ਔਰਤਾਂ ਨੂੰ ਖੁੰਬਾਂ ਦੀ ਕਾਸ਼ਤ ਸਬੰਧੀ ਦੱਸਿਆ
ਪੱਤਰ ਪ੍ਰੇਰਕ
ਕੁੱਪ ਕਲਾਂ, 1 ਫਰਵਰੀ
ਸਬ-ਡਿਵੀਜ਼ਨ ਅਹਿਮਦਗੜ੍ਹ ਦੇ ਪਿੰਡ ਕੁੱਪ ਕਲਾਂ ਅਤੇ ਲਸੋਈ ਵਿੱਚ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਸਵੈ ਸਹਾਇਤਾ ਗਰੁੱਪਾਂ ਦੀਆਂ ਔਰਤਾਂ ਨੂੰ ਖੁੰਬਾਂ ਦੀ ਕਾਸ਼ਤ ਸਬੰਧੀ ਦੋ ਰੋਜਾ ਵਿਸ਼ੇਸ ਟਰੇਨਿੰਗ ਕੈਂਪ ਲਗਾਇਆ ਗਿਆ। ਸਬ-ਇੰਸਪੈਕਟਰ ਬਾਗਬਾਨੀ ਵਿਭਾਗ ਮਾਲੇਰਕੋਟਲਾ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਖੁੰਬਾਂ ਦੀ ਖੇਤੀ ਲਈ ਜਨਵਰੀ ਮਹੀਨਾ ਲਾਹੇਵੰਦ ਹੁੰਦਾ ਹੈ ਅਤੇ ਇਸ ਮਹੀਨੇ ਵਿੱਚ ਖੁੰਬਾਂ ਲਗਾ ਕਿ ਵਧੇਰੇ ਮੁਨਾਫਾ ਕਮਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਖੁੰਬਾਂ ਵਿੱਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ, ਵਿਟਾਮਿਨ, ਖਣਿਜ ਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਦਿਲ, ਕੈਂਸਰ, ਪਾਚਨ-ਤੰਤਰ, ਸ਼ੂਗਰ ਆਦਿ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ। ਲਖਵਿੰਦਰ ਸਿੰਘ ਨੇ ਦੱਸਿਆ ਕਿ ਣ ਤੱਕ ਬਲਾਕ ਅਹਿਮਦਗੜ੍ਹ ਦੇ ਲਗਪਗ 33 ਪਿੰਡਾਂ ਵਿੱਚ ਸਵੈ-ਸਹਾਇਤਾ ਸਮੂਹ ਬਣਾਏ ਜਾ ਚੁੱਕੇ ਹਨ। ਇਨ੍ਹਾਂ ਸਮੂਹਾਂ ਨੂੰ ਸਰਕਾਰ ਵੱਲੋਂ ਦੱਸੇ ਨਿਯਮਾਂ ਅਨੁਸਾਰ ਪਾਲਣਾ ਕਰਨ ਤੇ ਪ੍ਰਤੀ ਸਮੂਹ ਤੀਹ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਰਿਵਾਲਵਿੰਗ ਫੰਡ ਤਹਿਤ ਦਿੱਤੀ ਜਾਂਦੀ ਹੈ। ਸਮੂਹਾਂ ਦੇ ਮੈਂਬਰਾਂ ਨੂੰ 300 ਖੁੰਬਾਂ ਦੀਆਂ ਬੀਜ ਕਿੱਟਾਂ ਵੰਡੀਆਂ ਹਨ।