ਔਖੇ ਪੈਂਡਿਆਂ ਦਾ ਰਾਹੀ ਜਗਮੋਹਣ ਸਿੰਘ
ਪਾਵੇਲ ਕੁੱਸਾ
70ਵਿਆਂ ਦਾ ਦਹਾਕਾ ਦੇਸ਼ ਤੇ ਪੰਜਾਬ ਅੰਦਰ ਇਨਕਲਾਬੀ ਤਰਥੱਲੀਆਂ ਦਾ ਦਹਾਕਾ ਸੀ। ਨਕਸਲਬਾੜੀ ਦੀ ਬਗਾਵਤ ਦੇ ਝੰਜੋੜੇ ਨਾਲ ਨੌਜਵਾਨ ਤੇ ਵਿਦਿਆਰਥੀ ਲਹਿਰ ਨੇ ਵੇਗ ਫੜ ਲਿਆ ਸੀ ਅਤੇ ਕਮਿਊਨਿਸਟ ਇਨਕਲਾਬੀ ਲਹਿਰ ਵਿੱਚ ਵੀ ਨੌਜਵਾਨ ਮੋਹਰੀ ਸਫਾਂ ’ਚ ਸਨ। ਲੁੱਟ ਤੇ ਵਿਤਕਰਿਆਂ ਆਧਾਰਿਤ ਇਸ ਨਿਜ਼ਾਮ ਤੇ ਸਮਾਜ ਬਦਲ ਕੇ ਇਨਕਲਾਬ ਲਿਆਉਣ ਦਾ ਸੁਫਨਾ ਲੱਖਾਂ ਨੌਜਵਾਨਾਂ ਦੀਆਂ ਅੱਖਾਂ ਅੰਦਰ ਚਮਕਿਆ ਤੇ ਇਸ ਆਦਰਸ਼ ਲਈ ਕਿੰਨਿਆਂ ਨੇ ਪੜ੍ਹਾਈ ਤੇ ਨੌਕਰੀ ਅਧਵਾਟੇ ਛੱਡ ਕੇ ਇਨਕਲਾਬੀ ਲਹਿਰ ਨੂੰ ਸਮਰਪਿਤ ਹੋਣ ਦੇ ਫੈਸਲੇ ਕੀਤੇ ਪਰ ਲਹਿਰ ਦੇ ਉਤਰਾਵਾਂ-ਚੜ੍ਹਾਵਾਂ ਅਤੇ ਸੰਕਟਾਂ ਦੇ ਹਾਲਾਤ ਵਿੱਚ ਕਿੰਨੇ ਹੀ ਉਹ ਸਨ ਜਿਹੜੇ ਇਨ੍ਹਾਂ ਫੈਸਲਿਆਂ ’ਤੇ ਪੁੱਗ ਨਾ ਸਕੇ ਪਰ ਉਹ ਵੀ ਸਨ ਜਿਹੜੇ ਪੰਜ-ਪੰਜ ਦਹਾਕਿਆਂ ਤੋਂ ਉਨ੍ਹਾਂ ਸੁਫਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਉਸੇ ਸਮਰਪਣ ਭਾਵਨਾ ਨਾਲ ਜੁਟੇ ਰਹੇ। ਕਾਮਰੇਡ ਜਗਮੋਹਣ ਸਿੰਘ ਇਨ੍ਹਾਂ ਇਨਕਲਾਬੀਆਂ ’ਚ ਸ਼ੁਮਾਰ ਸਨ। ਉਨ੍ਹਾਂ ਡਾਕਟਰੀ ਪੇਸ਼ੇ ’ਚ ਜਾਣ ਦੀ ਥਾਂ ਪੇਸ਼ੇਵਰ ਇਨਕਲਾਬੀ ਵਾਲੀ ਕਠਿਨਾਈਆਂ ਭਰੀ ਜ਼ਿੰਦਗੀ ਦੀ ਚੋਣ ਕੀਤੀ। ਕਮਿਊਨਿਸਟ ਇਨਕਲਾਬੀ ਲਹਿਰ ਦੇ ਉਤਰਾਅ-ਚੜ੍ਹਾਅ ਅਤੇ ਸੰਕਟ ਦੇ ਦੌਰ ਵੀ, ਉਨ੍ਹਾਂ ਨੂੰ ਇਸ ਮਕਸਦ ਖਾਤਰ ਜਿਊਣ ਦੇ ਰਾਹ ਤੋਂ ਥਿੜਕਾ ਨਹੀਂ ਸਕੇ।
1950 ਦੇ ਵਰ੍ਹੇ ਪਿੰਡ ਕੋਠਾਗੁਰੂ (ਬਠਿੰਡਾ) ’ਚ ਜਨਮੇ ਜਗਮੋਹਣ ਸਿੰਘ 70ਵਿਆਂ ਦੇ ਸ਼ੁਰੂਆਤੀ ਸਾਲਾਂ ਦੌਰਾਨ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ’ਚ ਐੱਮਬੀਬੀਐੱਸ ਦੀ ਪੜ੍ਹਾਈ ਦੌਰਾਨ ਵਿਦਿਆਰਥੀ ਲਹਿਰ ਦੇ ਪ੍ਰਭਾਵ ਹੇਠ ਆਏ। 1972 ਦੇ ਮੋਗਾ ਘੋਲ ਦੌਰਾਨ ਹੋ ਰਹੇ ਐਕਸ਼ਨਾਂ ’ਚ ਉਨ੍ਹਾਂ ਜੋਸ਼ੀਲੀ ਸ਼ਮੂਲੀਅਤ ਕੀਤੀ। ਇਸ ਦੌਰ ’ਚ ਹੀ ਜਗਜੀਤ ਸੋਹਲ, ਦਇਆ ਸਿੰਘ ਤੇ ਮੁਖਤਿਆਰ ਪੂਹਲਾ ਵਰਗੇ ਕਮਿਊਨਿਸਟਾਂ ਨੇ ਉਨ੍ਹਾਂ ਦੀ ਜ਼ਿੰਦਗੀ ਦੀ ਸੇਧ ਉਲੀਕਣ ’ਚ ਅਹਿਮ ਰੋਲ ਨਿਭਾਇਆ। ਉਹ ਐੱਮਬੀਬੀਐੱਸ ਦੀ ਡਿਗਰੀ ਮੁਕੰਮਲ ਕਰਨ ਮਗਰੋਂ ਕੁਝ ਅਰਸਾ ਨੌਕਰੀ ’ਤੇ ਗਏ ਪਰ ਜਲਦੀ ਹੀ ਨੌਕਰੀ ਤਿਆਗ ਕੇ ਇਨਕਲਾਬ ਦੇ ਮਿਸ਼ਨ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ ਅਤੇ ਕੁਲਵਕਤੀ ਵਜੋਂ ਕਮਿਊਨਿਸਟ ਇਨਕਲਾਬੀ ਲਹਿਰ ਵਿੱਚ ਸ਼ਾਮਿਲ ਹੋ ਗਏ। ਲਗਭਗ ਪੰਜ ਦਹਾਕੇ ਤੋਂ ਉਹ ਆਖਿ਼ਰੀ ਸਾਹਾਂ ਤੱਕ ਲਹਿਰ ਵਿੱਚ ਡਟੇ ਰਹੇ।
