ਕਮਿਸ਼ਨਰ ਵੱਲੋਂ ਨਾਲਿਆਂ ਦੀ ਸਫ਼ਾਈ ਦਾ ਜਾਇਜ਼ਾ
ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 28 ਜੂਨ
ਜ਼ਿਲ੍ਹਾ ਨਗਰ ਕਮਿਸ਼ਨਰ ਅੰਬਾਲਾ ਵਰਿੰਦਰ ਲਾਠਰ (ਆਈਏਐੱਸ) ਨੇ ਅੱਜ ਨਰਾਇਣਗੜ੍ਹ ਸ਼ਹਿਰ ਵਿੱਚ ਨਾਲੀਆਂ ਦੀ ਸਫਾਈ ਅਤੇ ਘਰ-ਘਰ ਕੂੜਾ ਇਕੱਠਾ ਕਰਨ ਦੇ ਕੰਮ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ ਅਤੇ ਸ਼ਹਿਰ ਦੀ ਸਫਾਈ ਪ੍ਰਣਾਲੀ ਨੂੰ ਵਧੀਆ ਬਣਾਉਣ ਲਈ ਕਈ ਸੁਝਾਅ ਵੀ ਦਿੱਤੇ। ਇਸ ਮੌਕੇ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼ ਅਤੇ ਸੁੰਦਰ ਬਣਾਉਣ ਲਈ ਨਾਲੀਆਂ ਦਾ ਨਿਯਮਤ ਤੌਰ ‘ਤੇ ਨਿਰੀਖਣ ਅਤੇ ਸਫਾਈ ਕਰਨੀ ਜ਼ਰੂਰੀ ਹੈ।
ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਾਲੀਆਂ ਦੀ ਸਫਾਈ ਦੇ ਨਾਲ-ਨਾਲ ਡਰੇਨੇਜ ਸਿਸਟਮ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਬਰਸਾਤਾਂ ਦੌਰਾਨ ਸ਼ਹਿਰ ਵਿੱਚ ਪਾਣੀ ਭਰਨ ਦੀ ਸਮੱਸਿਆ ਨਾ ਆਵੇ।
ਨਿਰੀਖਣ ਦੌਰਾਨ, ਕਮਿਸ਼ਨਰ ਨੇ ਨਾਲਿਆਂ ਦੀ ਸਫਾਈ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਸਾਰੇ ਨਾਲਿਆਂ ਦੀ ਸਫਾਈ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਘਰ-ਘਰ ਕੂੜਾ ਇਕੱਠਾ ਕਰਨ ਦੇ ਕੰਮ ਦਾ ਵੀ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਦੇ ਸਾਰੇ ਖੇਤਰਾਂ ਵਿੱਚ ਨਿਯਮਤ ਤੌਰ ’ਤੇ ਕੂੜਾ ਇਕੱਠਾ ਕੀਤਾ ਜਾਵੇ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਆਪਣਾ ਕੂੜਾ ਸਿਰਫ ਨਿਰਧਾਰਤ ਥਾਂ ’ਤੇ ਹੀ ਸੁੱਟਣ।
ਕਮਿਸ਼ਨਰ ਨੇ ਇਹ ਵੀ ਕਿਹਾ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਨਿਗਰਾਨੀ ਕਰਨ ਅਤੇ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਨਿਰੀਖਣ ਦੌਰਾਨ ਕਮਿਸ਼ਨਰ ਨੇ ਨਾਲਿਆਂ ਦੀ ਸਫਾਈ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਸਾਰੇ ਨਾਲਿਆਂ ਦੀ ਸਫਾਈ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਵਾਰਡ ਨੰਬਰ 4 ਦੇ ਕੌਂਸਲਰ ਪ੍ਰਵੀਨ ਕੁਮਾਰ ਧੀਮਾਨ, ਨਗਰਪਾਲਿਕਾ ਨਰਾਇਣਗੜ੍ਹ ਦੇ ਸਕੱਤਰ ਮੋਹਿਤ ਕੁਮਾਰ, ਨਗਰ ਨਿਗਮ ਇੰਜਨੀਅਰ ਹਰੀਸ਼ ਕੁਮਾਰ, ਜੂਨੀਅਰ ਇੰਜਨੀਅਰ ਗੁਰਜੀਤ ਸਿੰਘ ਅਤੇ ਹੋਰ ਕਰਮਚਾਰੀ ਮੌਜੂਦ ਸਨ।