ਕਤਲ ਕੇਸ ’ਚ ਨਾਮਜ਼ਦ ਮੁਲਜ਼ਮਾਂ ਦੇ ਨਜ਼ਦੀਕੀਆਂ ਨੇ ਜਾਂਚ ਮੰਗੀ

ਐੱਸਐੱਸਪੀ ਬਰਨਾਲਾ ਨੂੰ ਮਿਲਣ ਮੌਕੇ ਪਿੰਡ ਚੰਨਣਵਾਲ ਮਾਮਲੇ ’ਚ ਨਾਮਜ਼ਦ ਵਿਅਕਤੀਆਂ ਦੇ ਨਜ਼ਦੀਕੀ।

ਰਵਿੰਦਰ ਰਵੀ
ਬਰਨਾਲਾ, 10 ਸਤੰਬਰ
ਪਿੰਡ ਚੰਨਣਵਾਲ ਵਿੱਚ ਬੀਤੇ ਦਿਨੀਂ ਪਤਨੀ ਨੂੰ ਕਤਲ ਕਰਨ ਪਿੱਛੋਂ ਖੁਦਕੁਸ਼ੀ ਕਰਨ ਦੇ ਮਾਮਲੇ ‘ਚ ਨਾਮਜ਼ਦ ਵਿਅਕਤੀਆਂ ਦੇ ਨਜ਼ਦੀਕੀ ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੂੰ ਮਿਲੇ ਤੇ ਮਾਮਲੇ ਦੀ ਨਿਰਪੱਚ ਜਾਂਚ ਕਰਨ ਦੀ ਮੰਗ ਕੀਤੀ।
ਐੱਸਐੱਸਪੀ ਦਫ਼ਤਰ ਦੇ ਬਾਹਰ ਗੱਲਬਾਤ ਕਰਦਿਆਂ ਬਲਵਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ ਪਿੰਡ ਚੰਨਣਵਾਲ ’ਚ ਲੰਘੇ ਦਿਨੀਂ ਹੋਏ ਕਤਲ ਤੇ ਖੁਦਕੁਸ਼ੀ ਮਾਮਲੇ ‘ਚ ਮਹਿਲ ਕਲਾਂ ਦੀ ਪੁਲੀਸ ਨੇ ਮ੍ਰਿਤਕਾ ਦੀ ਧੀ ਦੇ ਬਿਆਨਾਂ ਦੇ ਆਧਾਰ ‘ਤੇ ਰਾਜੂ ਸਿੰਘ, ਜਗਤਾਰ ਸਿੰਘ ਤੇ ਹੈਪੀ ਸਿੰਘ ਸਮੇਤ ਸਤਨਾਮ ਸਿੰਘ ਵਾਸੀਆਨ ਚੰਨਣਵਾਲ ਖ਼ਿਲਾਫ਼ ਕੇਸ ਦਰਜ ਕੀਤਾ ਹੈ ਜੋ ਨਿਰਾਧਾਰ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਮਾਮਲੇ ‘ਚ ਨਾਮਜ਼ਦ ਵਿਅਕਤੀ ਨਿਰਦੋਸ਼ ਹਨ, ਜਿਨ੍ਹਾਂ ਨੂੰ ਜਾਣ- ਬੁੱਝ ਕੇ ਸ਼ਾਜਿਸ ਤਹਿਤ ਮਾਮਲੇ ਵਿੱਚ ਉਲਝਾਇਆ ਜਾ ਰਿਹਾ ਹੈ। ਕਤਲ ਕਰਨ ਅਤੇ ਖੁਦਕੁਸ਼ੀ ਕਰਨ ਦੇ ਮਾਮਲੇ ਨਾਲ ਨਾਮਜ਼ਦ ਵਿਅਕਤੀਆਂ ਦਾ ਕੋਈ ਵੀ ਲੈਣਾ- ਦੇਣਾ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਕਤਲ ਕਰਨ ਪਿੱਛੋਂ ਖੁਦਕੁਸ਼ੀ ਕਰਨ ਦੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ ਤੇ ਦੋਸੀਆਂ ਖਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਐੱਸਪੀ ਮਹਿਲ ਕਲਾਂ ਪ੍ਰੀਗਿਆ ਜੈਨ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਨਿਰਪੱਖ ਢੰਗ ਨਾਲ ਜਾਂਚ ਕਰਕੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।