ਔਰਤਾਂ ਨੂੰ ਸੰਤੁਲਿਤ ਆਹਾਰ ਲੈਣ ਲਈ ਪ੍ਰੇਰਿਆ

ਸਿਰਸਾ: ‘ਮਹਿਲਾਵਾਂ ਵਿੱਚ ਖ਼ੂਨ ਦੀ ਕਮੀ ਤੇ ਬੱਚਿਆਂ ਦਾ ਕੁਪੋਸ਼ਣ ਦਾ ਸ਼ਿਕਾਰ ਹੋਣਾ ਬਹੁਤ ਹੀ ਗੰਭੀਰ ਵਿਸ਼ਾ ਹੈ। 52 ਫੀਸਦੀ ਮਹਿਲਾਵਾਂ ਵਿੱਚ ਖ਼ੂਨ ਦੀ ਕਮੀ ਅਤੇ 38 ਫੀਸਦੀ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਇਹ ਅੰਕੜਾ ਬਹੁਤ ਜ਼ਿਆਦਾ ਹੈ। ਸਿਹਤ ਤੇ ਮਹਿਲਾ ਅਤੇ ਬਾਲ ਵਿਭਾਗ ਦੇ ਨਾਲ ਨਾਲ ਪੰਚਾਇਤਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਆਪਸੀ ਤਾਲਮੇਲ ਦੇ ਨਾਲ ਜ਼ਮੀਨੀ ਪੱਧਰ ’ਤੇ ਕੰਮ ਕਰਨਾ ਹੋਵੇਗਾ ਤਾਂ ਹੀ ਪੋਸ਼ਣ ਅਭਿਆਨ ਨੂੰ ਸਫਲ ਬਣਾਇਆ ਜਾ ਸਕਦਾ ਹੈ। ਇਹ ਗੱਲ ਡਿਪਟੀ ਕਮਿਸ਼ਨਰ ਅਸ਼ੋਕ ਕੁਮਾਰ ਗਰਗ ਨੇ ਅੱਜ ਪੋਸ਼ਣ ਅਭਿਆਨ ਦੇ ਤਹਿਤ ਸਥਾਨਕ ਪੰਚਾਇਤ ਭਵਨ ਵਿੱਚ ਲਾਈ ਗਈ ਵਰਕਸ਼ਾਪ ਵਿੱਚ ਹਾਜ਼ਰ ਆਂਗਨਵਾੜੀ ਵਰਕਰ, ਆਸ਼ਾ ਵਰਕਰ ਅਤੇ ਹੈਲਪਰਾਂ ਨੂੰ ਸੰਬੋਧਨ ਕਰਦਿਆਂ ਕਹੀ। ਡਿਪਟੀ ਕਮਿਸ਼ਨਰ ਨੇ ਗਰਭਵਤੀ ਮਹਿਲਾਵਾਂ ਨੂੰ ਫਲਾਂ ਦੀ ਟੋਕਰੀਆਂ ਭੇਟ ਕੀਤੀਆਂ ਅਤੇ ਉਨ੍ਹਾਂ ਨੂੰ ਸੰਤੁਲਿਤ ਆਹਾਰ ਲੈਣ ਲਈ ਪ੍ਰੇਰਿਤ ਕੀਤਾ।
-ਨਿੱਜੀ ਪੱਤਰ ਪ੍ਰੇਰਕ