ਐੱਸਸੀ ਕਮਿਸ਼ਨਾਂ ਦੇ ਹੁਕਮਾਂ ਦੀਆਂ ਕਾਪੀਆਂ ਸਾੜੀਆਂ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 14 ਅਪਰੈਲ
ਐੱਸਸੀ/ਬੀਸੀ ਮਹਾਂ-ਪੰਚਾਇਤ ਪੰਜਾਬ ਵੱਲੋਂ ਜਾਅਲੀ ਜਾਤੀ ਸਰਟੀਫਿਕੇਟਾਂ ਦੀ ਜਾਂਚ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਲਈ ਮੁਹਾਲੀ ਦੇ ਫੇਜ਼-7 ਦੀਆਂ ਬੱਤੀਆਂ ਕੋਲ ਚੱਲ ਰਹੇ ਪੱਕੇ ਮੋਰਚੇ ਵਾਲੀ ਥਾਂ ’ਤੇ ਡਾ. ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਕੇਕ ਕੱਟਿਆ ਗਿਆ ਤੇ ਲੱਡੂ ਵੰਡੇ ਗਏ। ਮੋਰਚੇ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ, ਅਵਤਾਰ ਸਿੰਘ ਨਗਲਾ, ਲਖਵੀਰ ਸਿੰਘ ਬੌਬੀ, ਬਨਵਾਰੀ ਲਾਲ, ਹਰਚੰਦ ਸਿੰਘ ਜਖਵਾਲੀ, ਸੁਰਿੰਦਰ ਸਿੰਘ ਖੁੱਡਾ ਅਲੀਸ਼ੇਰ, ਸੁਖਦੇਵ ਸਿੰਘ ਚੱਪੜਚਿੜੀ, ਐਸਐਸ ਸੁਮਨ ਅਤੇ ਰਣਜੀਤ ਸਿੰਘ ਖੰਨਾ ਨੇ ਲੋਕਾਂ ਨੂੰ ਡਾ. ਅੰਬੇਡਕਰ ਦੇ ਜੀਵਨ ਤੋਂ ਸੇਧ ਲੈ ਕੇ ਅੱਗੇ ਵਧਣ ਦਾ ਸੱਦਾ ਦਿੱਤਾ।
ਇਸ ਉਪਰੰਤ ਵੱਖ-ਵੱਖ ਦਲਿਤ ਸੰਗਠਨਾਂ ਨੇ ਕੌਮੀ ਅਤੇ ਪੰਜਾਬ ਦੇ ਐਸਸੀ ਕਮਿਸ਼ਨਾਂ ਦੇ ਹੁਕਮਾਂ ਦੀਆਂ ਕਾਪੀਆਂ ਸਾੜ ਕੇ ਪ੍ਰਦਰਸ਼ਨ ਕੀਤਾ ਅਤੇ ਪੱਕੇ ਮੋਰਚੇ ਵਾਲੀ ਥਾਂ ਤੋਂ ਚੌਕ ਤੱਕ ਰੋਸ ਮਾਰਚ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਕੌਮੀ ਅਤੇ ਪੰਜਾਬ ਦੇ ਐੱਸਸੀ ਕਮਿਸ਼ਨ ਚਿੱਟੇ ਹਾਥੀ ਸਾਬਤ ਹੋ ਰਹੇ ਹਨ। ਕਮਿਸ਼ਨਾਂ ਦੇ ਹੁਕਮਾਂ ਨੂੰ ਨਾ ਤਾਂ ਪੰਜਾਬ ਸਰਕਾਰ ਮੰਨਦੀ ਹੈ ਅਤੇ ਨਾ ਹੀ ਪੁਲੀਸ ਜਾਂ ਹੋਰ ਅਫ਼ਸਰ ਮੰਨਦੇ ਹਨ।
ਦਲਿਤ ਆਗੂਆਂ ਨੇ ਕਿਹਾ ਕਿ ਐਸੀ ਕਮਿਸ਼ਨ ਵੱਲੋਂ ਹੁਣ ਤੱਕ ਕੀਤੇ ਹੁਕਮਾਂ ’ਤੇ ਪੁਲੀਸ ਜਾਂ ਸਬੰਧਤ ਵਿਭਾਗਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਇਸ ਮੌਕੇ ਪਿੰਡ ਕੈਲੋਂ ਦੇ ਪੀੜਤ ਪਰਿਵਾਰ ਨੇ ਪੁਲੀਸ ਨੂੰ ਹਫ਼ਤੇ ਦਾ ਅਲਟੀਮੇਟਮ ਦਿੰਦੇ ਹੋਏ ਚਿਤਾਵਨੀ ਦਿੱਤੀ ਕਿ ਜੇ ਸਾਰੇ ਹਮਲਾਵਰਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤਾਂ ਉਹ ਦਲਿਤ ਸੰਗਠਨਾਂ ਦੇ ਬੈਨਰ ਹੇਠ ਐੱਸਐੱਸਪੀ ਦਫ਼ਤਰ ਦਾ ਘਿਰਾਓ ਕਰਨਗੇ।