ਕਮਲ ਨਾਥ ਮਾਮਲੇ ਦੀ ਜਾਂਚ ਤੇਜ਼ੀ ਨਾਲ ਕਰਨ ਦੀ ਮੰਗ

ਦਿੱਲੀ ਤੋਂ ਸ਼੍ਰੋਮਣੀ ਕਮੇਟੀ ਲਈ ਨਾਮਜ਼ਦ ਮੈਂਬਰ ਹਰਮਨਜੀਤ ਸਿੰਘ ਪੱਤਰਕਾਰਾਂ ਦੇ ਸਵਾਲਾਂ ਦਾ ਜੁਆਬ ਦਿੰਦੇ ਹੋਏ।

ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਸਤੰਬਰ
ਦਿੱਲੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਨਾਮਜ਼ਦ ਮੈਂਬਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ ਮੈਂਬਰ ਹਰਮਨਜੀਤ ਸਿੰਘ ਨੇ ਮੰਗ ਕੀਤੀ ਕਿ ਕਾਂਗਰਸ ਦੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨਾਲ ਜੁੜੇ ਮਾਮਲੇ ਦੀ ਫਾਈਲ ਮੁੜ ਖੋਲ੍ਹੇ ਜਾਣ ਮਗਰੋਂ ਜਾਂਚ ਤੇਜ਼ੀ ਨਾਲ ਕੀਤੀ ਜਾਵੇ। ਗੁਰਦੁਆਰਾ ਸਿੰਘ ਸਭਾ ਰਾਜੌਰੀ ਗਾਰਡਨ ਵਿੱਚ ਉਨ੍ਹਾਂ ਕਿਹਾ ਕਿ ਦੇਰ ਨਾਲ ਹੀ ਕਮਲ ਨਾਥ ਮਾਮਲੇ ਨੂੰ ਜਾਂਚ ਦੇ ਦਾਇਰੇ ਵਿੱਚ ਲਿਆਂਦਾ ਗਿਆ ਹੈ ਪਰ ਜਾਂਚ ਤੇਜ਼ੀ ਨਾਲ ਹੋਵੇਗੀ ਤਾਂ ਗਵਾਹਾਂ ਦਾ ਭਰੋਸਾ ਵੀ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਗਵਾਹਾਂ ਮੁਖ਼ਤਿਆਰ ਸਿੰਘ ਤੇ ਸਾਬਕਾ ਪੱਤਰਕਾਰ ਸੰਜੇ ਸੂਰੀ ਨੂੰ ਪੂਰਨ ਸੁਰੱਖਿਆ ਦੇਣ ਲਈ ਕੌਮ ਮਿਲ ਕੇ ਉਪਰਾਲੇ ਕਰੇ ਤੇ ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਦੋਨਾਂ ਗਵਾਹਾਂ ਉਪਰ ਕਿਸੇ ਪ੍ਰਕਾਰ ਦਾ ਦਬਾਅ ਕਿਸੇ ਪਾਸੇ ਤੋਂ ਨਾ ਪੈ ਸਕੇ ਇਸ ਲਈ ਪ੍ਰਬੰਧ ਕੀਤੇ ਜਾਣ। ਸਤਨਾਮ ਸਿੰਘ ਬਜਾਜ ਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਮੈਂਬਰ ਨੇ ਕਿਹਾ ਕਿ ਪਹਿਲਾਂ ਹੀ 3 ਦਹਾਕੇ ਤੋਂ ਵਧ ਸਮਾਂ ਸੱਜਣ ਕੁਮਾਰ ਨੂੰ ਸਲਾਖ਼ਾਂ ਪਿੱਛੇ ਭੇਜਣ ਨੂੰ ਲੱਗਾ ਹੁਣ ਕਮਲ ਨਾਥ ਦੇ ਮਾਮਲੇ ਵਿੱਚ ਤੇਜ਼ੀ ਨਾਲ ਜਾਂਚ ਜ਼ਰੂਰੀ ਹੈ।

ਸਰਨਾ ਨੇ 1984 ਮਾਮਲੇ ਤੋਂ ਪੱਲਾ ਝਾੜਿਆ
ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕਮਲ ਨਾਥ ਨਾਲ ਜੁੜੇ ਮੁੱਕਦਮੇ ਨੂੰ ਬੀਤੇ ਦਿਨੀਂ ਐੱਸਆਈਟੀ ਵੱਲੋਂ ਖੋਲ੍ਹੇ ਜਾਣ ਦੇ ਸਬੰਧ ਵਿੱਚ ਪੁੱਛੇ ਗਏ ਸਵਾਲ ਬਾਰੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਉਨ੍ਹਾਂ ਦੀ ਜਦੋਂ ਭਾਈ ਰਣਜੀਤ ਸਿੰਘ ਕੋਲ 1987 ਦੌਰਾਨ ਸ਼ਿਕਾਇਤ ਕੀਤੀ ਗਈ ਸੀ ਕਿ ਉਹ (ਸਰਨਾ) ਕਥਿਤ ਬਰਗਲਾਅ ਰਹੇ ਹਨ, ਇਸ ਮਗਰੋਂ ਹੀ ਉਨ੍ਹਾਂ 1984 ਦੇ ਮਾਮਲਿਆਂ ਵਿੱਚ ਪੈਣਾ ਹੀ ਬੰਦ ਕਰ ਦਿੱਤਾ।