ਕਪਾਹ ਨਿਗਮ ਦੇ ਦਫ਼ਤਰ ਅੱਗੇ ਦੂਜੇ ਦਿਨ ਵੀ ਗਰਜੇ ਕਿਸਾਨ

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵਰਕਰ ਸੀਸੀਆਈ ਦਫ਼ਤਰ ਦਾ ਘਿਰਾਓ ਕਰ ਕੇ ਨਾਅਰੇਬਾਜ਼ੀ ਕਰਦੇ ਹੋਏ। ਫੋਟੋ: ਪਵਨ ਸ਼ਰਮਾ

ਮਨੋਜ ਸ਼ਰਮਾ
ਬਠਿੰਡਾ, 22 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਵੱਲੋਂ ਨਰਮੇ ਦੀ ਸਰਕਾਰੀ ਖ਼ਰੀਦ ਸ਼ੁਰੂ ਨਾ ਹੋਣ ’ਤੇ ਅੱਜ ਦੂਜੇ ਦਿਨ ਵੀ ਕਪਾਹ ਨਿਗਮ ਦਫ਼ਤਰ ਦਾ ਘਿਰਾਓ ਕਰ ਕੇ ਨਿਗਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਅੱਜ ਦੂਜੇ ਦਿਨ 4 ਜ਼ਿਲ੍ਹਿਆਂ ਦੇ ਆਗੂਆਂ ਵੱਲੋਂ ਪੰਜਾਬ ਦੇ ਆਗੂ ਕਾਕਾ ਸਿੰਘ ਕੋਟੜਾ, ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਪ੍ਰਗਟ ਸਿੰਘ ਫ਼ਾਜ਼ਿਲਕਾ ਤੇ ਬੋਘ ਸਿੰਘ ਮਾਨਸਾ ਨੇ ਦੋਸ਼ ਲਗਾਏ ਕਿ ਕਿਸਾਨੀ ਖ਼ਰਚੇ ਦਿਨੋਂ-ਦਿਨ ਵਧ ਰਹੇ ਹਨ ਪਰ ਸਮੇਂ ਦੀ ਸਰਕਾਰਾਂ ਤੇ ਖ਼ਰੀਦ ਏਜੰਸੀਆਂ ਵੱਲੋਂ ਨਿੱਜੀ ਕੰਪਨੀਆਂ ਨਾਲ ਸਮਝੌਤੇ ਤੇ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਨਰਮੇ ਨੂੰ ਮਿੱਥੇ ਰੇਟ 5450 ਤੋਂ ਵੀ ਖ਼ਰੀਦ ਕਰਨ ਤੋਂ ਪਾਸਾ ਵਟਿਆ ਜਾ ਰਿਹਾ ਹੈ। ਬੁਲਾਰਿਆਂ ਦੋਸ਼ ਲਗਾਇਆ ਕਿ ਸੀਸੀਆਈ ਵੱਲੋਂ ਨਰਮੇ ਦੀ ਸਰਕਾਰੀ ਖ਼ਰੀਦ ਨੂੰ ਯਕੀਨ ਬਣਾਉਣ ਦੀ ਬਜਾਏ ਨਰਮੇ ਦੀ 8 ਪ੍ਰਤੀਸ਼ਤ ਨਮੀ ਅਤੇ ਇਸ ਤੋਂ ਵੱਧ ਹੋਣ ’ਤੇ ਕਟੌਤੀ ਵਾਲੀ ਸ਼ਰਤ ਲਗਾ ਕੇ ਪਹਿਲਾਂ ਤੋਂ ਮਰ ਰਹੀ ਕਿਸਾਨੀ ਨੂੰ ਖੁਦਕੁਸ਼ੀਆਂ ਦੇ ਰਾਹ ਤੋਰਿਆ ਜਾ ਰਿਹਾ ਹੈ। ਉਨ੍ਹਾਂ ਖੇਤੀਬਾੜੀ ਵਿਭਾਗ ਵੱਲੋਂ ਨਰਮੇ ਸਬੰਧੀ ਲਗਾਏ ਜਾਂਦੇ ਸੈਮੀਨਾਰਾਂ ’ਤੇ ਉਂਗਲ ਚੁੱਕਦਿਆਂ ਕਿਹਾ ਖੇਤੀ ਸੈਕਟਰ ਵਿੱਚ ਨਰਮੇ ਹੇਠ ਰਕਬਾ ਵਧਾਉਣ ਦਾ ਕੋਈ ਲਾਭ ਨਹੀਂ ਰਹਿ ਜਾਂਦਾ। ਖ਼ਬਰ ਲਿਖੇ ਜਾਣ ਤੱਕ ਕਿਸਾਨ ਧਿਰਾਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਗੋਨਿਆਣਾ ਸੀਸੀਆਈ ਦੇ ਉੱਚ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਨਾਲ ਕਿਸਾਨਾਂ ਦੀ ਪੈਨਲ ਮੀਟਿੰਗ ਲਈ ਕੜੀ ਦਾ ਕੰਮ ਕਰ ਰਹੇ ਸਨ ਪਰ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਮੀਟਿੰਗ ਹਾਲੇ ਨੇਪਰੇ ਨਹੀਂ ਚੜ੍ਹੀ ਪਰ ਯੂਨੀਅਨ ਵੱਲੋਂ ਸੀਸੀਆਈ ਦਫ਼ਤਰ ਦੇ ਕਰਮਚਾਰੀਆਂ ਦਾ ਘਿਰਾਓ ਜਾਰੀ ਹੈ। ਉਨ੍ਹਾਂ ਕਿਹਾ ਕਿ ਸੀਸੀਆਈ ਨੂੰ ਸਰਕਾਰੀ ਰੇਟ ਤੇ ਨਰਮੇ ਦੀ ਖ਼ਰੀਦ ਕਰਨ ਲਈ ਮਜਬੂਰ ਕਰਨਗੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਕਿਸਾਨ ਸੜਕਾਂ ਜਾਮ ਕਰਨ ਤੋਂ ਗੁਰੇਜ਼ ਕਰਨਗੇ।

Tags :