ਓਵਰਲੋਡ ਟਿੱਪਰ ਲੰਘਣ ਖ਼ਿਲਾਫ਼ ਇਲਾਕਾਵਾਸੀਆਂ ਵੱਲੋਂ ਨਾਅਰੇਬਾਜ਼ੀ
ਪੱਤਰ ਪ੍ਰੇਰਕ
ਚੇਤਨਪੁਰਾ, 30 ਜਨਵਰੀ
ਚੇਤਨਪੁਰਾ ਤੋਂ ਜਗਦੇਵ ਕਲਾਂ ਤੱਕ ਆਪਸ ਵਿੱਚ ਜੋੜਦੀ ਲਿੰਕ ਸੜਕ ਉਪਰੋਂ ਰੋਜ਼ਾਨਾਂ ਵੱਡੀ ਗਿਣਤੀ ਵਿੱਚ ਮਿੱਟੀ ਨਾਲ ਭਰੇ ਓਵਰਲੋਡ ਟਿੱਪਰ ਲੰਘਣ ਕਾਰਨ ਸੜਕ ਥਾਂ-ਥਾਂ ਤੋਂ ਨੁਕਸਾਨੀ ਗਈ ਹੈ ਅਤੇ ਸੜਕ ਵਿੱਚ ਵੱਡੇ-ਵੱਡੇ ਖੱਡੇ ਪੈ ਗਏ ਹਨ। ਇਸ ਤੋਂ ਪ੍ਰੇਸ਼ਾਨ ਹੋ ਕੇ ਚੇਤਨਪੁਰਾ ਵਿੱਚ ਲੋਕਾਂ ਨੇ ਟਿੱਪਰ ਰੋਕ ਕੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਮਿੱਟੀ ਨਾਲ ਭਰੇ ਓਵਰਲੋਡ ਟਿੱਪਰ ਕਿਸੇ ਵੱਡੀ ਸੜਕ ਰਾਹੀਂ ਲੰਘਾਏ ਜਾਣ। ਇਸ ਸਬੰਧੀ ਗੱਲਬਾਤ ਕਰਦਿਆਂ ਲੋਕਾਂ ਨੇ ਦੱਸਿਆ ਕਿ ਰੋਜ਼ਾਨਾ ਹੀ ਪਿੰਡ ਸੈਂਸਰਾ ਕਲਾਂ ਤੋਂ ਅੰਮ੍ਰਿਤਸਰ ਬਾਈਪਾਸ ਤੱਕ ਮਿੱਟੀ ਦੇ ਭਰੇ ਓਵਰਲੋੜ ਟਿੱਪਰ ਸਾਰਾ ਦਿਨ ਹੀ ਚੇਤਨਪੁਰਾ ਤੋਂ ਜਗਦੇਵ ਕਲਾਂ ਸੰਪਰਕ ਸੜਕ ਉਪਰੋਂ ਲੰਘਦੇ ਰਹਿੰਦੇ ਹਨ। ਇਸ ਕਾਰਨ ਇਹ ਲਿੰਕ ਸੜਕ ਕੰਢਿਆਂ ਤੋਂ ਬੈਠਦੀ ਜਾ ਰਹੀ ਹੈ ਅਤੇ ਸੜਕ ਉਪਰ ਖੱਡੇ ਪੈ ਗਏ ਹਨ। ਸਥਾਨਕ ਲੋਕਾਂ ਨੇ ਗੱਲਬਾਤ ਕਰਦਿਆਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਲਾਹੌਰ ਬ੍ਰਾਂਚ ਨਹਿਰ ਪੁਲ ਸੰਗਤਪੁਰਾ ਨੇੜਿਓਂ ਸਰਕਾਰ ਵੱਲੋਂ ਵੱਡਾ ਵਾਟਰ ਟ੍ਰੀਟਮੈਂਟ ਪਲਾਂਟ ਲਗਾ ਕੇ ਇਲਾਕੇ ਦੇ ਪਿੰਡਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਦੀ ਯੋਜਨਾ ਤਹਿਤ ਸਬੰਧਤ ਠੇਕੇਦਾਰ ਵੱਲੋਂ ਚੇਤਨਪੁਰਾ ਤੋਂ ਲੈ ਕੇ ਜਗਦੇਵ ਕਲਾਂ ਤੱਕ ਪਾਣੀ ਵਾਲੇ ਵੱਡੇ ਪਾਈਪ ਪਾਉਣ ਲਈ ਸੜਕ ਦੋਵਾਂ ਸਾਈਡਾਂ ਤੋਂ ਪੁੱਟ ਦਿੱਤੀ ਗਈ ਸੀ ਜੋ ਕਿ ਸੀਮਿੰਟ ਬਜਰੀ ਨਾਲ ਸਹੀ ਤਰੀਕੇ ਨਾਲ ਨਹੀਂ ਭਰੀ ਗਈ, ਜਿਸ ਕਾਰਨ ਇਥੇ ਜ਼ਮੀਨ ਧਸ ਰਹੀ ਹੈ ਅਤੇ ਖੱਡੇ ਵੱਧਦੇ ਜਾ ਰਹੇ ਹਨ। ਰਹਿੰਦੀ-ਖੂੰਹਦੀ ਕਸਰ ਰੋਜ਼ਾਨਾ ਲੰਘਣ ਵਾਲੇ ਮਿੱਟੀ ਨਾਲ ਭਰੇ ਓਵਰਲੋਡ ਟਿੱਪਰਾਂ ਨੇ ਪੂਰੀ ਕਰ ਦਿੱਤੀ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸੜਕ ਉਪਰੋਂ ਵੱਡੇ ਓਵਰਲੋਡ ਟਿੱਪਰਾਂ ਦਾ ਲੰਘਣਾ ਬੰਦ ਕੀਤਾ ਜਾਵੇ ਨਹੀਂ ਤਾਂ ਲੋਕ ਤਿੱਖਾ ਸੰਘਰਸ ਕਰਨ ਲਈ ਮਜਬੂਰ ਹੋਣਗੇ।