ਉਨ੍ਹਾਂ ਮਾਰਕਸਵਾਦ-ਲੈਨਿਨਵਾਦ ਤੇ ਮਾਓ ਵਿਚਾਰਧਾਰਾ ਦੇ ਫ਼ਲਸਫਾਨਾ ਸੱਚ ਦੇ ਮਾਰਗ ਨੂੰ ਮਨੁੱਖਤਾ ਦੀ ਮੁਕਤੀ ਦੇ ਮਾਰਗ ਵਜੋਂ ਦੇਖਿਆ ਅਤੇ ਇਸ ਰੌਸ਼ਨੀ ਵਿੱਚ ਭਾਰਤ ਅੰਦਰ ਨਵ-ਜਮਹੂਰੀ ਇਨਕਲਾਬ ਦੇ ਕਾਰਜ ਵਿੱਚ ਹਿੱਸਾ ਪਾਇਆ। ਦਹਾਕਿਆਂ ਲੰਮੀ ਸਿਆਸੀ ਜ਼ਿੰਦਗੀ ਦੌਰਾਨ ਉਨ੍ਹਾਂ ਵੱਖ-ਵੱਖ ਖੇਤਰਾਂ ਵਿੱਚ ਅਤੇ ਵੱਖ-ਵੱਖ ਪੱਧਰਾਂ ’ਤੇ ਜਿ਼ੰਮੇਵਾਰੀਆਂ ਓਟੀਆਂ ਤੇ ਨਿਭਾਈਆਂ। ਹੁਣ ਉਹ ਲੰਮੇ ਅਰਸੇ ਤੋਂ ਸੁਰਖ ਲੀਹ ਪ੍ਰਕਾਸ਼ਨ ਨਾਲ ਜੁੜੇ ਹੋਏ ਸਨ। ਇਸ ਪ੍ਰਕਾਸ਼ਨ ਰਾਹੀਂ ਜਿੱਥੇ ਉਨ੍ਹਾਂ ਇਨਕਲਾਬੀ ਲਹਿਰ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਲਿਖਤਾਂ ਦੀ ਛਪਾਈ ਤੇ ਵੰਡਾਈ ਨੂੰ ਜਥੇਬੰਦ ਕਰਨ ਵਿੱਚ ਹਿੱਸਾ ਪਾਇਆ ਉੱਥੇ ਵੱਖ-ਵੱਖ ਮੌਕਿਆਂ ’ਤੇ ਲਹਿਰ ਅੰਦਰ ਉਠੇ ਗ਼ਲਤ ਰੁਝਾਨਾਂ ਵੇਲੇ ਠੀਕ ਵਿਚਾਰਾਂ ਦੇ ਪਸਾਰ ਲਈ ਪ੍ਰਕਾਸ਼ਨਾਵਾਂ ਜਥੇਬੰਦ ਕਰਨ ਵਿੱਚ ਯੋਗਦਾਨ ਪਾਇਆ। ਤਿੰਨ ਸੰਸਾਰਾਂ ਦੇ ਸੋਧਵਾਦੀ ਸਿਧਾਂਤ ਵੇਲੇ ਕੌਮਾਂਤਰੀ ਬਹਿਸ ਦੌਰਾਨ ਉਨਾਂ ਕਾਮਰੇਡ ਹਰਭਜਨ ਸੋਹੀ ਦੇ ਦਸਤਾਵੇਜ਼ ‘ਮਾਓ ਵਿਚਾਰਧਾਰਾ ਦੀ ਰਾਖੀ ਕਰੋ’ ਦੇ ਹੱਕ ਵਿੱਚ ਪੁਜ਼ੀਸ਼ਨ ਲਈ।
ਮੈਡੀਕਲ ਦੀ ਪੜ੍ਹਾਈ ਰਾਹੀਂ ਮਨੁੱਖਤਾ ਦੀ ਸੇਵਾ ਦੇ ਸੀਮਤ ਸੰਕਲਪ ਤੋਂ ਅੱਗੇ ਜਾਂਦਿਆਂ ਉਨ੍ਹਾਂ ਸਮੁੱਚੀ ਮਨੁੱਖਤਾ ਦੀ ਮੁਕਤੀ ਦੇ ਕਮਿਊਨਿਸਟ ਉਦੇਸ਼ ਨਾਲ ਆਪਣੇ ਆਪ ਨੂੰ ਜੋੜ ਲਿਆ ਸੀ। ਦੁਨੀਆ ਦੇ ਕਈ ਮੁਲਕਾਂ ਅੰਦਰ ਸਮਾਜਵਾਦੀ ਉਸਾਰੀ ਦੇ ਤਜਰਬਿਆਂ ’ਚੋਂ ਸਿਹਤ ਸੰਭਾਲ ਦੇ ਖੇਤਰ ਦੀਆਂ ਸਮਾਜਵਾਦੀ ਪ੍ਰਾਪਤੀਆਂ ਨੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਪ੍ਰਭਾਵਿਤ ਕੀਤਾ। ਇਸ ਨੂੰ ਉਨ੍ਹਾਂ ਨੇ ਸਮਾਜਵਾਦੀ ਪ੍ਰਬੰਧ ਦੀ ਉੱਤਮਤਾ ਅਤੇ ਮਨੁੱਖਤਾ ਮੁਖੀ ਹੋਣ ਦੇ ਅਹਿਮ ਸਬੂਤ ਵਜੋਂ ਲਿਆ। ਉਨ੍ਹਾਂ ਇਸ ਵਿਸ਼ੇ ’ਤੇ ਸੁਰਖ ਲੀਹ ਦੇ ਵਿਸ਼ੇਸ਼ ਕਾਲਮ ‘ਮਨੁੱਖੀ ਸਿਹਤ ਤੇ ਸਮਾਜਵਾਦ’ ਲਈ ਲਿਖਤਾਂ ਲਿਖੀਆਂ ਤੇ ਅਨੁਵਾਦ ਕੀਤੀਆਂ।
ਡਾਕਟਰ ਵਜੋਂ ਉਨ੍ਹਾਂ ਆਪਣੀ ਯੋਗਤਾ ਇਨਕਲਾਬੀ ਲਹਿਰ ਦੇ ਲੇਖੇ ਲਾਈ। ਲਹਿਰ ਵਿੱਚ ਹੋਰ ਜਿ਼ੰਮੇਵਾਰੀਆਂ ਦੇ ਨਾਲ-ਨਾਲ ਸਾਥੀਆਂ ਦੀ ਸਿਹਤ ਸੰਭਾਲ ਦੇ ਕਾਰਜਾਂ ਵਿੱਚ ਮੋਹਰੀ ਯੋਗਦਾਨ ਪਾਇਆ। ਕਿਸਾਨ ਮਜ਼ਦੂਰ ਲਹਿਰ ਦੇ ਕਾਰਕੁਨਾਂ ਦਾ ਅਜਿਹਾ ਕਾਫੀ ਵੱਡਾ ਘੇਰਾ ਹੈ ਜਿਨ੍ਹਾਂ ਨੂੰ ਇਲਾਜ ਦੌਰਾਨ ਉਨ੍ਹਾਂ ਦਾ ਸਹਿਯੋਗ ਤੇ ਸਾਥ ਹਾਸਲ ਹੋਇਆ। ਇਸ ਘੇਰੇ ਨੂੰ ਉਨ੍ਹਾਂ ਦੇ ਜਾਣ ਦੀ ਘਾਟ ਵਿਸ਼ੇਸ਼ ਤੌਰ ’ਤੇ ਰੜਕ ਰਹੀ ਹੈ। ਅਜੋਕੇ ਸਮੇਂ ’ਚ ਡਾਕਟਰੀ ਪੇਸ਼ੇ ਦੇ ਵਪਾਰੀਕਰਨ ਦੇ ਦੌਰ ਅੰਦਰ ਅਜਿਹੀ ਨਿਸ਼ਕਾਮ ਸੇਵਾ ਭਾਵਨਾ ਰਾਹੀਂ ਡਾਕਟਰ ਜਗਮੋਹਣ ਸਿੰਘ ਦੀ ਸਾਬਤ ਕੀਤਾ ਕਿ ਲੁੱਟ ਰਹਿਤ ਸਮਾਜ ਉਸਾਰਨ ’ਚ ਜੁਟੇ ਇਨਕਲਾਬੀਆਂ ਦਾ ਲੋਕਾਂ ਨਾਲ ਕਿਹੋ ਜਿਹਾ ਰਿਸ਼ਤਾ ਹੈ। ਇਸ ਭੂਮਿਕਾ ਨੇ ਦਰਸਾਇਆ ਕਿ ਇਹ ਇਨਕਲਾਬੀ ਹਨ ਜਿਹੜੇ ਪੂੰਜੀਵਾਦੀ ਵਪਾਰੀਕਰਨ ਦੇ ਇਸ ਦੌਰ ਅੰਦਰ ਮਨੁੱਖਤਾ ਦੀ ਸੇਵਾ ਦੀ ਭਾਵਨਾ ਨੂੰ ਬੁਲੰਦ ਰੱਖ ਰਹੇ ਹਨ।
