ ਸਾਨੂੰ ਬੋਰੀਆਂ ਦੇ ਦਿੱਤੀਆਂ। ਬੋਰੀ ਜੁੱਤਿਆਂ ਦੀ ਭਰ ਅਸੀਂ ਜਮ੍ਹਾਂ ਕਰਵਾ ਦਿੱਤੀ। ਕੁਝ ਸਾਥੀਆਂ ਨੇ ਲੰਗਰ ਵਾਲੀ ਸਮੱਗਰੀ ਜਮ੍ਹਾਂ ਕਰਵਾ ਦਿੱਤੀ। ਉਪਰੰਤ ਸਰੋਵਰ ’ਚ ਹੱਥ ਮੂੰਹ ਧੋਤੇ।ਜ਼ਿਆਦਾ ਠੰਢ ਕਾਰਨ ਅਤੇ ਸ਼ਾਇਦ ਸਮੇਂ ਦੀ ਘਾਟ ਕਾਰਨ ਕੋਈ ਵੀ ਯਾਤਰੀ ਇਸ਼ਨਾਨ ਕਰਦਾ ਨਜ਼ਰ ਨਹੀਂ ਆਇਆ। ਸਰੋਵਰ ਤੋਂ ਅੱਗੇ ਵਧੇ ਤਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਨਜ਼ਰੀਂ ਪਈ। ਇਸ ਪਵਿੱਤਰ ਧਰਤੀ ’ਤੇ ਨਤਮਸਤਕ ਹੋਣ ਦਾ ਅਵਸਰ ਮਿਲਣ ’ਤੇ ਮਨ ਹੀ ਮਨ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਯਾਤਰੀ ਅੱਗੇ ਵਧ ਰਹੇ ਸਨ।ਗੁਰਦੁਆਰਾ ਸਾਹਿਬ ਦੀ ਪਹਿਲੀ ਮੰਜ਼ਿਲ ’ਤੇ ਸੁਸ਼ੋੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋ ਸਭ ਨੇ ਅਰਦਾਸਾਂ ਕੀਤੀਆਂ। ਏਨੀ ਦੇਰ ’ਚ ਗ੍ਰੰਥੀ ਸਿੰਘ ਨੇ ਮਾਈਕ ’ਚ ਸਾਨੂੰ ਦੱਸਿਆ ਕਿ ਜਿਸ ਕਿਸੇ ਨੇ ਵੀ ਅਰਦਾਸ ਕਰਵਾਉਣੀ ਹੈ, ਉਹ ਦੇਗ ਕਰਵਾ ਸਕਦਾ ਹੈ। ਗ੍ਰੰਥੀ ਸਿੰਘ ਨੇ ਬਹੁਤ ਹੀ ਦਿਲਕਸ਼ ਆਵਾਜ਼ ’ਚ ਸ੍ਰੀ ਜਪੁਜੀ ਸਾਹਿਬ ਦਾ ਪਾਠ ਕੀਤਾ। ਅਰਦਾਸ ਕੀਤੀ ਅਤੇ ਦੇਗ ਕਰਵਾਉਣ ਵਾਲੇ ਵਿਅਕਤੀਆਂ ਦਾ ਨਾਮ ਉਚਾਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਅਰਜ਼ੋਈ ਕੀਤੀ। ਅਰਦਾਸ ਉਪਰੰਤ ਗ੍ਰੰਥੀ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲਿਆ। ਪਾਠ ਦੀ ਸਮਾਪਤੀ ਉਪਰੰਤ ਅਸੀਂ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਾਪਤ ਕਰ ਕੇ ਸ੍ਰੀ ਦਰਬਾਰ ਸਾਹਿਬ ’ਚੋਂ ਜਾ ਹੀ ਰਹੇ ਸੀ ਕਿ ਰਾਗੀ ਸਿੰਘਾਂ ਨੇ ਬਹੁਤ ਹੀ ਰਸਭਿੰਨੀ ਆਵਾਜ਼ ’ਚ ਕੀਰਤਨ ਸ਼ੁਰੂ ਕਰ ਦਿੱਤਾ। ਸਮੇਂ ਦੀ ਘਾਟ ਕਾਰਨ ਅਸੀਂ ਬੇਸ਼ੱਕ ਬੈਠ ਕੇ ਕੀਰਤਨ ਸਰਵਣ ਨਹੀਂ ਕਰ ਸਕੇ, ਪਰ ਲਾਊਡ ਸਪੀਕਰਾਂ ਦੀ ਆਵਾਜ਼ ਜ਼ਰੀਏ ਉਹ ਰਸਭਿੰਨਾ ਕੀਰਤਨ ਸਾਰਾ ਦਿਨ ਸਾਡੇ ਕੰਨਾਂ ਵਿੱਚ ਰਸ ਘੋਲਦਾ ਰਿਹਾ। ਦਰਬਾਰ ਸਾਹਿਬ ਤੋਂ ਬਾਹਰ ਨਿਕਲ ਵਾਸ਼ਰੂਮਾਂ ਵੱਲ ਗਏ ਤਾਂ ਉੱਥੋਂ ਦੀ ਵਿਵਸਥਾ ਅਤੇ ਸਫ਼ਾਈ ਵਿਦੇਸ਼ ਦਾ ਭੁਲੇਖਾ ਪਾ ਰਹੀ ਸੀ। ਉਪਰੰਤ ਅਸੀਂ ਲੰਗਰ ਹਾਲ ’ਚ ਪਹੁੰਚ ਕੇ ਲੰਗਰ ਛਕਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਿੱਤਰਾਂ ਅਤੇ ਗੁਰਬਾਣੀ ਦੀਆਂ ਪਵਿੱਤਰ ਤੁਕਾਂ ਨਾਲ ਸ਼ਿੰਗਾਰੀ ਲੰਗਰ ਹਾਲ ਦੀ ਵਿਸ਼ਾਲ ਇਮਾਰਤ ਅਤੇ ਲੰਗਰ ਤਿਆਰ ਕਰਨ ਵਾਲੀ ਰਸੋਈ ਦੀ ਸਫ਼ਾਈ ਬਾਕਮਾਲ ਸੀ। ਲੰਗਰ ਹਾਲ ਤੋਂ ਬਾਹਰ ਨਿਕਲਦਿਆਂ ਪਾਕਿਸਤਾਨ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਮੇਲ ਹੋਇਆ। ਗੱਲਾਂਬਾਤਾਂ ਦਾ ਆਦਾਨ-ਪ੍ਰਦਾਨ ਹੋਇਆ ਅਤੇ ਯਾਦਗਾਰੀ ਤਸਵੀਰਾਂ ਕਰਵਾਈਆਂ। ਫਿਰ ਅਸੀਂ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਯਾਤਰੀਆਂ ਲਈ ਬਣੀ ਤਕਰੀਬਨ ਪੱਚੀ ਤੀਹ ਦੁਕਾਨਾਂ ਦੀ ਮਾਰਕੀਟ ਵਿੱਚ ਪਹੁੰਚ ਗਏ। ਬਾਕੀ ਦੁਕਾਨਾਂ ਨਾਲੋਂ ਕੱਪੜਿਆਂ ਦੀਆਂ ਦੁਕਾਨਾਂ ’ਤੇ ਭੀੜ ਜ਼ਿਆਦਾ ਸੀ।
ਮੌਸਮ ਥੋੜ੍ਹਾ ਸਾਫ਼ ਹੋਣ ਲੱਗਿਆ।
