ਓਵਰਲੋਡ ਤੇ ਓਵਰਸਪੀਡ ਟਿੱਪਰਾਂ ਤੋਂ ਬੁੱਢਣਪੁਰ ਵਾਸੀ ਪ੍ਰੇਸ਼ਾਨ
ਕਰਮਜੀਤ ਸਿੰਘ ਚਿੱਲਾ
ਬਨੂੜ, 2 ਫਰਵਰੀ
ਇੱਥੋਂ ਨੇੜਲੇ ਪਿੰਡ ਬੁੱਢਣਪੁਰ ਦੇ ਵਸਨੀਕ ਪਿੰਡ ਦੇ ਵਿੱਚੋਂ ਦਿਨ-ਰਾਤ ਚੱਲਦੇ ਮਿੱਟੀ ਢੋਹਣ ਵਾਲੇ ਟਿੱਪਰਾਂ ਤੋਂ ਬੇਹੱਦ ਪ੍ਰੇਸ਼ਾਨ ਹਨ। ਪਿੰਡ ਵਾਸੀਆਂ ਨੇ ਅੱਜ ਟਿੱਪਰਾਂ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਆਵਾਜਾਈ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਟਿੱਪਰਾਂ ਨੂੰ ਤੁਰੰਤ ਰੋਕਿਆ ਜਾਵੇ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸ਼ਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਖ਼ੁਦ ਟਿੱਪਰ ਦਾ ਪਿੰਡ ਵਿੱਚੋਂ ਲਾਂਘਾ ਬੰਦ ਕਰਨ ਤੋਂ ਗੁਰੇਜ਼ ਨਹੀਂ ਕਰਨਗੇ। ਪਿੰਡ ਦੇ ਵਸਨੀਕਾਂ ਜਸਬੀਰ ਸਿੰਘ, ਭਰਪੂਰ ਸਿੰਘ ਪੰਚ, ਗੁਰਮੇਲ ਸਿੰਘ ਫੌਜੀ, ਰੋਸ਼ਨ ਸਿੰਘ, ਗੁਰਮੀਤ ਸਿੰਘ ਪੰਚ, ਚੌਧਰੀ ਬਿੰਦਰ ਸਿੰਘ, ਸੋਹਣ ਸਿੰਘ, ਬਚਿੱਤਰ ਸਿੰਘ ਆਦਿ ਨੇ ਦੱਸਿਆ ਕਿ ਇਸ ਖੇਤਰ ਵਿੱਚੋਂ ਭਾਰਤ ਮਾਲਾ ਪ੍ਰਾਜੈਕਟ ਅਧੀਨ ਦੋ ਕੌਮੀ ਮਾਰਗਾਂ ਦੀ ਉਸਾਰੀ ਦਾ ਕੰਮ ਜ਼ੋਰਾਂ ਤੇ ਹੈ।
ਉਨ੍ਹਾਂ ਕਿਹਾ ਕਿ ਇਹ ਸੜਕਾਂ ਧਰਤੀ ਨਾਲੋਂ ਕਈ-ਕਈ ਫੁੱਟ ਉੱਚੀਆਂ ਬਣ ਰਹੀਆਂ ਹਨ ਤੇ ਇਨ੍ਹਾਂ ਉੱਤੇ ਵੱਡੀ ਮਾਤਰਾ ਵਿੱਚ ਮਿੱਟੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੁੱਢਣਪੁਰ ਪਿੰਡ ਦੇ ਵਿਚਕਾਰ ਤੋਂ ਲਿੰਕ ਸੜਕ ਲੰਘਦੀ ਹੈ, ਜਿਸ ਉੱਪਰੋਂ ਦਿਨ-ਰਾਤ ਮਿੱਟੀ ਵਾਲੇ ਟਿੱਪਰ ਚੱਲਦੇ ਹਨ। ਉਨ੍ਹਾਂ ਕਿਹਾ ਕਿ ਇਹ ਟਿੱਪਰ ਆਵਾਜਾਈ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਇਨ੍ਹਾਂ ਵਿੱਚੋਂ ਬਹੁਤੇ ਬਿਨ੍ਹਾਂ ਕਿਸੇ ਨੰਬਰ ਪਲੇਟ ਤੋਂ ਚੱਲਦੇ ਹਨ। ਇਹ ਓਵਰਲੋਡ ਹੁੰਦੇ ਹਨ ਅਤੇ ਬਹੁਤ ਤੇਜ਼ ਰਫ਼ਤਾਰ ਨਾਲ ਚੱਲਦੇ ਹਨ। ਮਿੱਟੀ ਨੂੰ ਉੱਪਰੋਂ ਢਕਿਆ ਵੀ ਨਹੀਂ ਜਾਂਦਾ, ਜਿਸ ਕਾਰਨ ਪਿੰਡ ਦੇ ਘਰਾਂ ਵਿੱਚ ਦਿਨ ਰਾਤ ਮਿੱਟੀ ਦੀ ਗਰਦ ਡਿੱਗਦੀ ਰਹਿੰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਟਿੱਪਰਾਂ ਦਾ ਲਾਂਘਾ ਬੰਦ ਕਰਵਾਇਆ ਜਾਵੇ ਤੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਕਾਰਨ ਕਾਰਵਾਈ ਕੀਤੀ ਜਾਵੇ।