ਕਰਜ਼
ਸੁਖਜੀਤ ਸਿੰਘ ਵਿਰਕ
ਭਾਊ ਚਰਨਾ ਇਸ ਵਾਰ ਵੀ ਮਿਲਣ ਆਇਆ ਤਿੰਨ-ਚਾਰ ਦਿਨ ਮੇਰੇ ਕੋਲ ਰਹਿ ਕੇ ਗਿਆ। ਪਿਤਾ ਜੀ ਨੇ ਪੁੱਛਿਆ, “ਕੀ ਦਿੱਤਾ ਈ ਉਹਨੂੰ ਜਾਣ ਵੇਲੇ?”
“ਜੀ ਉਹੀ... ਉਹਦੀ ਪਸੰਦ ਦਾ ਕੁੜਤਾ ਚਾਦਰਾ, ਪੱਗ ਅਤੇ ਕੁਝ ਨਗਦੀ... ਮੈਂ ਹਮੇਸ਼ਾ ਮਾਣ-ਤਾਣ ਕਰ ਕੇ ਤੋਰਦਾ ਹਾਂ।”
“ਓਹ ਪੁੱਤਰ! ਜਿੰਨਾ ਮਰਜ਼ੀ ਮਾਣ-ਤਾਣ ਕਰ ਲੈ... ਪਰ ਤੂੰ ਉਹਦਾ ਕਰਜ਼ ਨਹੀਂ ਉਤਾਰ ਸਕਦਾ।”
ਬਚਪਨ ਵੇਲਿਆਂ ਦੀ ਪਿਤਾ ਜੀ ਦੀ ਦੱਸੀ ਭੇਤ-ਭਰੀ ਗੱਲ ਨੇ ਸਾਰੀ ਰਾਤ ਸੌਣ ਨਾ ਦਿੱਤਾ। ਹੈਰਾਨ ਸਾਂ ਕਿ ਪਿਤਾ ਜੀ ਵੱਲੋਂ ਬਹੁਤ ਜ਼ੋਰ ਪਾਉਣ ’ਤੇ ਵੀ ਉਹਨੇ ਮੁੰਦਰੀ ਦੀ ਕੀਮਤ ਲੈਣ ਤੋਂ ਕੋਰੀ ਨਾਂਹ ਕਰ ਦਿੱਤੀ ਸੀ।
ਬਚਪਨ ਵਿੱਚ ਸੁਰਤ ਸੰਭਾਲੀ ਤਾਂ ਉਹ ਸਾਡਾ ਕਾਮਾ ਸੀ, ਖੇਤਾਂ ਦਾ ਕਾਰ-ਮੁਖ਼ਤਾਰ। ਸਾਰੇ ਕੰਮ ਬੜੀ ਜਿ਼ੰਮੇਵਾਰੀ ਨਾਲ ਕਰਦਾ। ਨੇਕ ਦਿਲ ਤੇ ਸਾਊ ਇਨਸਾਨ। ਮੈਨੂੰ ਬਹੁਤ ਪਿਆਰ ਕਰਦਾ, ਅਕਸਰ ਆਪਣੇ ਮੋਢਿਆਂ ’ਤੇ ਚੁੱਕ ਕੇ ਘੁਮਾਉਂਦਾ। ਸ਼ਹਿਰ ਮੇਲੇ, ਦੁਸਹਿਰਾ ਦਿਖਾਉਣ ਲੈ ਜਾਂਦਾ ਤੇ ਖਾਣ ਪੀਣ ਦੀਆਂ ਚੀਜ਼ਾਂ ਲੈ ਕੇ ਦਿੰਦਾ ਉਹ ਬਹੁਤ ਖੁਸ਼ ਹੁੰਦਾ।
ਬਚਪਨ ਬੀਤਿਆ, ਜਵਾਨੀ ਦਾ ਪਹੁ-ਫੁਟਾਲਾ ਸੀ ਕਿ ਪਰਿਵਾਰ ਨੇ ਕਿਸੇ ਚੰਗੇ ਹਿੱਤ ਨੂੰ ਮੁੱਖ ਰੱਖ ਕੇ ਜ਼ਮੀਨ ਦਾ ਤਬਾਦਲਾ ਪੰਜਾਬ ਤੋਂ ਹਰਿਆਣਾ ਵਿੱਚ ਕਰ ਲਿਆ। ਉਨ੍ਹਾਂ ਸਮਿਆਂ ਵਿੱਚ ਨਾ ਫੋਨ ਸਹੂਲਤ, ਨਾ ਚਿੱਠੀ-ਪੱਤਰ ਲਿਖਣ ਦੀ ਜਾਚ ਤੇ ਨਾ ਕੋਈ ਅਤਾ ਪਤਾ। ਭਾਊ ਚਰਨਾ ਬੀਤੇ ਸਮੇਂ ਦੀ ਯਾਦ ਬਣ ਗਿਆ।
