ਓਹਨੇ ਆਪਣੇ ਸ਼ੌਕ ਨੂੰ ਪਾਏ...
ਬਹਾਦਰ ਸਿੰਘ ਗੋਸਲ
ਔਰਤਾਂ ਦਾ ਗਹਿਣਿਆਂ ਨਾਲ ਸਦੀਆਂ ਤੋਂ ਹੀ ਸੁਭਾਵਿਕ ਪਿਆਰ ਹੈ। ਔਰਤ ਕਿਸੇ ਵੀ ਯੁੱਗ ਵਿੱਚ ਰਹੀ ਹੋਵੇ, ਉਸ ਨੂੰ ਗਹਿਣਿਆਂ ਨਾਲ ਸ਼ਿੰਗਾਰੀ ਜ਼ਰੂਰੀ ਦਿਖਾਇਆ ਜਾਂਦਾ ਹੈ। ਭਾਰਤ ਵਰਗੇ ਵੱਡੇ ਅਤੇ ਬਹੁ-ਜਾਤੀ ਦੇਸ਼ ਵਿੱਚ ਤਾਂ ਔਰਤਾਂ ਭਾਵੇਂ ਕਿਸੇ ਵੀ ਜਾਤੀ-ਧਰਮ ਜਾਂ ਵਰਗ ਨਾਲ ਸਬੰਧ ਰੱਖਦੀਆਂ ਹੋੋਣ, ਸਦੀਆਂ ਤੋੋਂ ਹੀ ਗਹਿਣੀਆਂ ਦੀਆਂ ਚਾਹਵਾਨ ਰਹੀਆਂ ਹਨ। ਇਹ ਗਹਿਣੇ ਸੋੋਨੇ-ਚਾਂਦੀ ਵਰਗੀਆਂ ਮਹਿੰਗੀਆਂ ਧਾਤਾਂ ਤੋੋਂ ਬਣਾਏ ਜਾਂਦੇ ਹਨ, ਪਰ ਫਿਰ ਵੀ ਹਰ ਗ਼ਰੀਬ-ਅਮੀਰ ਔਰਤ ਇਨ੍ਹਾਂ ਨੂੰ ਪਹਿਨਣ ਦਾ ਸ਼ੌਕ ਰੱਖਦੀ ਹੈ।
ਔਰਤਾਂ ਦੇ ਇਸ ਸ਼ੌਕ ਸਦਕਾ ਹੀ ਭਾਰਤ ਦੇ ਹਰ ਘਰ ਵਿੱਚ ਥੋੜ੍ਹਾ-ਬਹੁਤਾ ਸੋੋਨਾ ਹੁੰਦਾ ਹੈ, ਜਿਸ ਨੂੰ ਅਮੀਰੀ ਦੀ ਨਿਸ਼ਾਨੀ ਹੀ ਸਮਝਿਆ ਜਾਂਦਾ ਹੈ ਅਤੇ ਦੇਸ਼ ਨੂੰ ਸੋੋਨੇ ਦੀ ਚਿੜੀ ਕਰਕੇ ਜਾਣਿਆ ਜਾਂਦਾ ਸੀ। ਇਹੀ ਕਾਰਨ ਸੀ ਕਿ ਬਹੁਤ ਸਾਰੇ ਵਿਦੇਸ਼ੀ ਧਾੜਵੀਆਂ ਨੇ ਭਾਰਤ ’ਤੇ ਹਮਲੇ ਕੀਤੇ ਅਤੇ ਉਨ੍ਹਾਂ ਨੇ ਇੱਥੋੋਂ ਮਣਾਂ-ਮੂਹੀ ਸੋੋਨਾ ਅਤੇ ਸੋੋਨੇ ਦੇ ਬਣੇ ਗਹਿਣੇ ਲੁੱਟੇ। ਔਰਤਾਂ ਕੋਲ ਸੋੋਨਾ ਵੱਧ ਹੋੋਣ ਦੇ ਕਾਰਨ ਔਰਤਾਂ ਉਨ੍ਹਾਂ ਦੀ ਲੁੱਟ ਦਾ ਖ਼ਾਸ ਨਿਸ਼ਾਨਾ ਬਣੀਆਂ ਰਹਿੰਦੀਆਂ ਹਨ। ਦੂਜੇ ਪਾਸੇ ਇਹ ਗਹਿਣੇ ਔਰਤਾਂ ਦੀ ਸੁੰਦਰਤਾ ਵਿੱਚ ਵੀ ਹੋਰ ਵਾਧਾ ਕਰਦੇ ਹਨ ਅਤੇ ਔਰਤਾਂ ਇਸ ਪੱਖੋੋਂ ਵੀ ਵਧੇਰੇ ਸੋੋਨੇ-ਚਾਂਦੀ ਦੇ ਗਹਿਣੇ ਪਹਿਨਦੀਆਂ ਸਨ। ਵਿਦੇਸ਼ੀ ਧਾੜਵੀ ਵੀ ਇਨ੍ਹਾਂ ਕਾਰਨਾਂ ਕਰਕੇ ਭਾਰਤੀ ਔਰਤਾਂ ਜਾਂ ਹਿੰਦੁਸਤਾਨੀ ਕੁੜੀਆਂ ਨੂੰ ਆਪਣੇ ਨਾਲ ਲੈ ਜਾਂਦੇ ਸਨ ਅਤੇ ਆਪਣੇ ਦੇਸ਼ ਜਾ ਕੇ ਉਨ੍ਹਾਂ ਨੂੰ ਵੇਚ ਦਿੰਦੇ ਸਨ।
ਕੀਮਤੀ ਗਹਿਣਿਆਂ ਦੇ ਨਾਲ ਇਹ ਗੱਲ ਵੀ ਬੜੀ ਬਚਿੱਤਰ ਹੈ ਕਿ ਔਰਤਾਂ ਦੇ ਹੱਥਾਂ, ਪੈਰਾਂ, ਗਲ, ਨੱਕ ਕੰਨਾਂ ਆਦਿ ਵਾਸਤੇ ਗਹਿਣੇ ਹੀ ਵੱਖਰੇ-ਵੱਖਰੇ ਨਹੀਂ ਹੁੰਦੇ, ਬਲਕਿ ਉਨ੍ਹਾਂ ਦੇ ਨਾਂ ਵੀ ਵੱਖ-ਵੱਖ ਹੁੰਦੇ ਹਨ, ਜਿਵੇਂ ਕਿ ਗਲ਼ ਵਿੱਚ ਜ਼ੰਜੀਰੀ, ਪੈਰਾਂ ਵਿੱਚ ਝਾਂਜਰਾਂ, ਨੱਕ ਵਿੱਚ ਲੌਂਗ ਅਤੇ ਕੰਨਾਂ ਵਿੱਚ ਵਾਲੇ ਆਦਿ ਗਹਿਣੇ ਪ੍ਰਚੱਲਿਤ ਹਨ। ਭਾਵੇਂ ਅਮੀਰ ਔਰਤਾਂ ਸਾਰੇ ਗਹਿਣੇ ਪਹਿਨਦੀਆਂ ਹਨ, ਪਰ ਗ਼ਰੀਬ ਔਰਤਾਂ ਆਪਣੇ ਪਰਿਵਾਰ ਦੀ ਆਰਥਿਕ ਵਿਵਸਥਾ ਅਨੁਸਾਰ ਹਲਕੇ ਅਤੇ ਸਸਤੇ ਗਹਿਣੇ ਪਹਿਨ ਕੇ ਆਪਣੇ ਮਨ ਨੂੰ ਖ਼ੁਸ਼ ਕਰ ਲੈਂਦੀਆਂ ਹਨ। ਭਾਰਤੀ ਸੱਭਿਅਤਾ ਅਨੁਸਾਰ ਔਰਤਾਂ ਦੀ ਇਸ ਤਰ੍ਹਾਂ ਗਹਿਣਿਆਂ ਦੀ ਚਾਹਤ ਨੇ ਸਾਡੇ ਸਮਾਜ ਵਿੱਚ ਦਾਜ ਪ੍ਰਥਾ ਨੂੰ ਜਨਮ ਦਿੱਤਾ। ਭਾਵੇਂ ਅੱਜ ਅਸੀਂ ਦਾਜ ਪ੍ਰਥਾ ਦੇ ਵਿਰੋਧੀ ਹਾਂ, ਪਰ ਮਾਪੇ ਆਪਣੀਆਂ ਧੀਆਂ ਨੂੰ ਇਹ ਛੋਟੇ-ਛੋੋਟੇ ਗਹਿਣੇ ਦੇ ਕੇ ਆਰਥਿਕ ਮਦਦ ਦੇਣੀ ਚਾਹੁੰਦੇ ਹਨ ਅਤੇ ਸਮਾਜਿਕ ਪੱਖੋੋਂ ਵੀ ਆਪਣਾ ਰੁਤਬਾ ਠੀਕ ਦਰਸਾਉਣਾ ਚਾਹੁੰਦੇ ਸਨ। ਹਰ ਧੀ-ਭੈਣ ਨੂੰ ਵਿਆਹ ਸਮੇਂ ਮਾਪੇ ਆਪਣੀ ਵਿੱਤ ਮੁਤਾਬਕ ਗਹਿਣੇ ਦਿੰਦੇ ਹਨ ਤਾਂ ਕਿ ਉਸ ਧੀ-ਭੈਣ ਦਾ ਗਹਿਣੀਆਂ ਪ੍ਰਤੀ ਪਿਆਰ ਫਿੱਕਾ ਨਾ ਪਵੇ ਅਤੇ ਉਹ ਆਪਣੇ ਆਪ ਨੂੰ ਬਹੁਤ ਨਿਰਧਨ ਜਾਂ ਨਿਮਾਣੀ ਨਾ ਸਮਝੇ। ਮੁਟਿਆਰਾਂ ਦਾ ਗਹਿਣਿਆਂ ਪ੍ਰਤੀ ਇਹ ਪਿਆਰ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਤਾਂ ਬਹੁਤ ਹੀ ਨਿਵੇਕਲਾ ਸਥਾਨ ਬਣ ਗਿਆ ਕਿਉਂਕਿ ਹਰ ਵਿਆਹ ਸ਼ਾਦੀ ਅਤੇ ਖ਼ੁਸ਼ੀ ਦੇ ਮੌਕੇ ਗੀਤਾਂ-ਬੋੋਲੀਆਂ, ਸਿੱਠਣੀਆਂ, ਤਾਅਨਿਆਂ, ਮਿਹਣਿਆਂ ਵਿੱਚ ਇਨ੍ਹਾਂ ਗਹਿਣਿਆਂ ਦੀ ਗੱਲ ਜ਼ਰੂਰੀ ਚੱਲਦੀ ਹੈ ਤਾਂ ਹੀ ਤਾਂ ਇੱਕ ਗ਼ਰੀਬ ਮੁਟਿਆਰ ਆਪਣੇ ਵਿਆਹ ਸਮੇਂ ਆਪਣੇ ਬਾਬਲ ਨੂੰ ਇਹ ਗਹਿਣੇ ਪਾਉਣ ਲਈ ਕਹਿੰਦੀ ਹੈ;
ਕੰਠੀ, ਬਿੰਦੀ ਤੇ ਜ਼ੰਜੀਰੀ, ਫੁੱਲ, ਵਾਲੇ
ਪੰਜ ਟੁੂਮਾਂ ਪਾ ਦੇ ਬਾਬਲਾ।
ਜਾਂ ਫਿਰ ਜੇ ਉਹ ਮੁਟਿਆਰ ਕਿਸੇ ਚੰਗੇ ਜ਼ਿਮੀਂਦਾਰ ਜਾਂ ਰੱਜੇ ਪੁੱਜੇ ਘਰ ਵਿੱਚ ਜੰਮੀ ਪਲੀ ਹੋੋਵੇ ਤਾਂ ਉਹ ਗੱਲ ਨੂੰ ਮੋੋੜ ਕੇ ਇੰਜ ਵੀ ਕਹਿ ਦਿੰਦੀ;