ਚਾਹ ਪੀਣ ਅਤੇ ਖਰੀਦਦਾਰੀ ਕਰਨ ਮਗਰੋਂ ਸਮਾਂ ਘਟਦਾ ਵੇਖ ਮਾਰਕੀਟ ’ਚੋਂ ਨਿਕਲ ਅਸੀਂ ਅਜਾਇਬਘਰ ਦੀ ਫੇਰੀ ਲਾਈ। ਇੱਥੋਂ ਨਿਕਲ ਕੇ ਗੁਰਦੁਆਰਾ ਸਾਹਿਬ ਦੇ ਵਿਹੜੇ ’ਚ ਖੇਤੀ ਸਾਹਿਬ ਵਾਲੇ ਪਾਸੇ ਸੁਸ਼ੋਭਿਤ ਵੱਡ-ਆਕਾਰੀ ਕਿਰਪਾਨ ਕੋਲ ਤਸਵੀਰਾਂ ਕਰਵਾਈਆਂ। ਕਈ ਮੈਂਬਰਾਂ ਨੇ ਬੋਤਲਾਂ ’ਚ ਪਾ ਕੇ ਵੇਚਿਆ ਜਾ ਰਿਹਾ ਪਵਿੱਤਰ ਜਲ ਖਰੀਦ ਲਿਆ। ਮੇਰੇ ਕੋਲ ਪਾਕਿਸਤਾਨੀ ਦੋ ਸੌ ਦਸ ਰੁਪਏ ਬਚਦੇ ਸਨ। ਭਾਰਤੀ ਸੁਰੱਖਿਆ ਕਰਮੀਆਂ ਨੇ ਜਾਣ ਸਮੇਂ ਸਾਨੂੰ ਹਦਾਇਤ ਕੀਤੀ ਸੀ ਕਿ ਪਾਕਿਸਤਾਨੀ ਕਰੰਸੀ ਦਾ ਇੱਕ ਸਿੱਕਾ ਨਾਲ ਲਿਆਉਣਾ ਵੀ ਅਪਰਾਧ ਹੈ। ਸੋ ਮੈਂ ਬਚਦੇ ਰੁਪਈਆਂ ਦੀ ਮੁੜ ਦਰਬਾਰ ਸਾਹਿਬ ’ਚ ਦੇਗ ਕਰਵਾ ਆਇਆ। ਉਦੋਂ ਤੱਕ ਬਾਕੀ ਮੈਂਬਰ ਵਾਪਸੀ ਲਈ ਜੋੜਾ ਘਰ ਕੋਲ ਪਹੁੰਚ ਕੇ ਆਪਣੇ ਜੁੱਤੇ ਪਹਿਨ ਚੁੱਕੇ ਸਨ। ਮੈਂ ਵੀ ਫਟਾਫਟ ਆਪਣੇ ਬੂਟ ਪਹਿਨ ਲਏ। ਵਾਪਸੀ ਦੌਰਾਨ ਹੀ ਖੇਤੀ ਸਾਹਿਬ ਵਾਲੇ ਪਾਸੇ ਖੇਤਾਂ ਅਤੇ ਫਸਲਾਂ ਦੇ ਦਰਸ਼ਨ ਕੀਤੇ।ਸਮਾਂ ਲਗਾਤਾਰ ਬੀਤ ਰਿਹਾ ਸੀ। ਬਾਕੀ ਯਾਤਰੀਆਂ ਸਮੇਤ ਅਸੀਂ ਵੀ ਵਾਪਸੀ ’ਤੇ ਪੜਤਾਲ ਕਰਵਾਉਣ ਲਈ ਕਤਾਰ ਵਿੱਚ ਲੱਗ ਗਏ। ਇੱਥੇ ਮੌਜੂਦ ਪਾਕਿਸਤਾਨੀ ਕੁੜੀਆਂ ਵੱਲੋਂ ਸਭ ਦੇ ਪਾਸਪੋਰਟ ਸਕੈਨ ਕੀਤੇ ਜਾ ਰਹੇ ਸਨ। ਪਾਸਪੋਰਟ ਸਕੈਨ ਕਰਵਾਉਣ ਤੋਂ ਵਿਹਲੇ ਹੋ ਰਹੇ ਯਾਤਰੀਆਂ ਨੂੰ ਵਾਪਸ ਲਿਜਾਣ ਲਈ ਪਾਕਿਸਤਾਨੀ ਬੱਸ ਤਿਆਰ ਖੜ੍ਹੀ ਸੀ। ਇਸ ਬੱਸ ’ਚ ਵਾਪਸੀ ਦਾ ਸਫ਼ਰ ਸ਼ੁਰੂ ਕਰਦਿਆਂ ਅਸੀਂ ਦੁਬਾਰਾ ਪਾਕਿਸਤਾਨੀ ਜਾਂਚ ਖੇਤਰਾਂ ਵਿੱਚ ਸਾਮਾਨ ਅਤੇ ਦਸਤਾਵੇਜ਼ਾਂ ਦੀ ਜਾਂਚ ਕਰਵਾਈ। ਇਹ ਪ੍ਰਕਿਰਿਆ ਪੂਰੀ ਹੋਣ ਉਪਰੰਤ ਪਾਕਿਸਤਾਨੀ ਬੱਸ ਸਾਨੂੰ ਭਾਰਤ ਪਾਕਿਸਤਾਨ ਸਰਹੱਦ ’ਤੇ ਉਤਾਰ ਗਈ। ਡਰਾਈਵਰ ਨੇ ਸਭ ਪੁਰਸ਼ ਸ਼ਰਧਾਲੂਆਂ ਨਾਲ ਹੱਥ ਮਿਲਾਇਆ ਅਤੇ ਔਰਤ ਸ਼ਰਧਾਲੂਆਂ ਨੂੰ ਹੱਥ ਜੋੜ ਜੋੜ ਫ਼ਤਹਿ ਬੁਲਾਈ। ਅਸੀਂ ਵੀ ਉਸ ਦਾ ਧੰਨਵਾਦ ਕੀਤਾ। ਭਾਰਤੀ ਖੇਤਰ ’ਚ ਦਾਖਲ ਹੋਣ ਸਮੇਂ ਸ਼ਾਮ ਦੇ ਤਕਰੀਬਨ ਚਾਰ ਵੱਜ ਚੁੱਕੇ ਸਨ। ਚਮਕਣ ਦੀ ਕੋਸ਼ਿਸ਼ ਕਰਦੇ ਸੂਰਜ ਨੇ ਧੁੰਦ ਹਟਾ ਕੇ ਹਲਕੀ ਹਲਕੀ ਧੁੱਪ ਦੀਆਂ ਕਿਰਨਾਂ ਬਿਖੇਰ ਦਿੱਤੀਆਂ ਸਨ। ਭਾਰਤੀ ਖੇਤਰ ਵਾਲੇ ਪਾਸੇ ਤਸਵੀਰਾਂ ਕਰਵਾਉਂਦੇ ਅਸੀਂ ਮੁੜ ਦਸਤਾਵੇਜ਼ਾਂ ਦੀ ਪੜਤਾਲ ਕਰਵਾਉਂਦੇ ਪਾਰਕਿੰਗ ਖੇਤਰ ਵਿੱਚ ਆ ਗਏ। ਤਕਰੀਬਨ ਸਾਢੇ ਕੁ ਚਾਰ ਵਜੇ ਅਸੀਂ ਜੈਕਾਰਿਆਂ ਦੀ ਗੂੰਜ ਨਾਲ ਵਾਪਸੀ ਦਾ ਸਫ਼ਰ ਸ਼ੁਰੂ ਕੀਤਾ। ਹਰੀਕੇ ਪੱਤਣ ਨੇੜੇ ਪਹੁੰਚੇ ਤਾਂ ਚਾਰੇ ਪਾਸੇ ਗਹਿਰੀ ਧੁੰਦ ਪਸਰ ਗਈ। ਖ਼ੈਰ, ਰਾਹ ਵਿੱਚ ਇੱਕ ਦੋ ਵਾਰ ਰੁਕ ਕੇ ਅਸੀਂ ਰਾਤ ਨੂੰ ਤਕਰੀਬਨ ਸਾਢੇ ਨੌਂ ਵਜੇ ਬਰਨਾਲਾ ਪਹੁੰਚ ਗਏ। ਸ਼ਰਧਾ ਅਤੇ ਹਾਸੇ ਠੱਠੇ ਦੇ ਸੰਗਮ ਦੀ ਇਹ ਯਾਤਰਾ ਮੇਰੇ ਜੀਵਨ ਦੀ ਅਭੁੱਲ ਯਾਤਰਾ ਬਣ ਗਈ ਹੈ। ਪਰਮਾਤਮਾ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਦੀ ਹਰ ਇੱਕ ਦੀ ਅਰਦਾਸ ਪ੍ਰਵਾਨ ਕਰੇ।
ਸੰਪਰਕ: 98786-05965

Advertisement
Advertisement

Advertisement
Author Image

Ravneet Kaur

View all posts

Advertisement