ਕਈ ਸਾਲ ਬੀਤ ਗਏ, ਮੈਂ ਪੜ੍ਹਨ ਤੋਂ ਬਾਅਦ ਪੁਲੀਸ ਵਿੱਚ ਭਰਤੀ ਹੋ ਗਿਆ ਅਤੇ 1994 ਵਿੱਚ ਮੋਰਿੰਡੇ ਥਾਣੇ ਵਿੱਚ ਮੁੱਖ ਅਫਸਰ ਤਾਇਨਾਤ ਸਾਂ ਕਿ ਕਿਧਰੋਂ ਅਤਾ-ਪਤਾ ਲੱਭ ਕੇ ਭਾਊ ਚਰਨਾ ਮੇਰੇ ਕੋਲ ਥਾਣੇ ਆਣ ਪੁੱਜਾ। ਮੈਂ ਦੂਰੋਂ ਹੀ ਦੇਖ ਲਿਆ ਤੇ ਭੱਜ ਕੇ ਜੱਫੀ ਪਾ ਕੇ ਮਿਲਿਆ। ਉਹ ਅੰਤਾਂ ਦਾ ਖੁਸ਼ ਸੀ ਅਤੇ ਮੇਰੀ ਖ਼ੁਸ਼ੀ ਦਾ ਵੀ ਕੋਈ ਟਿਕਾਣਾ ਨਹੀਂ ਸੀ। ਉਹ ਤਿੰਨ-ਚਾਰ ਦਿਨ ਮੇਰੇ ਕੋਲ ਰਿਹਾ। ਮੇਰੇ ਬਚਪਨ ਦੀਆਂ ਅਤੇ ਹੋਰ ਖੂਬ ਗੱਲਾਂ ਕੀਤੀਆਂ। ਜਾਣ ਵੇਲੇ ਉਹਦੀ ਪਸੰਦ ਦਾ ਕੁੜਤਾ, ਚਾਦਰਾ, ਪੱਗ ਅਤੇ ਕੁਝ ਨਗਦੀ ਮਾਣ ਵਜੋਂ ਦੇ ਕੇ ਵਿਦਾ ਕੀਤਾ। ਇਸ ਤੋਂ ਬਾਅਦ ਮੈਂ ਜਿੱਥੇ ਕਿਤੇ ਵੀ ਤਾਇਨਾਤ ਹੁੰਦਾ, ਉਹ ਪਤਾ ਲਾ ਲੈਂਦਾ ਅਤੇ ਸਾਲ ਦੋ ਸਾਲ ਬਾਅਦ ਆ ਜਾਂਦਾ। ਉਹੀ ਖ਼ੁਸ਼ੀ ਵਾਲੀਆਂ ਗੱਲਾਂ, ਤਿੰਨ-ਚਾਰ ਦਿਨ ਇਕੱਠੇ ਰਹਿਣਾ ਅਤੇ ਮਾਣ-ਤਾਣ ਨਾਲ ਵਿਦਾ ਕਰਨਾ ਬਹੁਤ ਸਕੂਨ ਦਿੰਦਾ ਪਰ ਮੈਂ ਹੈਰਾਨ ਸਾਂ ਕਿ ਮੁੰਦਰੀ ਦੀ ਗੱਲ ਉਹਨੇ ਕਦੇ ਵੀ ਨਹੀਂ ਸੀ ਕੀਤੀ ਸੀ। ਉਹਦੀ ਇਸ ਸਿਦਕ ਦਿਲੀ ਨੇ ਮੇਰੀ ਨਜ਼ਰ ਵਿੱਚ ਉਹਦਾ ਕੱਦ ਹੋਰ ਉੱਚਾ ਕਰ ਦਿੱਤਾ ਸੀ।
ਦਿਨ ਚੜ੍ਹਦੇ ਸਾਰ ਮੈਂ ਸਰਾਫ਼ੇ ਦੀ ਦੁਕਾਨ ਤੋਂ ਸਭ ਤੋਂ ਭਾਰੀ ਮੁੰਦਰੀ ਖਰੀਦ ਕੇ ਜੇਬ ਵਿੱਚ ਪਾ ਲਈ ਅਤੇ ਉਸ ਨੂੰ ਭਾਲਦਾ ਜਦੋਂ ਕੋਟਕਪੂਰੇ ਦੇ ਛੋਟੇ ਜਿਹੇ ਮੁਹੱਲੇ ਵਿੱਚ ਉਹਦੇ ਘਰ ਜਾ ਪੁੱਜਾ ਤਾਂ ਵਡੇਰੀ ਉਮਰ ਹੋਣ ਕਾਰਨ ਅੱਖਾਂ ਦੀ ਜੋਤ ਭਾਵੇਂ ਘਟ ਗਈ ਸੀ ਪਰ ਮੇਰੀ ਪਹਿਲੀ ਹੀ ਆਵਾਜ਼ ਤੋਂ ਪਛਾਣਦਿਆਂ ਉਹ ਮੇਰੀ ਆਮਦ ਤੋਂ ਹੈਰਾਨ ਪਰ ਬੇਹੱਦ ਖੁਸ਼ ਸੀ। ਸਬਰ ਸੰਤੋਖ ਵਿੱਚ ਸ਼ਾਂਤ ਖਿੜਿਆ ਚਿਹਰਾ ਪਰ ਹੱਥਾਂ ’ਤੇ ਪਏ ਅੱਟਣ ਅਤੇ ਪੈਰਾਂ ਦੀਆਂ ਬਿਆਈਆਂ ਅੱਜ ਵੀ ਉਹਦੇ ਮਿਹਨਤੀ ਹੋਣ ਦੀ ਗਵਾਹੀ ਭਰ ਰਹੀਆਂ ਸਨ।
ਨੇੜਲੀ ਕਿਸੇ ਦੁਕਾਨ ਤੋਂ ਲਿਆਂਦੇ ਬਿਸਕੁਟ ਜਦੋਂ ਚਾਹ ਦੇ ਕੱਪ ਨਾਲ ਉਸ ਮੇਰੇ ਅੱਗੇ ਕੀਤੇ ਤਾਂ ਬਿਸਕੁਟਾਂ ਵਿੱਚੋਂ ਉਠਦੀ ਮਹਿਕ ਬਚਪਨ ਦੀਆਂ ਯਾਦਾਂ ਵਿੱਚ ਲੈ ਗਈ। ਪਲ ਭਰ ਲਈ ਜਾਪਿਆ ਜਿਵੇਂ ਅੱਜ ਵੀ ਮੈਂ ਉਹਦੇ ਮੋਢਿਆਂ ’ਤੇ ਬੈਠਾ ਸਾਂ। ਚਾਹ ਪੀਂਦਿਆਂ ਉਹਦੇ ਹੱਥਾਂ ਵੱਲ ਨਜ਼ਰ ਮਾਰੀ, ਉਂਗਲਾਂ ਸੱਖਣੀਆਂ ਸਨ; ਸ਼ਾਇਦ ਉਹੀ ਇੱਕ ਮੁੰਦਰੀ ਸੀ ਜੋ ਮੈਂ ਬਚਪਨ ਵਿੱਚ... ਸੋਚ ਕੇ ਮਨ ਭਰ ਆਇਆ। ਮੈਂ ਤੁਰੰਤ ਜੇਬ ਵਿੱਚੋਂ ਮੁੰਦਰੀ ਕੱਢ ਕੇ ਉਹਦੀ ਉਂਗਲੀ ਵਿੱਚ ਪਾ ਦਿੱਤੀ। ਉਹ ਕਦੇ ਮੁੰਦਰੀ ਵੱਲ ਤੇ ਕਦੇ ਮੇਰੇ ਮੂੰਹ ਵੱਲ ਦੇਖ ਰਿਹਾ ਸੀ।
“ਭਾਊ ਤੇਰੀ ਮੁੰਦਰੀ... ਮੈਂ ਛੋਟੇ ਹੁੰਦਿਆਂ ਗੁਆ ਦਿੱਤੀ ਸੀ ਨਾ... ਸਮਝ ਲੈ ਅੱਜ ਲੱਭ ਲਿਆਇਆਂ...।”
ਉਏ ਤੈਨੂੰ ਕੀਹਨੇ ਦੱਸਿਐ।” ਮੈਨੂੰ ਘੁੱਟ ਕੇ ਗਲ਼ ਨਾਲ ਲਾਉਂਦਿਆਂ ਖੁਸੀ਼ ਅਤੇ ਮੋਹ ਦੇ ਹੰਝੂ ਉਹਦੀਆਂ ਅੱਖਾਂ ਵਿੱਚ ਛਲਕ ਆਏ ਸਨ। ਅਣਭੋਲ ਉਮਰ ਦਾ ਕਰਜ਼ ਉਤਾਰ ਕੇ ਮੈ ਸਕੂਨ ਮਹਿਸੂਸ ਕਰ ਰਿਹਾ ਸਾਂ।
ਸੰਪਰਕ: 98158-97878