ਤੇਰੀ ਕੱਸੀ ਤੇ ਜ਼ਮੀਨ ਬਥੇਰੀ
ਪੰਜ ਟੂਮਾਂ ਪਾ ਦੇ ਬਾਬਲਾ।
ਕਈ ਵਾਰ ਤਾਂ ਵਿਆਹ ਸਮੇਂ ਆਪਣੇ ਮਾਪਿਆਂ ’ਤੇ ਮਾਣ ਕਰਦੀਆਂ ਹੋਈਆਂ ਵਿਆਂਦੜ ਮੁਟਿਆਰਾਂ ਆਪਣੇ ਗਹਿਣਿਆਂ ਦੇ ਪਿਆਰ ਨੂੰ ਇਸ ਤਰ੍ਹਾਂ ਸੱਭਿਆਚਾਰਕ ਰੂਪ ਵੀ ਦੇ ਦਿੰਦੀਆਂ ਹਨ;
ਕੋੋਈ ਆਖੇ ਨਾ ਨੰਗਾਂ ਦੀ ਧੀ ਜਾਵੇ
ਕਾਂਟੇ ਪਾ ਕੇ ਤੋੋਰੀਂ ਬਾਬਲਾ।
ਵਿਆਹ, ਸ਼ਾਦੀਆਂ ਵਿੱਚ ਗਹਿਣਿਆਂ ਦੀ ਸਰਦਾਰੀ ਹੀ ਨਹੀਂ ਹੁੰਦੀ ਸਗੋੋੋਂ ਇਹ ਤਾਂ ਘਰ ਪਰਿਵਾਰਾਂ ਵਿੱਚ ਵੀ ਆਮ ਹੀ ਪਹਿਨੇ ਜਾਂਦੇ ਹਨ। ਇੱਥੋੋਂ ਤੱਕ ਕੇ ਕਈ ਪਰਿਵਾਰਾਂ ਵਿੱਚ ਤਾਂ ਨੂੰਹ-ਸੱਸ ਦਾ ਗਹਿਣੇ ਪਹਿਨਣ ਵਿੱਚ ਮੁਕਾਬਲਾ ਜਿਹਾ ਹੀ ਹੋੋ ਜਾਂਦਾ ਹੈ। ਉਹ ਇੱਕ ਦੂਜੇ ਤੋਂ ਚੰਗਾ ਅਤੇ ਮਹਿੰਗਾ ਗਹਿਣਾ ਖ਼ਰੀਦ ਕੇ ਆਪਣੇ ਆਪ ਨੂੰ ਵੱਡੀ ਦਰਸਾਉਣ ਦਾ ਯਤਨ ਕਰਦੀਆਂ ਹਨ ਜਿਵੇਂ ਕੋੋਈ ਨਵ ਵਿਆਹੀ ਮੁਟਿਆਰ ਆਪਣੇ ਪੇਕੇ ਜਾ ਕੇ ਆਪਣੇ ਬਾਪੂ ਨਾਲ ਗੱਲ ਕਰਦੀ ਹੋੋਈ ਕਹਿੰਦੀ ਏ;
ਮੇਰੀ ਸੱਸ ਦੇ ਲਿਸ਼ਕਦੇ ਵਾਲੇ
ਬਾਪੂ, ਮੈਨੂੰ ਸੰਗ ਲੱਗਦੀ।
ਇਸ ਦੇ ਉੱਤਰ ਵਿੱਚ ਉਸ ਮੁਟਿਆਰ ਦਾ ਬਾਪੂ ਵੀ ਉਸੇ ਲਹਿਜੇ ਵਿੱਚ ਜੁਆਬ ਦਿੰਦਾ ਹੋੋਇਆ ਕਹਿੰਦਾ ਏ;
ਓਹਨੇ ਆਪਣੇ ਸ਼ੌਕ ਨੂੰ ਪਾਏ
ਤੈਨੂੰ, ਕਾਹਦੀ ਸੰਗ ਬੱਚੀਏ?
ਜਿਸ ਤਰ੍ਹਾਂ ਪਹਿਲਾ ਦੱਸਿਆ ਗਿਆ ਹੈ ਕਿ ਔਰਤਾਂ ਇਹ ਗਹਿਣੇ ਸਰੀਰ ਦੇ ਵੱਖ-ਵੱਖ ਅੰਗਾਂ ’ਤੇ ਪਹਿਨਦੀਆਂ ਹਨ ਅਤੇ ਆਪਣੀ ਜਗ੍ਹਾ ਹਰ ਗਹਿਣੇ ਦੀ ਆਪਣੀ ਮਹੱਤਤਾ ਹੈ। ਜਿਸ ਤਰ੍ਹਾਂ ਮੁੰਦਰੀ, ਛੱਲਿਆਂ ਤੋਂ ਲੈ ਕੇ ਸਿਰ ’ਤੇ ਸਜਾਏ ਜਾਣ ਵਾਲੇ ਗਹਿਣੇ ਔਰਤਾਂ ਲਈ ਮਨਭਾਉਂਦੇ ਅਤੇ ਦਿਲ-ਲਭਾਊ ਹੁੰਦੇ ਹਨ, ਪਰ ਪੰਜਾਬੀ ਸੱਭਿਆਚਾਰ ਨੇ ਤਾਂ ਕਮਾਲ ਹੀ ਕਰ ਦਿੱਤੀ ਹੈ, ਛੋਟੇ ਤੋਂ ਛੋੋਟੇ ਗਹਿਣੇ ਤੋਂ ਲੈ ਕੇ ਵੱਡੇ ਗਹਿਣੇ ਤੱਕ ਉਨ੍ਹਾਂ ਨੂੰ ਅਜਿਹਾ ਗੀਤਾਂ, ਲੋੋਕ ਗੀਤਾਂ ਵਿੱਚ ਪਰੋੋਇਆ ਕਿ ਇਹ ਸਾਰੇ ਗਹਿਣੇ ਔਰਤਾਂ ਦੇ ਹੀ ਨਹੀਂ ਸਗੋਂ ਸਾਰੇ ਲੋੋਕਾਂ ਦੀ ਜ਼ੁਬਾਨ ’ਤੇ ਰਸ ਹਨ। ਜਿਵੇਂ ਲੌਂਗ ਦਾ ਨਾਂ ਹੀ ਲੈ ਲਵੋੋ;
ਪਿੱਛੇ ਪਿੱਛੇ ਆਈਂ
ਮੇਰੀ ਤੋਰ ਵਹਿੰਦਾ ਆਈਂ
ਤੂੰ ਨਿਗਾਹ ਮਾਰਦਾ ਆਈਂ ਵੇ
ਮੇਰਾ ਲੌਂਗ ਗੁਆਚਾ।
ਕਿਹਾ ਜਾਂਦਾ ਹੈ ਕਿ ਇਕੱਲਾ ਲੌਂਗ ਹੀ ਨਹੀਂ, ਇਕੱਲੇ ਨੱਕ ਵਿੱਚ 10 ਪ੍ਰਕਾਰ ਦੇ ਗਹਿਣੇ ਪਾਏ ਜਾਂਦੇ ਹਨ ਜਿਨ੍ਹਾਂ ਵਿੱਚ ਲੌਂਗ, ਤੀਲ੍ਹੀ, ਕੋੋਕਾ, ਰੇਖ ਨੱਥ, ਬੁਲਾਕ, ਬੋਹਰ, ਨੁਕਰਾ, ਗਜਰੀਆ ਅਤੇ ਟਿਪਸੀਆਂ ਆਦਿ। ਪੰਜਾਬੀ ਸੱਭਿਆਚਾਰ ਦੀ ਗੱਲ ਕਰਦਿਆਂ ਪ੍ਰਸਿੱਧ ਲੇਖਕ ਨਿਰੰਜਣ ਸਿੰਘ ਸੈਲਾਨੀ ਦਾ ਕਹਿਣਾ ਹੈ ਕਿ ਗਹਿਣੇ ਸੁਹਾਗ ਦਾ ਚਿੰਨ੍ਹ ਵੀ ਮੰਨੇ ਜਾਂਦੇ ਹਨ। ਉਨ੍ਹਾਂ ਨੇ ਡਾ. ਰਿਚਰਡ ਟੈਂਪਲ ਦੀ ਰਿਪੋੋਰਟ ਦੇ ਹਵਾਲੇ ਨਾਲ ਦੱਸਿਆ ਕਿ ਪੰਜਾਬ ਵਿੱਚ 136 ਪ੍ਰਕਾਰ ਦੇ ਗਹਿਣੇ ਪਹਿਨਣ ਦਾ ਰਿਵਾਜ ਹੈ। ਪੰਜਾਬੀ ਸੱਭਿਆਚਾਰ ਨੇ ਹਰ ਗਹਿਣੇ ਨੂੰ ਗੀਤ, ਲੋੋਕ ਗੀਤ ਜਾਂ ਪੰਜਾਬੀ ਬੋੋਲੀਆਂ ਅਤੇ ਟੱਪਿਆਂ ਵਿੱਚ ਥਾਂ ਦੇਣ ਦਾ ਯਤਨ ਕੀਤਾ ਹੈ। ਜਿਵੇਂ ਪੰਜਾਬ ਦੇ ਮੇਲਿਆਂ ਦੇ ਦਿਨਾਂ ਵਿੱਚ ਔਰਤਾਂ ਸਜ-ਧਜ ਕੇ ਮੇਲਾ ਦੇਖਣ ਜਾਂਦੀਆਂ ਸਨ ਅਤੇ ਉਹ ਗਹਿਣਿਆਂ ਦਾ ਖ਼ੂਬ ਸ਼ਿੰਗਾਰ ਕਰਦੀਆਂ ਰਹੀਆਂ ਹਨ ਤਾਂ ਹੀ ਕਿਹਾ ਜਾਂਦਾ ਸੀ;
ਪੈਰ ਧੋ ਕੇ ਝਾਂਜਰਾ ਪਾਉਂਦੀ
ਮੇਲ੍ਹ ਦੀ ਆਉਂਦੀ
ਕਿ ਸ਼ੌਕਣ ਮੇਲੇ ਦੀ।
ਪੰਜਾਬ ਵਿੱਚ ਫਿਰ ਇੱਕ ਸਮਾਂ ਅਜਿਹਾ ਵੀ ਆਇਆ ਜਦੋੋਂ ਸਿੱਖਿਆ ਨੇ ਜ਼ੋਰ ਫੜਿਆ ਤਾਂ ਪੰਜਾਬੀ ਔਰਤਾਂ ਨੇ ਗਹਿਣੀਆਂ ਦੇ ਖ਼ਰਚ ਨੂੰ ਘੱਟ ਕਰਕੇ ਵਿੱਦਿਆ ਪੜ੍ਹਨ ਨੂੰ ਵਧੇਰੇ ਤਰਜੀਹ ਦਿੱਤੀ ਅਤੇ ਪੰਜਾਬੀ ਸੱਭਿਆਚਾਰ ਅਨੁਸਾਰ ਇਹ ਗੱਲ ਕੁੜੀਆਂ ਵਿੱਚ ਆਮ ਹੀ ਹੁੰਦੀ ਸੀ;
ਛੈਣੇੇ! ਛੈਣੇ! ਛੈਣੇ!
