ਕਪਾਹ ’ਤੇ ਚਿੱਟੀ ਮੱਖੀ ਅਤੇ ਹਰੇ ਤੇਲੇ ਦਾ ਹਮਲਾ

ਮਾਨਸਾ ਨੇੜੇ ਨਰਮੇ ਦੇ ਖੇਤ ਵਿਚ ਸਪਰੇਅ ਕਰਦੇ ਹੋਏ ਕਿਸਾਨ।

ਜੋਗਿੰਦਰ ਸਿੰਘ ਮਾਨ
ਮਾਨਸਾ, 12 ਅਗਸਤ
ਕਪਾਹ ਪੱਟੀ ਵਿਚ ਬੀਟੀ ਕਾਟਨ ਉੱਪਰ ਹਰੇ ਤੇਲੇ ਅਤੇ ਚਿੱਟੀ ਮੱਖੀ ਨੇ ਅਚਾਨਕ ਹਮਲਾ ਕਰ ਦਿੱਤਾ ਹੈ। ਇਸ ਤੋਂ ਘਬਰਾ ਕੇ ਕੁਝ ਕਿਸਾਨਾਂ ਨੇ ਆਪਣੀ ਫ਼ਸਲ ਦੇ ਬਚਾਅ ਲਈ ਸਪਰੇਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਖੇਤੀ ਵਿਭਾਗ ਨੇ ਕਿਸਾਨਾਂ ਨੂੰ ਵੇਖਾ-ਵੇਖੀ ਸਪੇਰਆਂ ਕਰਨ ਤੋਂ ਵਰਜਿਆ ਹੈ। ਮਹਿਕਮੇ ਦੇ ਮਾਹਿਰਾਂ ਨੇ ਇਸ ਹਮਲੇ ਨੂੰ ਮਾਮੂਲੀ ਮੰਨਿਆ ਹੈ ਅਤੇ ਇਸ ਨੂੰ ਈ.ਟੀ.ਐੱਲ ਲੈਵਲ ਤੋਂ ਥੱਲੇ ਕਰਾਰ ਦਿੱਤਾ ਹੈ।
ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਮੁੱਖ ਅਫ਼ਸਰ ਡਾ. ਗੁਰਮੇਲ ਸਿੰਘ ਚਾਹਲ ਨੇ ਖੇਤਾਂ ਦਾ ਦੌਰਾ ਕਰਨ ਮਗਰੋਂ ਦੱਸਿਆ ਕਿ ਹਰੇ ਤੇਲੇ ਤੇ ਚਿੱਟੀ ਮੱਖੀ ਦਾ ਭਾਵੇਂ ਕਿਤੇ-ਕਿਤੇ ਹਮਲਾ ਹੋ ਗਿਆ ਹੈ ਪਰ ਇਹ ਫਿਲਹਾਲ ਕਾਬੂ ਹੇਠ ਹੈ। ਇਸ ਤੋਂ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜੇ ਤਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਪਾਹ ਮਾਹਿਰਾਂ ਨੇ ਨਰਮੇ ਉੱਤੇ ਕਿਸੇ ਵੀ ਕਿਸਮ ਦੇ ਰੋਗ ਤੋਂ ਬਚਾਅ ਲਈ ਕੋਈ ਦਵਾਈ ਛਿੜਕਣ ਦੀ ਸਿਫਾਰਸ਼ ਨਹੀਂ ਕੀਤੀ ਹੈ। ਡਾ. ਚਾਹਲ ਨੇ ਕਿਹਾ ਕਿ ਕਿਸਾਨ ਨਰਮੇ ’ਤੇ ਨਿੰਮ ਦੀਆਂ ਨਿਮੋਲੀਆਂ ਦੀ ਸਪਰੇਅ ਕਰ ਸਕਦੇ ਹਨ। ਉਂਝ ਖੇਤੀਬਾੜੀ ਮਹਿਕਮੇ ਦੇ ਮਹਿਰਾਂ ਨੇ ਕਿਹਾ ਕਿ ਵੈਸੇ ਨਰਮੇ ਉੱਤੇ ਰਸ ਚੂਸਣ ਵਾਲੇ ਕੀੜਿਆਂ ਵਿਚੋਂ ਤੇਲਾ, ਚਿੱਟੀ ਮੱਖੀ ਬਹੁਤ ਖ਼ਤਰਨਾਕ ਹਨ ਅਤੇ ਇਹ ਜੁਲਾਈ ਤੋਂ ਸਤੰਬਰ ਦੇ ਮਹੀਨੇ ਤਕ ਇਸ ਫ਼ਸਲ ਦਾ ਨੁਕਸਾਨ ਕਰ ਸਕਦੇ ਹਨ। ਇਸੇ ਦੌਰਾਨ ਖੇਤੀਬਾੜੀ ਵਿਭਾਗ ਨੇ ਨਰਮੇ ਉਪਰ ਹਰੇ ਤੇਲੇ ਅਤੇ ਚਿੱਟੀ ਮੱਖੀ ਦੇ ਹਮਲੇ ਸਬੰਧੀ ਮੀਟਿੰਗ ਕਰ ਕੇ ਜ਼ਿਲ੍ਹੇ ਵਿਚਲੇ ਬਲਾਕ ਅਧਿਕਾਰੀਆਂ ਤੋਂ ਇਸ ਸਬੰਧੀ ਪੁੱਛਗਿੱਛ ਕੀਤੀ ਹੈ ਅਤੇ ਪੰਜਾਬ ਸਰਕਾਰ ਨੂੰ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਇਸ ਸਬੰਧੀ ਜਾਣੂ ਕਰਵਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੀ ਰਿਪੋਰਟ ਅਨੁਸਾਰ ਭਾਵੇਂ ਕਿਧਰੇ ਹਰੇ ਤੇਲੇ ਅਤੇ ਚਿੱਟੀ ਮੱਖੀ ਦੇ ਹਮਲੇ ਸਬੰਧੀ ਕੋਈ ਮੁੱਢਲੀ ਰਿਪੋਰਟ ਸਾਹਮਣੇ ਨਹੀਂ ਆਈ ਪਰ ਕਿਸਾਨਾਂ ਵੱਲੋਂ ਇਸ ਹਮਲੇ ਬਾਰੇ ਦੱਸਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਛੁੱਟੀਆਂ ਵਾਲੇ ਦਿਨ ਵੀ ਖੇਤਾਂ ਦਾ ਨਿਰੀਖਣ ਕਰਨ ਦੇ ਆਦੇਸ਼ ਦਿੱਤੇ ਗਏ ਹਨ।