ਕਰਜ਼ਾ ਲਾਹੁਣ ਲਈ ਦਸ ਲੱਖ ਦੀ ਫਿਰੌਤੀ ਮੰਗਣ ਵਾਲੇ ਕਾਬੂ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 30 ਜੂਨ
ਜ਼ਿਲ੍ਹਾ ਦਿਹਾਤੀ ਪੁਲੀਸ ਨੇ ਫੋਨ ਕਰਕੇ 10 ਲੱਖ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਕੋਲੋਂ 12 ਬੋਰ ਦੀ ਰਾਈਫਲ, ਪੰਜ ਕਾਰਤੂਸ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ। ਮੁਲਜ਼ਮਾਂ ਦੀ ਸ਼ਨਾਖਤ ਪਵਨਪ੍ਰੀਤ ਸਿੰਘ ਉਰਫ ਪਵਨ ਵਾਸੀ ਪਿੰਡ ਅਲਕੜੇ, ਕਾਰਜ ਪ੍ਰੀਤ ਸਿੰਘ ਉਰਫ ਕਾਰਜ ਵਾਸੀ ਪਿੰਡ ਸੋਹੀਆਂ ਖੁਰਦ ਅਤੇ ਰਾਜਨ ਉਰਫ ਕਾਲੂ ਵਾਸੀ ਪਿੰਡ ਰਾਮ ਦੀਵਾਲੀ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਪਵਨਦੀਪ ਉਰਫ ਪਵਨ ਹੈ, ਜਿਸ ਨੇ ਫਾਰਚੂਨਰ ਕਾਰ ਆਪਣੇ ਪਰਿਵਾਰ ਨੂੰ ਦੱਸੇ ਬਿਨਾਂ ਚੋਰੀ ਕਰਜ਼ਾ ਲੈ ਕੇ ਖਰੀਦੀ ਸੀ। ਪਵਨਦੀਪ ਵੱਲੋਂ ਇਸ ਕਰਜੇ ਦੇ ਭੁਗਤਾਨ ਲਈ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਗਿਆ ਸੀ।
ਐੱਸਐੱਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ 27 ਜੂਨ ਨੂੰ ਜੱਜ ਸਿੰਘ ਵਾਸੀ ਪਿੰਡ ਰਾਮਦਵਾਲੀ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਫੋਨ ਕਰਕੇ 10 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਇਹ ਫੋਨ ਕਾਲ ਇੱਕ ਪ੍ਰਾਈਵੇਟ ਨੰਬਰ ਤੋਂ ਆਈ ਸੀ ਪਰ ਉਨ੍ਹਾਂ ਇਸ ’ਤੇ ਧਿਆਨ ਨਾ ਦਿੱਤਾ। ਮੁੜ ਕੈਨੇਡਾ ਦੇ ਨੰਬਰ ਤੋਂ ਵਟਸਐਪ ਰਾਹੀਂ ਫੋਨ ਕਾਲ ਆਈ ਅਤੇ ਮੁੜ ਫਿਰੌਤੀ ਦੇ ਪੈਸਿਆਂ ਦੀ ਮੰਗ ਕਰਦਿਆਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ।
ਇਸ ਧਮਕੀ ਮਗਰੋਂ ਜੱਜ ਸਿੰਘ ਨੇ ਥਾਣਾ ਕੱਥੂ ਨੰਗਲ ਵਿੱਚ ਇਸ ਮਾਮਲੇ ਦੀ ਸ਼ਿਕਾਇਤ ਕੀਤੀ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਕੇਸ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ ਜਿਨ੍ਹਾਂ ਨੇ 24 ਘੰਟਿਆਂ ਦੌਰਾਨ ਹੀ ਧਮਕੀ ਦੇਣ ਦੇ ਦੋਸ਼ ਹੇਠ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਇਸ ਸਬੰਧ ਵਿੱਚ ਥਾਣਾ ਕੱਥੂਨੰਗਲ ਵਿੱਚ ਕੇਸ ਦਰਜ ਕੀਤਾ ਗਿਆ ਹੈ।