ਕਤਲ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 2 ਫਰਵਰੀ
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਹਾਈ ਕੋਰਟ ਦੇ ਇੱਕ ਮੁਲਾਜ਼ਮ ਯਮ ਪ੍ਰਸਾਦ ਦੇ ਅੰਨੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਇੱਕ ਨਾਬਾਲਗ ਹੈ। ਮੁਲਜ਼ਮ ਦੀ ਪਛਾਣ ਹਰਿੰਦਰ ਸਿੰਘ ਵਾਸੀ ਪਿੰਡ ਖੁੱਡਾ ਅਲੀਸ਼ੇਰ (ਚੰਡੀਗੜ੍ਹ) ਵਜੋਂ ਹੋਈ ਹੈ। ਅੱਜ ਇੱਥੇ ਮੁਹਾਲੀ ਦੀ ਐੱਸਪੀ (ਡੀ) ਡਾ. ਜਯੋਤੀ ਯਾਦਵ ਅਤੇ ਐੱਸਪੀ ਸਿਟੀ ਹਰਵੀਰ ਸਿੰਘ ਅਟਵਾਲ ਨੇ ਦੱਸਿਆ ਕਿ ਮੁਲਜ਼ਮਾਂ ਨੇ ਇਸ ਵਾਰਦਾਤ ਨੂੰ ਪਿੰਡ ਕਾਂਸਲ ਵਿੱਚ ਅੰਜਾਮ ਦਿੱਤਾ ਸੀ। ਮੁਲਜ਼ਮਾਂ ਕੋਲੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਹੈ। ਇਸ ਸਬੰਧੀ ਮ੍ਰਿਤਕ ਦੇ ਬੇਟੇ ਗੋਬਿੰਦ ਵਾਸੀ ਨੇਪਾਲ ਹਾਲ ਵਾਸੀ ਨਵਾਂ ਗਰਾਓਂ ਦੀ ਸ਼ਿਕਾਇਤ ’ਤੇ ਕਤਲ ਦਾ ਪਰਚਾ ਦਰਜ ਕੀਤਾ ਗਿਆ ਸੀ।
ਜਾਣਕਾਰੀ ਅਨੁਸਾਰ ਯਮ ਪ੍ਰਸ਼ਾਦ ਪਿਛਲੇ 24 ਸਾਲਾਂ ਤੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੇਵਾਦਾਰ ਵਜੋਂ ਨੌਕਰੀ ਕਰਦਾ ਸੀ। 26 ਦਸੰਬਰ 2024 ਨੂੰ ਉਹ ਰੋਜ਼ਾਨਾ ਵਾਂਗ ਹਾਈਕੋਰਟ ਵਿੱਚ ਡਿਊਟੀ ’ਤੇ ਗਿਆ ਸੀ ਪਰ ਸ਼ਾਮ ਨੂੰ ਵਾਪਸ ਘਰ ਨਹੀਂ ਆਇਆ। ਪਰਿਵਾਰ ਨੇ ਆਪਣੇ ਪੱਧਰ ’ਤੇ ਕਾਫ਼ੀ ਭਾਲ ਕੀਤੀ ਪਰ ਕੋਈ ਉੱਗ ਸੁੱਗ ਨਹੀਂ ਮਿਲੀ। ਤਿੰਨ ਦਿਨਾਂ ਬਾਅਦ 29 ਦਸੰਬਰ ਨੂੰ ਪਿੰਡ ਕਾਂਸਲ ਦੇ ਖੇਤਾਂ ’ਚੋਂ ਪੁਲੀਸ ਨੇ ਯਮ ਪ੍ਰਸ਼ਾਦ ਦੀ ਲਾਸ਼ ਬਰਾਮਦ ਕੀਤੀ ਸੀ।
ਲੁੱਟ-ਖੋਹ ਦਾ ਮਾਮਲਾ ਸੁਲਝਾਇਆ
ਐੱਸਪੀ ਜਯੋਤੀ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਪੁਲੀਸ ਨੇ ਇਕ ਹੋਰ ਮਾਮਲਾ ਵੀ ਸੁਲਝਾ ਲਿਆ ਹੈ। ਇਨ੍ਹਾਂ ਮੁਲਜ਼ਮਾਂ ਨੇ ਹੀ 26 ਦਸੰਬਰ ਦੀ ਰਾਤ ਨੂੰ ਨੇਮਰਾਜ ਵਾਸੀ ਨੇਪਾਲ ਹਾਲ ਵਾਸੀ ਪਿੰਡ ਕਾਂਸਲ ਜੋ ਸੈਕਟਰ-7 ਵਿੱਚ ਨੌਕਰੀ ਕਰਦਾ ਹੈ, ਨੂੰ ਵੀ ਲੁੱਟ ਦਾ ਸ਼ਿਕਾਰ ਬਣਾਉਂਦਿਆਂ ਉਸ ਕੋਲੋਂ ਮੋਬਾਈਲ ਫੋਨ ਅਤੇ ਉਸ ਦਾ ਪਰਸ ਖੋਹਿਆ ਸੀ। ਇਸ ਸਬੰਧੀ ਵੱਖਰਾ ਪਰਚਾ ਦਰਜ ਕੀਤਾ ਗਿਆ ਹੈ।