ਵਿੱਦਿਆ ਪੜ੍ਹਾ ਦੇ ਬਾਬਲਾ।
ਭਾਵੇਂ ਦੇਈਂ ਨਾ ਦਾਜ ਵਿੱਚ ਗਹਿਣੇ।
ਦੂਜੇ ਪਾਸੇ ਗਹਿਣਿਆਂ ਦੀ ਗੱਲ ਤਾਂ ਘਰ ਘਰ ਆਮ ਹੀ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾ ਅੰਗ ਬਣ ਚੁੱਕੀ ਹੈ। ਇੱਥੋਂ ਤੱਕ ਕਿ ਗੱਭਰੂਆਂ ਅਤੇ ਮੁਟਿਆਰਾਂ ਦੇ ਪਿਆਰ ਵਿੱਚ ਗਹਿਣੇ ਆਪਣੇ ਆਪ ਹੀ ਆਪਣੀ ਥਾਂ ਬਣਾ ਲੈਂਦੇ ਹਨ ਜਿਵੇਂ;
ਆਹ ਲੈ ਨੱਤੀਆਂ
ਘੜਾ ਲੈ ਪਿੱਪਲ ਪੱਤੀਆਂ
ਕਿਸੇ ਕੋਲ ਗੱਲ ਨਾ ਕਰੀਂ।
ਜਦੋੋਂ ਪੰਜਾਬੀ ਕਿਸਾਨ ਤੰਗੀਆਂ, ਤੁਰਸ਼ੀਆਂ ਦਾ ਸਮਾਂ ਕੱਟ ਰਹੇ ਸਨ ਤਾਂ ਆਪਣੀਆਂ ਘਰਵਾਲੀਆਂ ਵੱਲੋੋਂ ਛੋੋਟੇ ਮੋੋਟੇ ਗਹਿਣਿਆਂ ਦੀ ਮੰਗ ਕਰਨ ’ਤੇ ਉਹ ਨਵੀਂ ਫ਼ਸਲ ਦੇ ਆਉਣ ਦਾ ਲਾਰਾ ਲੱਪਾ ਲਾ ਰੱਖਦੇ ਅਤੇ ਉਸ ਨੂੰ ਨਵੀਂ ਫ਼ਸਲ ਦੇ ਵਿਕਣ ’ਤੇ ਕੋੋਈ ਗਹਿਣਾ ਜ਼ਰੂਰ ਬਣਾਉਣ ਦਾ ਦਾਅਵਾ ਵੀ ਕਰ ਦਿੰਦੇ ਜਿਵੇਂ;
ਤੇਰੇ ਗਲ ਨੂੰ ਜ਼ੰਜੀਰੀ ਪਾਵਾਂ
ਨਰਮਾ, ਐਂਤਕੀ ਵਿਕ ਲੈਣ ਦੇ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪੰਜਾਬੀ ਸੱਭਿਆਚਾਰ ਨੇ ਤਾਂ ਗਹਿਣਿਆਂ ਦੀ ਹੋੋਂਦ ਸਦਕਾ ਪੰਜਾਬੀ ਪੇਂਡੂ ਮਾਹੌਲ ਵਿੱਚ ਉਹ ਰੰਗ ਭਰੇ ਹਨ ਜਿਨ੍ਹਾਂ ਨੂੰ ਪੰਜਾਬੀ ਤਾਂ ਭੁੱਲਦੇ ਹੀ ਨਹੀਂ। ਧੀਆਂ-ਭੈਣਾਂ ਨੂੰ ਪਿਆਰ ਅਤੇ ਸਤਿਕਾਰ ਦੇਣ ਦੇ ਨਾਲ ਨਾਲ ਉਹ ਆਪਣੇ ਸੁਖੀ ਪਰਿਵਾਰ ਲਈ ਆਪਣੀਆਂ ਔਰਤਾਂ ਨੂੰ ਵੀ ਗਹਿਣਿਆਂ ਦੇ ਪੱਜ ਖ਼ੁਸ਼ ਰੱਖਦੇ ਹਨ।
ਸੰਪਰਕ: 98764-52223