ਐੱਸਬੀਆਈ ਨਿਹਾਲ ਸਿੰਘ ਵਾਲਾ ਸ਼ਾਖਾ ’ਚ ਕਰਜ਼ਾ ਘੁਟਾਲਾ

ਮਹਿੰਦਰ ਸਿੰਘ ਰੱਤੀਆਂ
ਮੋਗਾ, 20 ਸਤੰਬਰ
ਭਾਰਤੀ ਸਟੇਟ ਬੈਂਕ (ਐੱਸਬੀਆਈ) ਸ਼ਾਖਾ ਨਿਹਾਲ ਸਿੰਘ ਵਾਲਾ ਤੋਂ ਬੈਂਕ ਮੁਲਾਜ਼ਮਾਂ ਦੀ ਕਥਿਤ ਮਿਲੀਭੁਗਤ ਨਾਲ ਮ੍ਰਿਤਕ ਵਿਅਕਤੀ ਦੇ ਨਾਮ ’ਤੇ ਫ਼ਰਜ਼ੀ ਵਿਅਕਤੀ ਵੱਲੋਂ 18 ਲੱਖ ਦਾ ਹਾਊਸ ਲੋਨ ਕਰਵਾ ਕੇ ਬੈਂਕ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਿਟੀ ਪੁਲੀਸ ਨੇ ਜਲੰਧਰ ਡੀਏਸੀ ਸ਼ਾਖਾ ’ਚ ਤਾਇਨਾਤ ਇਸ ਸ਼ਾਖਾ ਦੇ ਤਤਕਾਲੀ ਪ੍ਰਬੰਧਕ ਹੇਮੰਤ ਕੁਮਾਰ ਸ਼ਰਮਾ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ ਅਤੇ ਫ਼ਰਜ਼ੀ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ (ਈਓਵਿੰਗ) ਇੰਚਾਰਜ ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਬੈਂਕ ਦੇ ਮੌਜੂਦਾ ਚੀਫ਼ ਮੈਨੇਜਰ ਕਿਸ਼ੋਰ ਕੁਮਾਰ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਇਸ ਸ਼ਾਖਾ ਤੋਂ 25 ਜਨਵਰੀ 2010 ਨੂੰ ਮੋਗਾ ਦੇ ਰਹਿਣ ਵਾਲੇ ਅਜਮੇਰ ਸਿੰਘ ਤੇ ਉਸ ਦੇ ਭਰਾ ਗੁਰਪ੍ਰੀਤ ਸਿੰਘ ਨੇ 18 ਲੱਖ ਰੁਪਏ ਦਾ ਮਕਾਨ ਬਣਾਉਣ ਲਈ ਕਰਜ਼ਾ ਲਿਆ ਸੀ। ਪੁਲੀਸ ਮੁਤਾਬਕ ਅਜਮੇਰ ਸਿੰਘ ਦੀ 9 ਅਕਤੂਬਰ 2009 ਨੂੰ ਮੌਤ ਹੋ ਚੁੱਕੀ ਹੈ ਅਤੇ ਕਰਜ਼ਾ ਬਾਅਦ ’ਚ ਮਨਜ਼ੂਰ ਹੋਇਆ ਹੈ। ਇੰਨਾ ਹੀ ਨਹੀਂ ਆਧਾਰ ਕਾਰਡ ਤੇ ਪੈਨ ਕਾਰਡ ਵੀ ਜਾਅਲੀ ਹਨ। ਪੁਲੀਸ ਦੀ ਜਾਂਚ ’ਚ ਦੋਵੇਂ ਵਿਅਕਤੀ ਫਰਜ਼ੀ ਨਿਕਲੇ ਹਨ। ਬੈਂਕ ਕਰਜ਼ੇ ’ਚ ਜਿਸ ਜਗ੍ਹਾ ਦੀ ਰਜਿਸਟਰੀ ਦਾ ਵੇਰਵਾ ਦਿੱਤਾ ਗਿਆ ਹੈ ਉਹ ਬੈਂਕ ਰਿਕਾਰਡ ’ਚੋਂ ਗਾਇਬ ਹੈ ਅਤੇ ਮ੍ਰਿਤਕ ਅਜਮੇਰ ਸਿੰਘ ਦੀ ਪਤਨੀ ਸੁਰਜੀਤ ਕੌਰ ਨੇ ਇਹ ਰਜਿਸਟਰੀ ਪੁਲੀਸ ਅੱਗੇ ਪੇਸ਼ ਕਰਕੇ ਦੱਸਿਆ ਕਿ ਉਨ੍ਹਾਂ ਕੋਈ ਕਰਜ਼ਾ ਨਹੀਂ ਲਿਆ। ਇਸ ਕਰਜ਼ੇ ਦੇ ਜ਼ਮਾਨਤੀ ਗੁਰਚਰਨ ਸਿੰਘ ਦੀ ਫੋਟੋ ਲੱਗੀ ਹੈ ਪਰ ਉਸਦੇ ਕਿਸੇ ਦਸਤਾਵੇਜ਼ ’ਤੇ ਦਸਤਖ਼ਤ ਨਹੀਂ ਹਨ। ਜ਼ਮਾਨਤੀ ਗੁਰਚਰਨ ਸਿੰਘ ਨੇ ਪੁਲੀਸ ਨੂੰ ਬਿਆਨ ’ਚ ਕਿਹਾ ਕਿ ਉਨ੍ਹਾਂ ਕਿਸੇ ਵਿਅਕਤੀ ਦੀ ਕੋਈ ਜ਼ਮਾਨਤੀ ਨਹੀਂ ਦਿੱਤੀ ਅਤੇ ਉਸ ਦੀ ਫ਼ੋਟੋ ਕਿਸੇ ਵਿਅਕਤੀ ਨੇ ਚੋਰੀ ਕਰਕੇ ਬੈਂਕ ’ਚ ਦਿੱਤੀ ਹੈ।
ਪੁਲੀਸ ਮੁਤਾਬਕ ਇਹ ਘੁਟਾਲਾ ਬੈਂਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੋਣ ਦੇ ਪ੍ਰਤੱਖ ਸਬੂਤ ਹਨ। ਇਸ ਮਾਮਲੇ ’ਚ ਥਾਣਾ ਸਿਟੀ ਪੁਲੀਸ ਨੇ ਜਲੰਧਰ ਡੀਏਸੀ ਸ਼ਾਖਾ ’ਚ ਤਾਇਨਾਤ ਇਸ ਸ਼ਾਖਾ ਦੇ ਤਤਕਾਲੀ ਪ੍ਰਬੰਧਕ ਹੇਮੰਤ ਕੁਮਾਰ ਸ਼ਰਮਾ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ ਅਤੇ ਫ਼ਰਜੀ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।

Tags :