ਉਹ ਪ੍ਰਕਾਸ਼ਨ ਦੀਆਂ ਜਿ਼ੰਮੇਵਾਰੀਆਂ ’ਚ ਖੁੱਭੇ ਹੋਏ ਸਨ ਤਾਂ ਅਚਾਨਕ ਤਿੰਨ ਮਹੀਨੇ ਪਹਿਲਾਂ ਉਨ੍ਹਾਂ ਨੂੰ ਕੈਂਸਰ ਦੀ ਗੰਭੀਰ ਬਿਮਾਰੀ ਬਾਰੇ ਪਤਾ ਲੱਗਿਆ। ਜਦੋਂ ਤੱਕ ਲੱਛਣ ਸਾਹਮਣੇ ਆਏ, ਬਿਮਾਰੀ ਗੰਭੀਰ ਰੂਪ ਵਿੱਚ ਸਰੀਰ ਅੰਦਰ ਫੈਲ ਚੁੱਕੀ ਸੀ ਤੇ ਉਹ 5 ਜਨਵਰੀ ਨੂੰ ਕਾਫਲੇ ’ਚੋਂ ਵਿਛੜ ਗਏ।
ਅਜੋਕੇ ਸਮੇਂ ਅੰਦਰ ਜਦੋਂ ਇਨਕਲਾਬੀ ਲਹਿਰ ਨੂੰ ਵੱਡੀਆਂ ਚੁਣੌਤੀਆਂ ਦਰਪੇਸ਼ ਹਨ ਤਾਂ ਇਹ ਲੋਕਾਂ ਲੇਖੇ ਜ਼ਿੰਦਗੀ ਲਾਉਣ ਦੀ ਨਿਹਚਾ ਦੀ ਪਰਖ ਦਾ ਸਮਾਂ ਹੈ। ਅਜਿਹੇ ਸਮੇਂ ਕਾਮਰੇਡ ਜਗਮੋਹਣ ਸਿੰਘ ਵਰਗੇ ਸਾਥੀਆਂ ਦੀ ਘਾਲਣਾ ਤੇ ਯੋਗਦਾਨ ਨੂੰ ਸਿਜਦਾ ਕਰਦਿਆਂ ਉਸ ਸਮਰਪਣ ਭਾਵਨਾ ਨੂੰ ਮਨਾਂ ’ਚ ਡੂੰਘੇ ਵਸਾਉਣ ਦੀ ਲੋੜ ਹੈ ਜਿਸ ਭਾਵਨਾ ਨਾਲ ਇਨਕਲਾਬੀ ਲਹਿਰ ਦੇ ਔਖੇ ਪੈਂਡਿਆਂ ’ਤੇ ਪੁੱਗਿਆ ਜਾ ਸਕਦਾ ਹੈ।
ਕਾਮਰੇਡ ਜਗਮੋਹਣ ਸਿੰਘ ਜ਼ਿੰਦਗੀ ਦੇ ਸਾਹਾਂ ’ਚ ਰਚ ਕੇ ਜਿਊਏ ਤੇ ਉਨ੍ਹਾਂ ਦੀ ਇਹ ਕਰਨੀ ਸਦਾ ਜਿਊਂਦੀ ਰਹੇਗੀ। ਉਨ੍ਹਾਂ ਦੀ ਜ਼ਿੰਦਗੀ ਨਵੀਂ ਪੀੜ੍ਹੀ ਦੇ ਸਾਥੀਆਂ ਨੂੰ ਸਮਾਜ ਦੀ ਤਬਦੀਲੀ ਲਈ ਸੰਘਰਸ਼ ਦੇ ਰਾਹ ’ਤੇ ਅਜਿਹੀ ਅਰਥ ਭਰਪੂਰ ਅਤੇ ਸਾਰਥਕ ਜ਼ਿੰਦਗੀ ਗੁਜ਼ਾਰਨ ਦੀ ਪ੍ਰੇਰਨਾ ਦਿੰਦੀ ਹੈ।
ਸੰਪਰਕ: 94170-54015