For the best experience, open
https://m.punjabitribuneonline.com
on your mobile browser.
Advertisement

ਕਈ ਪਿੰਡਾਂ ਵਿੱਚ ਮੀਂਹ ਦਾ ਪਾਣੀ ਭਰਨ ਕਾਰਨ ਲੋਕ ਪ੍ਰੇਸ਼ਾਨ

05:21 AM Jun 30, 2025 IST
ਕਈ ਪਿੰਡਾਂ ਵਿੱਚ ਮੀਂਹ ਦਾ ਪਾਣੀ ਭਰਨ ਕਾਰਨ ਲੋਕ ਪ੍ਰੇਸ਼ਾਨ
ਯਮੁਨਾਨਗਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਹੋਈ ਤਬਾਹੀ ਦਿਖਾਉਂਦੇ ਹੋਏ ਕਾਂਗਰਸ ਆਗੂ।
Advertisement

ਦਵਿੰਦਰ ਸਿੰਘ
ਯਮੁਨਾਨਗਰ, 29 ਜੂਨ
ਮੈਦਾਨੀ ਅਤੇ ਪਹਾੜੀ ਖੇਤਰਾਂ ਵਿੱਚ ਪੈ ਰਹੇ ਲਗਾਤਾਰ ਮੀਂਹ ਕਾਰਨ ਬਰਸਾਤੀ ਨਦੀਆਂ ਪੂਰਾ ਪਾਣੀ ਭਰ ਕੇ ਚਲ ਰਹੀਆਂ ਹਨ । ਯਮੁਨਾਨਗਰ ਵਿੱਚ ਸੋਮ ਅਤੇ ਪਥਰਾਲਾ ਨਦੀਆਂ ਦੇ ਓਵਰਫਲੋਅ ਹੋਣ ਕਾਰਨ ਕਈ ਪਿੰਡ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ, ਕਈ ਪਿੰਡਾਂ ਵਿੱਚ ਹਜ਼ਾਰਾਂ ਏਕੜ ਫ਼ਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ ਅਤੇ ਪਾਣੀ ਸੜਕਾਂ ’ਤੇ ਆਉਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਕਾਂਗਰਸ ਆਗੂ ਸ਼ਿਆਮ ਸੁੰਦਰ ਬੱਤਰਾ ਨੇ ਹੜ੍ਹਾਂ ਤੋਂ ਪ੍ਰਭਾਵਿਤ ਕਈ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਬਰਸਾਤੀ ਨਦੀ ਦੇ ਪਾਣੀ ਦੇ ਦਾਖ਼ਲ ਹੋਣ ਕਾਰਨ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫ਼ਸਲਾਂ ਤਬਾਹ ਹੋ ਗਈਆਂ ਹਨ। ਮੌਸਮ ਵਿਭਾਗ ਦੀਆਂ ਲਗਾਤਾਰ ਚਿਤਾਵਨੀਆਂ ਅਤੇ ਭਵਿੱਖਬਾਣੀਆਂ ਦੇ ਬਾਵਜੂਦ, ਪ੍ਰਸ਼ਾਸਨ ਵੱਲੋਂ ਹੜ੍ਹ ਰੋਕਥਾਮ ਲਈ ਪ੍ਰਭਾਵਸ਼ਾਲੀ ਯਤਨ ਨਹੀਂ ਕੀਤੇ ਗਏ, ਨਤੀਜੇ ਵਜੋਂ, ਕਿਸਾਨ ਇੱਕ ਵਾਰ ਫਿਰ ਆਪਣੀਆਂ ਖੜ੍ਹੀਆਂ ਫ਼ਸਲਾਂ ਨੂੰ ਖੇਤਾਂ ਵਿੱਚ ਡੁੱਬਦੇ ਦੇਖਣ ਲਈ ਮਜਬੂਰ ਹਨ । ਉਨ੍ਹਾਂ ਕਿਹਾ ਕਿ ਮੀਂਹ ਅਤੇ ਦਰਿਆਵਾਂ ਵਿੱਚ ਪਾਣੀ ਦੇ ਵਾਧੇ ਕਾਰਨ ਖਾਨੂਵਾਲਾ, ਲੋਪਰਾਂ, ਤਿਹਾਨੋ, ਹੰਡੋਲੀ, ਖਾਨਪੁਰਾ, ਖਾਨਪੁਰੀ, ਬਲੋਲੀ, ਸੈਣੀ ਮਾਜਰਾ, ਉਰਜਨੀ, ਯਾਕੂਬਪੁਰ ਵਰਗੇ ਦਰਜਨਾਂ ਪਿੰਡਾਂ ਦੇ ਖੇਤਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਦਾਖ਼ਲ ਹੋ ਗਿਆ ਹੈ। ਗੰਨਾ, ਝੋਨਾ, ਮੱਕੀ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ । ਕਾਂਗਰਸੀ ਆਗੁ ਨੇ ਕਿਹਾ ਕਿ ਹਰ ਸਾਲ ਪਾਣੀ ਆਉਂਦਾ ਹੈ, ਹਰ ਸਾਲ ਫਸਲਾਂ ਡੁੱਬ ਜਾਂਦੀਆਂ ਹਨ, ਕਿਸਾਨਾਂ ਦੀ ਮਿਹਨਤ ਹਰ ਸਾਲ ਬਰਬਾਦ ਹੋ ਜਾਂਦੀ ਹੈ ਪਰ ਪ੍ਰਸ਼ਾਸਨ ਲਈ ਇਹ ਸਿਰਫ ਅੰਕੜੇ ਹਨ, ਅਧਿਕਾਰੀ ਸਿਰਫ਼ ਆਪਣੇ ਦਫ਼ਤਰਾਂ ਵਿੱਚ ਬੈਠ ਕੇ ਯੋਜਨਾਵਾਂ ਬਣਾਉਂਦੇ ਹਨ ਜੋ ਕਦੇ ਵੀ ਸਿਰੇ ਨਹੀਂ ਚੜ੍ਹਦੀਆਂ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਪਿੰਡ ਵਾਸੀਆਂ ਦੀ ਮੰਗ ਹੈ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਥਾਈ ਹੱਲ ਲਈ ਕੰਮ ਕੀਤਾ ਜਾਵੇ । ਇਸ ਦੌਰਾਨ ਸੁਖਦੇਵ ਸਿੰਘ, ਹਰਦੇਵ ਸਿੰਘ, ਫੂਲ ਸਿੰਘ ਸੈਣੀ, ਬੀਰ ਸਿੰਘ ਸੈਣੀ, ਜਸਬੀਰ ਸਿੰਘ, ਵਿਕਰਮ ਸਿੰਘ ਰਾਠੀ, ਰਿੰਕੂ, ਅਨਿਲ, ਸੁਰਿੰਦਰ ਸਿੰਘ, ਜੈ ਭਗਵਾਨ, ਸਤਨਾਮ ਸਿੰਘ, ਵਿਪਿਨ ਸ਼ਰਮਾ ਅਤੇ ਕਈ ਹੋਰ ਕਿਸਾਨਾਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਹਾਲਾਤ ਬਾਰੇ ਜਾਣਕਾਰੀ ਦਿੰਦੇ ਹੋਏ ਮੰਗ ਕੀਤੀ ਕਿ ਦਰਿਆਵਾਂ ਦੇ ਕੰਢਿਆਂ ’ਤੇ ਮਜ਼ਬੂਤ ​ਬੰਨ੍ਹ ਬਣਾਏ ਜਾਣ, ਬਰਸਾਤੀ ਪਾਣੀ ਦੀ ਸਹੀ ਨਿਕਾਸੀ ਪ੍ਰਣਾਲੀ ਹੋਣੀ ਚਾਹੀਦੀ ਹੈ ਅਤੇ ਕਿਸਾਨਾਂ ਨੂੰ ਬਿਨਾਂ ਦੇਰੀ ਕੀਤੇ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।

Advertisement

Advertisement
Advertisement
Advertisement
Author Image

Gopal Chand

View all posts

Advertisement